ਟਿਕਟਾਂ ਦੇ ਐਲਾਨ ’ਚ ਅਕਾਲੀ ਦਲ ਨੇ ਅਪਣਾਈ ਰਣਨੀਤੀ ਨਾ ਆਪਣੀਆਂ ਪ੍ਰਮੁੱਖ ਟਿਕਟਾਂ ਐਲਾਨੀਆਂ, ਨਾ ਵਿਰੋਧੀ ਧਿਰਾਂ ਦੀਆਂ ਵੱਡੀਆਂ ਸੀਟਾਂ ’ਤੇ ਉਮੀਦਵਾਰ- ਸੁਖਬੀਰ ਬਾਦਲ ਦੀ ਲਿਸਟ ਤੇ ਤਿਰਛੀ ਨਜ਼ਰ
ਬਲਜੀਤ ਬੱਲੀ
ਚੰਡੀਗੜ੍ਹ, 13 ਸਤੰਬਰ, 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ 64 ਉਮੀਦਵਾਰਾਂ ਦਾ ਐਲਾਨ ਕਰ ਕੇ ਜੋ ਪਹਿਲ ਕੀਤੀ ਗਈ ਹੈ ਇਸ ਨੇ ਪੰਜਾਬ ਦੀ ਸਿਆਸੀ ਹਲਚਲ ਵਾਧਾ ਹੀ ਦੇਣੀ ਹੈ .ਅਕਾਲੀ -ਬਸਪਾ ਗੱਠਜੋੜ ਨੂੰ ਸੁਖਬੀਰ ਬਾਦਲ ਦੀ ਇਸ ਕਾਹਲੀ ਦਾ ਲਾਹਾ ਕਿੰਨਾ ਕੁ ਹੋਵੇਗਾ ਜਾਂ ਨੁਕਸਾਨ ਇਸ ਦਾ ਨਿਤਾਰਾ ਤਾਂ ਸਮਾਂ ਹੀ ਕਰੇਗਾ .32 ਕਿਸਾਨ ਜਥੇਬੰਦੀਆਂ ਨਾਲ ਸਿਆਸੀ ਚੋਣ ਸਰਗਰਮੀ ਬਾਰੇ ਸ਼ੁਰੂ ਹੋਏ ਤਕਰਾਰ ਅਤੇ ਵਿਵਾਦ ਦੇ ਮਾਹੌਲ 'ਚ ਅਕਾਲੀ ਉਮੀਦਵਾਰ ਕਿਹੋ ਜਿਹੀ ਤੇ ਕਿੰਨੀ ਜਨਤਕ ਸਰਗਰਮੀ ਕਰ ਸਕਣਗੇ , ਇਹ ਵੀ ਅਜੇ ਦੇਖਣਾ ਹੈ ਪਰ ਇਸ ਐਲਾਨ ਨੇ ਸਿਆਸੀ ਹਲਚਲ ਲਾਜ਼ਮੀ ਵਾਧਾ ਦੇਣੀ ਹੈ ਅਤੇ ਅਕਾਲੀ ਦਲ ਨੂੰ ਇੱਕ ਵਾਰ ਸੂਬੇ ਦੀ ਰਾਜਨੀਤੀ ਦੇ ਸੈਂਟਰ ਸਟੇਜ ਤੇ ਲਿਆ ਦੇਣਾ ਹੈ ਬਾਕੀ ਪਾਰਟੀਆਂ ਤੇ ਛੇਤੀ ਉਮੀਦਵਾਰਾਂ ਦਾ ਨਿਰਨਾ ਕਰਨ ਲਈ ਦਬਾਅ ਵਧੇਗਾ . ਇਹ ਜ਼ਿਕਰ ਕਰਨਾ ਜ਼ਰੂਰੀ ਹੈ ਇਸ ਲਿਸਟ ਵਿਚ ਪਹਿਲਾਂ ਐਲਾਨੇ ਗਏ ਉਮੀਦਵਾਰ ਵੀ ਸ਼ਾਮਲ ਹਨ .
