ਮੋਹਾਲੀ, 24 ਸਤੰਬਰ, 2017 : ਸੀਨੀਅਰ ਪੱਤਰਕਾਰ ਕੇ.ਜੇ ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਜਿਨ੍ਹਾਂ ਦੀ ਕਿ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ ਤੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤਿਆਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੇਹਾਂ ਦਾ ਅੱਜ ਸਰਕਾਰੀ ਸਿਵਲ ਹਸਪਤਾਲ ਮੋਹਾਲੀ ਵਿਖੇ ਪੋਸਟਮਾਟਮ ਕਰਨ ਉਪਰੰਤ ਪੁਰੀਆਂ ਧਾਰਮਿਕ ਰਹੁ ਰੀਤਾਂ ਨਾਲ ਮੋਹਾਲੀ (ਬਲੌਗੀ) ਸਥਿਤ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰਗਨੀ ਕੇ.ਜੇ ਸਿੰਘ ਦੇ ਵੱਡੇ ਭਰਾ ਵਿਜੇ ਪਾਲ ਸਿੰਘ ਨੇ ਦਿਖਾਈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਮ੍ਰਿਤਕ ਦੇਹਾਂ ਤੇ ਰੀਥਾਂ ਰੱਖ ਕੇ ਸਰਧਾਂਜਲੀ ਭੇਟ ਕੀਤੀ । ਉਨ੍ਹਾਂ ਕਿਹਾ ਕਿ ਕਾਤਲ ਜਲਦੀ ਹੀ ਪੁਲਿਸ ਗ੍ਰਿਫਤ ਚ ਹੋਣਗੇ। ਕਾਤਲਾਂ ਨੂੁੰ ਬਖਸ਼ਿਆਂ ਨਹੀਂ ਜਾਵੇਗਾ। ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਇਸ ਦੋਹਰੇ ਹੱਤਿਆ ਕਾਂਡ ਲਈ ਵਿਸ਼ੇਸ ਟੀਮ ਦਾ ਗਠਨ ਕਰ ਚੁੱਕੇ ਹਨ ਤਾਂ ਜੋ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਦੀ ਜਿਤਨੀ ਨਖੇਪੀ ਕੀਤੀ ਜਾਵੇ ਘੱਟ ਹੈ। ਉਨ੍ਹਾਂ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਅਤੇ ਸਮਾਜ ਨੂੰ ਨਾ ਪੁਰਿਆ ਜਾਣ ਵਾਲਾ ਘਾਟਾ ਦੱਸਿਆ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਅੰਤਿਮ ਸੰਸਕਾਰ ਵੇਲੇ ਸਾਬਕਾ ਰੈਜੀਡੈਂਟ ਐਡੀਟਰ ਇੰਡੀਅਨ ਐਕਸਪ੍ਰੈਸ ਸ੍ਰੀ ਵਿਪਨ ਪੱਬੀ, ਡੇਲੀ ਪੋਸਟ ਦੇ ਸਾਬਕਾ ਐਡੀਟਰ ਸਰਬਜੀਤ ਪੰਧੇਰ, ਬਾਬੂ ਸਾਹੀ ਡੋਟ ਕਾਮ ਦੇ ਐਡੀਟਰ ਸ੍ਰੀ ਬਲਜੀਤ ਬੱਲੀ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਦੇ ਪੱਤਰਕਾਰ ਵੀ ਵੱਡੀ ਗਿਣਤੀ ਵਿੱਚ ਸਾਮਲ ਹੋਏ। ਇਸ ਤੋਂ ਇਲਾਵਾ ਕੌਂਸਲਰ ਕੁਲਜੀਤ ਸਿੰਘ ਬੇਦੀ , ਹੋਰ ਸ਼ਹਿਰੀ ਪਤਵੰਤੇ , ਕੇ.ਜੇ.ਸਿੰਘ ਦੇ ਪਰਿਵਾਰਕ ਮੈਂਬਰ ਅਤੇ ਰਿਸਤੇਦਾਰ ਵੀ ਸਾਮਲ ਹੋਏ।