ਕਾਦੀਆਂ 'ਚ ਸਾਕਾ ਨੀਲਾ ਤਾਰਾ ਦੇ 37ਵੀਂ ਵਰ੍ਹੇਗੰਡ ਮੌਕੇ ਵਿਸ਼ਾਲ ਰੈਲੀ
ਚੌਧਰੀ ਮਨਸੂਰ ਘਨੋਕੇ
ਕਾਦੀਆਂ 6 ਜੂਨ 2021 - ਅੱਜ ਕਾਦੀਆਂ ਚ ਸਥਾਨਕ ਸਬਜ਼ੀ ਮੰਡੀ ਵਿੱਚ ਸਾਕਾ ਨੀਲਾ ਤਾਰਾ ਦੀ 37ਵੀਂ ਵਰ੍ਹੇਗੰਡ ਦੇ ਮੌਕੇ ਤੇ ਇੱਕ ਵਿਸ਼ਾਲ ਰੈਲੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਚ ਕਿਸਾਨ, ਔਰਤਾਂ ਅਤੇ ਬੱਚੇ ਇਸ ਰੈਲੀ ਚ ਸ਼ਾਮਿਲ ਹੋਏ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਸਾਂਝੇ ਸੱਦੇ ਤੇ ਬਲਾਕ ਸ਼੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੀ ਜਨਤਾ ਇਸ ਰੈਲੀ ਚ ਸ਼ਾਮਿਲ ਹੋਣ ਲਈ ਵੱਡੀ ਤਾਦਾਦ ਚ ਪਹੁੰਚੀਆਂ।
ਇਸ ਮੌਕੇ ਤੇ ਸ਼ਹਿਰ ਚ ਰੋਸ ਪ੍ਰਦਰਸ਼ਨ ਵੀ ਕੱਢਿਆ ਗਿਆ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਰਾਜ ਕਦੀ ਵੀ ਧਰਮ ਨਿਰਪੱਖ ਨਹੀਂ ਰਿਹਾ। ਆਪਣੀ ਵੋਟਾਂ ਦੀ ਰਾਜਨੀਤੀ ਦੇ ਤਹਿਤ ਇਸ ਨੇ ਹਮੇਸ਼ਾ ਧਾਰਮਿਕ ਘੱਟ ਗਿਣਤੀਆਂ, ਸਿੱਖਾਂ, ਈਸਾਈਆਂ, ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਦਬਾਇਆ। ਅਤੇ ਉਨ੍ਹਾਂ ਉੱਤੇ ਲਗਾਤਾਰ ਹਮਲੇ ਕੀਤੇ। ਸਾਕਾ ਨੀਲਾ ਤਾਰਾ ਵੇਲੇ ਸਰਕਾਰ ਵੱਲੋਂ ਜਾਣਬੁੱਝ ਕੇ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਲ ਸ਼੍ਰੀ ਹਰਮਿੰਦਰ ਸਾਹਿਬ ਨੂੰ ਨਾ ਸਿਰਫ਼ ਤੋਪਾਂ, ਗੋਲਿਆਂ ਨਾਲ ਉਡਾਇਆ ਸਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਆਇਆਂ ਸੰਗਤਾਂ ਦਾ ਵੀ ਕਤਲੇਆਮ ਕੀਤਾ।
ਇਸ ਮੌਕੇ ਤੇ ਮੰਗ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਸ਼੍ਰੀ ਹਰਮਿੰਦਰ ਸਾਹਿਬ ਤੇ ਕੀਤੇ ਗਏ ਹਮਲੇ ਦੇ ਲਈ ਮਾਫ਼ੀ ਮੰਗੇ। ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਸਰਕਾਰ ਮੁਸਲਮਾਨਾਂ ਤੇ ਜ਼ੁਲਮ ਕਰ ਰਹੀ ਹੈ। ਅਤੇ ਮਸਜਿਦਾਂ ਨੂੰ ਲਗਾਤਾਰ ਢਾਹਿਆ ਜਾ ਰਿਹਾ ਹੈ। ਭਾਜਪਾ ਸਰਕਾਰ ਦੇਸ਼ ਨੂੰ ਸਾਰੇ ਧਰਮਾਂ ਦਾ ਸਾਂਝਾ ਦੇਸ਼ ਰਹਿਣ ਦੇਵੇ ਨਾ ਕਿ ਕਿਸੇ ਖ਼ਾਸ ਧਰਮ ਦਾ ਦੇਸ਼ ਹੋਵੇ। ਇਸ ਰੋਸ ਪ੍ਰਦਰਸ਼ਨ ਮੌਕੇ ਗੁਰਮੇਜ ਸਿੰਘ ਚੀਮਾ ਖੁੱਡੀ, ਸੂਬੇਦਾਰ ਬਲਦੇਵ ਸਿੰਘ ਕਾਹਲਵਾਂ, ਤਰਲੋਚਨ ਸਿੰਘ, ਗੁਰਦਿਆਲ ਸਿੰਘ, ਕੈਪਟਨ ਅਜੀਤ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ, ਜਰਨੈਲ ਸਿੰਘ ਭਰਥ, ਪਿਆਰਾ ਸਿੰਘ ਵਿਠਵਾਂ, ਰਾਜਵਿੰਦਰ ਸਿੰਘ, ਕੁਲਦੀਪ ਸਿੰਘ ਅਤੇ ਡਾਕਟਰ ਅਸ਼ੋਕ ਭਾਰਤੀ ਸਮੇਤ ਵੱਡੀ ਗਿਣਤੀ ਚ ਆਗੂ ਮੌਜੂਦ ਸਨ।