ਬਲਕਾਰ ਸਿੱਧੂ ਰਾਮਪੁਰਾ ਹਲਕੇ ‘ਚ ਵੰਡਣ ਲੱਗਾ ‘ਸਿਆਸੀ ਖੰਡ ਮਿਸ਼ਰੀ’
ਅਸ਼ੋਕ ਵਰਮਾ
ਬਠਿੰਡਾ , 18ਜੂਨ 2021: ਮਾਲਵਾ ਪੱਟੀ ‘ਚ ਗਾਇਕੀ ਨੂੰ ਅੰਬਰਾਂ ਤੱਕ ਲਿਜਾਣ ਵਾਲੇ ਪੰਜਾਬ ਦੇ ਉੱਘੇ ਗਾਇਕ ਬਲਕਾਰ ਸਿੱਧੂ ਨੇ ਹੁਣ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ‘ਸਿਆਸੀ ਖੰਡ ਮਿਸ਼ਰੀ’ ਵੰਡਣੀ ਸ਼ੁਰੂ ਕਰ ਦਿੱਤੀ ਹੈ। ਸਿਆਸੀ ਤੌਰ ਤੇ ‘ਬੇਰੌਣਕੀ’ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਸ ਵਕਤ ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਰਗੇ ਸਿਆਸੀ ਧੁਨੰਤਰਾਂ ਦੀ ਚੁਣੌਤੀ ਦਰਪੇਸ਼ ਹੈ । ਬਲਕਾਰ ਸਿੱਧੂ ਵੱਲੋਂ ਇਸ ਹਾਈਪ੍ਰੋਫਾਈਲ ਹਲਕੇ ’ਚ ਪੈਰ ਧਰਨ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਦਸਤਕ ਵਜੋਂ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨੀ ਆਮ ਆਦਮੀ ਪਾਰਟੀ ’ਚ ਘਰ ਵਾਪਸੀ ਕਰਨ ਵਾਲਾ ਗਾਇਕ ਬਲਕਾਰ ਸਿੱਧੂ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਸਿੱਧੂ ਨੇ ਪਿਛਲੇ ਹਫਤੇ ਦੌਰਾਨ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਆਪ ਵਰਕਰਾਂ ਨੇ ਉਸ ਦੀ ਫੇਰੀ ਨੂੰ ਭਰਵਾਂ ਹੁੰਗਾਰਾ ਭਰਿਆ ਹੈ।
ਬਲਕਾਰ ਸਿੱਧੂ ਦੇ ਆਪ ‘ਚ ਪਰਤਣ ਤੋਂ ਬਾਅਦ ਰਾਮਪੁਰਾ ਹਲਕੇ ਦੇ ਗੇੜਿਆਂ ਦੀ ਸਿਆਸੀ ਅਤੇ ਨੌਜਵਾਨ ਸਫਾਂ ‘ਚ ਚਰਚਾ ਹੈ ਜਿਸ ਨੇ ਕਈ ਲੀਡਰਾਂ ਨੂੰ ਧੁੜਕੂ ਲਾ ਦਿੱਤਾ ਹੈ। ਦੋ ਸਿਆਸੀ ਧੁਨੰਤਰਾਂ ਦੇ ਮੁਕਾਬਲੇ ’ਚ ਬਲਕਾਰ ਸਿੱਧੂ ਕੀ ਰੰਗ ਬੰਨ੍ਹਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਰਾਮਪੁਰਾ ਹਲਕੇ ‘ਚ ਨਵੇਂ ਸਮੀਕਰਨਾਂ ਦਾ ਮੁੱਢ ਜਰੂਰ ਬੱਝ ਗਿਆ ਹੈ।ਉਨ੍ਹਾਂ ਦੱਸਿਆ ਕਿ ਬਲਕਾਰ ਸਿੱਧੂ ਦੇ ਮੁੜ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਚੁੱਪ ਬੈਠੇ ਕਈ ਆਪ ਆਗੂਆਂ ਦੇ ਮੁੜ ਸਰਗਰਮ ਹੋਣ ਲਈ ਵੀ ਰਾਹ ਖੁੱਲਿ੍ਹਆ ਹੈ। ਇੰਨ੍ਹਾਂ ਆਗੂਆਂ ਨਾਲ ਇਸ ਲੋਕ ਗਾਇਕ ਨੇ ਪਿਛਲੇ ਦਿਨਾਂ ਦੌਰਾਨ ਗੁਪਤ ਮੁਲਾਕਾਤਾਂ ਵੀ ਕੀਤੀਆਂ ਹਨ। ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਇਸ ਪੱਤਰਕਾਰ ਕੋਲ ‘ਆਫ ਦਾ ਰਿਕਾਰਡ’ ਮੰਨਿਆ ਹੈ ਕਿ ਬਲਕਾਰ ਸਿੱਧੂ ਨੂੰ ਜਿਮਨੀ ਚੋਣ ‘ਚ ਲਾਂਭੇ ਕਰਨਾ ਅਸਲ ’ਚ ਗਲ੍ਹਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਨੂੰ ਸੁਧਾਰਨਾ ਦੋਵਾਂ ਧਿਰਾਂ ਲਈ ‘ਦੇਰ ਆਇਦ ਦਰੁਸਤ ਆਇਦ’ ਹੀ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ‘ਚ ਅਜੇ ਕਾਫੀ ਵਕਤ ਪਿਆ ਹੈ ਫਿਰ ਵੀ ਬਲਕਾਰ ਸਿੱਧੂ ਦੀ ਤਰਜੀਹ ਰਾਮਪੁਰਾ ਹਲਕਾ ਹੀ ਹੋ ਸਕਦਾ ਹੈ ਕਿਉਂਕਿ ਇਸ ਖਿੱਤੇ ’ਚ ਉਸ ਦੀ ਜਾਣ ਪਛਾਣ ,ਰਿਸ਼ਤੇਦਾਰੀਆਂ ਖਾਸ ਤੌਰ ਤੇ ਨੌਜਵਾਨ ਜੋ ਉਸ ਦੇ ‘ਫਾਲੋਅਰਜ਼’ ਹਨ । ਗੌਰਤਲਬ ਹੈ ਕਿ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਬਾਅਦ ਤਲਵੰਡੀ ਹਲਕੇ ‘ਚ ਕਰਵਾਈ ਉੱਪ ਚੋਣ ਦੌਰਾਨ ਪਹਿਲਾਂ ਗਾਇਕ ਬਲਕਾਰ ਸਿੱਧੂ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਪਰ ਐਨ ਮੌਕੇ ਤੇ ਪਾਰਟੀ ਨੇ ਉਸ ਦੀ ਟਿਕਟ ਕੱਟ ਦਿੱਤੀ ਸੀ।
ਅਜ਼ਾਦ ਉਮੀਦਵਾਰ ਵਜੋਂ ਲੜੀ ਚੋਣ ਦੌਰਾਨ ਬਲਕਾਰ ਸਿੱਧੂ ਨੂੰ ਸਿਰਫ 6305 ਵੋਟਾਂ ਪਈਆਂ ਸਨ ਪਰ ਆਪਣੇ ਚੋਣ ਪ੍ਰਚਾਰ ਦੌਰਾਨ ਹਲਕੇ ਦੇ ਨੌਜਵਾਨ ਵੋਟਰਾਂ ਨੇ ਜਬਰਦਸਤ ਹਾਜਰੀ ਲਵਾਈ ਸੀ। ਅੱਜ ਵੀ ਤਲਵੰਡੀ ਸਾਬੋ ਹਲਕੇ ਨਾਲ ਸਬੰਧਤ ਬਲਕਾਰ ਸਿੱਧੂ ਦੇ ਇੱਕ ਹਮਾਇਤੀ ਨੇ ਦਾਅਵਾ ਕੀਤਾ ਕਿ ਜਿੱਤ ਜਾਂ ਹਾਰ ਅਲਿਹਦਾ ਗੱਲ ਹੈ ,ਜੇਕਰ ਉਸ ਵੇਲੇ ਟਿਕਟ ਨਾ ਕੱਟੀ ਜਾਂਦੀ ਤਾਂ ਵੋਟਾਂ ਦਾ ਅੰਕੜਾ ਵੱਡਾ ਹੋਣਾ ਸੀ। ਉਨ੍ਹਾਂ ਆਖਿਆ ਕਿ ਗਾਇਕੀ ਦੀਆਂ ਸਟੇਜਾਂ ਤੋਂ ਬਾਅਦ ਸਿਆਸਤ ਦੀ ਸਟੇਜ ਤੇ ਬਲਕਾਰ ਸਿੱਧੂ ਦਾ ‘ਸਿਆਸੀ ਧਮਾਲ’ ਪਾਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਨੌਜਵਾਨ ਵੋਟਰਾਂ ’ਚ ਅੱਜ ਵੀ ਉਸ ਦਾ ਕਰੇਜ਼ ਪੂਰੀ ਤਰਾਂ ਬਰਕਰਾਰ ਹੈ।
