ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ (ਭਾਗ ਦੂਜਾ) ਕਿਤਾਬ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ ਜਾਰੀ
- ਸ਼ਹੀਦਾਂ ਦੇ ਪਰਿਵਾਰਾਂ ਅਤੇ ਪੰਥਕ ਆਗੂਆਂ ਵੱਲੋਂ ਲੇਖਕ ਰਣਜੀਤ ਸਿੰਘ ਦਾ ਸਨਮਾਨ
ਅੰਮ੍ਰਿਤਸਰ, 6 ਜੂਨ 2021 - ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਮੌਜੂਦਾ ਸਿੱਖ ਸੰਘਰਸ਼ ਸਬੰਧੀ ਲਿਖੀ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ (ਭਾਗ ਦੂਜਾ) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ, ਖ਼ਾਲਿਸਤਾਨੀ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਅਤੇ ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਵੱਲੋਂ ਜੂਨ 1984 ਦੇ ਤੀਜੇ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਉੱਤੇ ਖ਼ਾਲਸਈ ਜੈਕਾਰਿਆਂ ਦੀ ਗੂੰਜ 'ਚ ਰਿਲੀਜ਼ ਕੀਤੀ ਗਈ।
ਇਸ ਮੌਕੇ ਬੀਬਾ ਸਤਵੰਤ ਕੌਰ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਸਰਬਜੀਤ ਸਿੰਘ ਘੁਮਾਣ ਵੱਲੋਂ ਸ਼ਹੀਦਾਂ ਦੀਆਂ ਜੀਵਨੀਆਂ ਵਾਲ਼ੀਆਂ ਦੋ ਕਿਤਾਬਾਂ ਕੌਮ ਦੀ ਝੋਲ਼ੀ 'ਚ ਪਾਉਣ ਦੀਆਂ ਸੇਵਾਵਾਂ ਪ੍ਰਤੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਸਿਰੋਪਿਆਂ ਤੇ ਦੁਸ਼ਾਲਿਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਲੇਖਕ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਕਿਤਾਬ ਵਿੱਚ ਉਹਨਾਂ ਸਿੰਘਾਂ-ਸੂਰਮਿਆਂ ਦੀ ਤਵਾਰੀਖ਼ ਹੈ, ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਨੂੰ ਸਕਾਰਥਾ ਕਰਨ ਲਈ ਮੈਦਾਨ ਮੱਲਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।
ਉਹਨਾਂ ਕਿਹਾ ਕਿ ਇਹ ਕਿਤਾਬ ਉਹਨਾਂ ਜੁਝਾਰੂ ਤੇ ਸਿਦਕੀ ਸਿੱਖਾਂ ਬਾਰੇ ਹੈ ਜਿਹੜੇ ਜੂਨ 1984 ਤੇ ਨਵੰਬਰ 1984 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ਵਿੱਚ ਕੁੱਦੇ ਸਨ। ਉਸ ਦੌਰ ਨੂੰ ਸਿੱਖ ਇਤਿਹਾਸ ਦਾ ਸੁਨਹਿਰੀ ਦੌਰ ਕਿਹਾ ਜਾਂਦਾ ਹੈ। ਹਕੂਮਤ ਨੇ ਉਸ ਦੌਰ ਨੂੰ ਕਾਲ਼ਾ ਦੌਰ ਗਰਦਾਨਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਪੰਜਾਬ ਦੀ ਧਰਤੀ ਨੇ ਫ਼ੈਸਲਾ ਦੇ ਦਿੱਤਾ ਹੈ ਕਿ ਹੱਕ-ਸੱਚ ਅਤੇ ਧਰਮ ਦੀ ਰਾਖੀ ਲਈ ਸਿਰਾਂ ਤੇ ਕੱਫ਼ਨ ਬੰਨ੍ਹ ਕੇ ਨਿੱਤਰੇ ਉਹ ਸੂਰਮੇ ਖ਼ਾਲਸਾ ਪੰਥ ਦਾ ਮਾਣ ਹਨ। ਉਹਨਾਂ ਕਿਹਾ ਕਿ ਖ਼ਾਲਿਸਤਾਨ ਦੀ ਸਿਰਜਣਾ ਲਈ ਜਿਨ੍ਹਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਘਾਲਣਾਵਾਂ ਘਾਲੀਆਂ ਤੇ ਸ਼ਹਾਦਤਾਂ ਪਾਈਆਂ ਉਹਨਾਂ ਵਿੱਚੋਂ ਕਈਆਂ ਦੀ ਬੜੀ ਚਰਚਾ ਹੋਈ, ਪਰ ਬਹੁਤ ਸਾਰੇ ਅਣਗੌਲ਼ੇ ਹੀ ਰਹਿ ਗਏ। ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਇਸ ਦੂਜੇ ਭਾਗ ਵਿੱਚ ਇਹੋ ਜਿਹੇ ਸੈਂਕੜੇ ਸ਼ਹੀਦਾਂ ਦੀ ਦਾਸਤਾਨ ਬਿਆਨੀ ਗਈ ਹੈ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਪੜ੍ਹਿਆ-ਸੁਣਿਆ ਨਹੀਂ ਹੋਵੇਗਾ।
ਉਹਨਾਂ ਦੱਸਿਆ ਕਿ 512 ਪੰਨਿਆਂ ਦੀ ਇਸ ਕਿਤਾਬ ਵਿੱਚ ਅਨੇਕਾਂ ਜੁਝਾਰੂ ਸਿੰਘਾਂ ਦੀਆਂ ਜੀਵਨੀਆਂ, ਸੰਘਰਸ਼ ਨਾਲ ਸੰਬੰਧਤ ਘਟਨਾਵਾਂ ਤੇ ਅਹਿਮ ਦਸਤਾਵੇਜ਼ ਹਨ ਤੇ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਬਾਰੇ ਪਾਏ ਭੁਲੇਖਿਆਂ ਦਾ ਤੱਥਾਂ ਦਲੀਲਾਂ ਸਹਿਤ ਜਵਾਬ ਦਿੱਤਾ ਗਿਆ ਹੈ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਖ਼ਾਲਸਾ ਫ਼ਤਹਿਨਾਮਾ ਦੇ ਮੁੱਖ ਸੰਪਾਦਕ ਸ. ਰਣਜੀਤ ਸਿੰਘ, ਵਕੀਲ ਜਸਪਾਲ ਸਿੰਘ ਮੰਝਪੁਰ, ਭਾਈ ਭੁਪਿੰਦਰ ਸਿੰਘ ਛੇ ਜੂਨ, ਸ਼ਹੀਦ ਭਾਈ ਦਾਰਾ ਸਿੰਘ ਡਰਾਇਵਰ ਦੀ ਸਿੰਘਣੀ ਬੀਬੀ ਅਮਰਜੀਤ ਕੌਰ, ਸ਼ਹੀਦ ਬਾਬਾ ਕੁੰਦਨ ਸਿੰਘ ਨਿਹੰਗ ਦੇ ਸਪੁੱਤਰ ਭਾਈ ਮਨਜੀਤ ਸਿੰਘ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਬੀਬੀ ਸੁਰਜੀਤ ਕੌਰ, ਸ਼ਹੀਦ ਭਾਈ ਭੁਪਿੰਦਰ ਸਿੰਘ ਪੱਪੀ ਦੇ ਭਰਾ ਬੌਬੀ ਸਿੰਘ, ਭਾਈ ਨਿਸ਼ਾਨ ਸਿੰਘ ਮੂਸੇ, ਭਾਈ ਜਰਨੈਲ ਸਿੰਘ ਬਾਬਾ ਬਕਾਲਾ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਜਸਵਿੰਦਰ ਸਿੰਘ ਬਹੋੜੂ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਮਨਜੀਤ ਸਿੰਘ ਡੱਲਾ, ਭਾਈ ਜਸ਼ਨਦੀਪ ਸਿੰਘ, ਭਾਈ ਸਤਵਿੰਦਰ ਸਿੰਘ ਨਿਹੰਗ, ਭਾਈ ਭੁਪਿੰਦਰ ਸਿੰਘ ਭੂਰਾ ਕੋਹਨਾ, ਭਾਈ ਮਲਕੀਤ ਸਿੰਘ ਸਮੇਤ ਅਨੇਕਾਂ ਜਥੇਬੰਦੀਆਂ ਦੇ ਆਗੂ, ਵਰਕਰ ਅਤੇ ਸੰਗਤਾਂ ਹਾਜ਼ਰ ਸਨ।