ਸੁਰੀਲੇ ਗਾਇਕ ਵਜੋਂ ਚਰਚਿਤ ਬਲਕਾਰ
ਬਲਕਾਰ ਸਿੱਧੂ ਨੂੰ ਮਾਲਵੇ ‘ਚ ਅਸ਼ਲੀਲਤਾ ਤੋਂ ਦੂਰ ਰਹਿਣ ਵਾਲੇ ਸੁਰੀਲੇ ਗਾਇਕ ਵਜੋਂ ਜਾਣਿਆਂ ਜਾਂਦਾ ਹੈ। ਇਸ ਵਕਤ ਉਸਦੀਆਂ ਦੋ ਦਰਜਨ ਤੋਂ ਵੱਧ ਕੈਸਿਟਾਂ ਵਗੈਰਾ ਮਾਰਕੀਟ ‘ਚ ਚੱਲ ਰਹੀਆਂ ਹਨ। ਬਲਕਾਰ ਸਿੱਧੂ ਨੇ ਆਪਣਾ ਪਹਿਲਾ ਗੀਤ ਮਰਹੂਮ ਸਿਰਮੌਰ ਢਾਡੀ ‘ਗੁਰਬਖਸ਼ ਸਿੰਘ ਅਲਬੇਲਾ’ ਦੇ ਆਸ਼ੀਰਵਾਦ ਤੇ ਸਿੱਖਿਆ ਤੋਂ ਬਾਅਦ ‘ਮੰਦੜੇ ਬੋਲ ਨਾਂ ਬੋਲ’ ਨਾਮ ਦੀ ਕੈਸਿਟ ‘ਚ ਉਸ ਵੇਲੇ ਗਾਇਆ ਸੀ ਜਦੋਂ ਉਹ ਹਾਲੇ ਵਿਦਿਆਰਥੀ ਅਤੇ ਗਾਇਕੀ ਦਾ ਸਿਖਾਂਦਰੂ ਹੀ ਸੀ। ਬਲਕਾਰ ਸਿੱਧੂ ਦਾ ਗੀਤ ‘ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ’ ਵੱਜਣ ਤੋਂ ਬਗੈਰ ਅੱਜ ਵੀ ਵਿਆਹ ਸ਼ਾਦੀਆਂ ਅਧੂਰੀਆਂ ਸਮਝੀਆਂ ਜਾਂਦੀਆਂ ਹਨ। ਬਲਕਾਰ ਸਿੱਧੂ ਨੇ ਇੱਕ ਫਿਲਮ ‘ਚ ਵੀ ਬਤੌਰ ਵੀ ਹੀਰੋ ਕੰਮ ਕੀਤਾ ਹੈ।
ਦੋਵਾਂ ਮੰਤਰੀਆਂ ਨੂੰ ਹਰਾਉਣਾ ਮੰਤਵ
‘ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਬਲਕਾਰ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਕਿਸ ਹਲਕੇ ਤੋਂ ਚੋਣ ਲੜਨੀ ਹੈ ਜਾਂ ਨਹੀਂ ਇਸ ਦਾ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ।ਉਨ੍ਹਾਂ ਆਖਿਆ ਕਿ ਚੋਣ ਕੋਈ ਵੀ ਲੜੇ ਇਹ ਮਹੱਤਵਪੂਰਨ ਨਹੀਂ ਬਲਕਿ ਅਹਿਮ ਗੱਲ ਹੈ ਕਿ ਉਨ੍ਹਾਂ ਨੇ ਦੋਵਾਂ ਮੰਤਰੀਆਂ ਨੂੰ ਹਰਾਉਣ ਦਾ ਟੀਚਾ ਮਿਥਿਆ ਹੈ। ਉਨ੍ਹਾਂ ਆਖਿਆ ਕਿ ਇਸ ਯੋਜਨਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹ ਪਾਰਟੀ ਦੀ ਮਜਬੂਤੀ ਲਈ ਦ੍ਰਿੜ੍ਹਤਾ ਨਾਲ ਕੰਮ ਕਰਨਗੇ ਅਤੇ ਘਰਾਂ ’ਚ ਬੈਠੇ ਵਰਕਰਾਂ ਨੂੰ ਸਰਗਰਮ ਕੀਤਾ ਜਾਏਗਾ। ਉਨ੍ਹਾਂ ਆਖਿਆ ਕਿ ਪੰਜਾਬ ‘ਚ ਰਾਜ ਕਰ ਰਹੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਹਰ ਫਰੰਟ ਤੇ ਬਹੁਤ ਪਿਛੇ ਧੱਕ ਦਿੱਤਾ ਹੈ ਇਸ ਲਈ ਹੁਣ ਬਦਲਾਅ ਲਿਆਉਣ ਦੀ ਜਰੂਰਤ ਹੈ।