ਸੁਖਬੀਰ ਬਾਦਲ ਨੇ ਸੋਚੀ ਸਮਝੀ ਰਣਨੀਤੀ ਤਹਿਤ ਨਾ ਸਿਰਫ਼ ਬਾਦਲ ਤੇ ਮਜੀਠੀਆ ਪਰਿਵਾਰ ਸਮੇਤ ਪ੍ਰਮੁੱਖ ਸੀਟਾਂ ਦੇ ਐਲਾਨ ਰੋਕੇ ਗਏ ਬਲਕਿ ਪ੍ਰਮੁੱਖ ਵਿਰੋਧੀ ਧਿਰਾਂ ਯਾਨੀ ਕਾਂਗਰਸ, ਆਪ ਤੇ ਅਕਾਲੀ ਦਲ ਸੰਯੁਕਤ ਦੇ ਵੱਡੇ ਆਗੂਆਂ ਦੀਆਂ ਸੀਟਾਂ ’ਤੇ ਵੀ ਉਮੀਦਵਾਰ ਨਹੀਂ ਐਲਾਨ ਗਏ।ਸ਼ਾਇਦ ਸ਼ਤਰੰਜ ਦੀ ਬਾਜ਼ੀ ਵਾਂਗ ਸੁਖਬੀਰ ਬਾਦਲ ਨੇ ਆਪਣੇ ਬਾਦਸ਼ਾਹ , ਵਜ਼ੀਰ ਤੇ ਘੋੜੇ ਅਜੇ ਸੰਭਾਲ ਕੇ ਰੱਖੇ ਨੇ ਉੱਥੇ ਸਿਆਸੀ ਦੁਸ਼ਮਣਾਂ ਦੇ ਰਾਜੇ -ਰਾਣੀਆਂ ਤੇ ਵਜ਼ੀਰਾਂ-ਘੋੜਿਆਂ ਦੇ ਮੁਕਾਬਲੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ .
ਅੱਜ ਜੋ ਸੂਚੀ ਅਕਾਲੀ ਦਲ ਨੇ ਜਾਰੀ ਕੀਤੀ ਹੈ, ਉਸ ਵਿਚ ਨਾ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ’ਤੇ ਉਮੀਦਵਾਰ ਐਲਾਨਿਆ ਗਿਆ ਤੇ ਨਾ ਹੀ ਮਜੀਠਾ ਹਲਕੇ ਤੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਮੀਦਵਾਰ ਐਲਾਨਿਆ ਗਿਆ।
ਪਾਰਟੀ ਦੇ ਦੋ ਪ੍ਰਮੁੱਖ ਚਿਹਰਿਆਂ ਤੋਂ ਇਲਾਵਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਪਟਿਆਲੇ ਸ਼ਹਿਰੀ ਹਲਕੇ ,ਨਵਜੋਤ ਸਿੱਧੂ ਵਾਲੇ ਅੰਮ੍ਰਿਤਸਰ( ਪੂਰਬੀ ) ,ਸੁਨੀਲ ਜਾਖੜ ਦੇ ਹਲਕੇ ਅਬੋਹਰ , ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਤੋਂ ਇਲਾਵਾ ਬੀਬੀ ਭੱਠਲ ਤੇ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਢੀਂਡਸਾ ਦੇ ਖ਼ਿਲਾਫ਼ ਵੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ , ਭਗਵੰਤ ਮਾਨ ਦੇ ਸੰਭਾਵੀ ਹਲਕੇ ਸੁਨਾਮ , ਲਹਿਰਾ ਗਾਗਾ ਤੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ . ਸੰਗਰੂਰ ਜ਼ਿਲ੍ਹੇ ਤੋਂ ਸਿਰਫ਼ ਇੱਕ ਹੀ ਉਮੀਦਵਾਰ ਅਮਰਗੜ੍ਹ
ਤੋਂ ਐਲਾਨ ਕੀਤਾ ਗਿਆ ਹੈ . ਮਲੇਰਕੋਟਲਾ ਤੋਂ ਕੈਬਨਿਟ ਵਜ਼ੀਰ ਰਜ਼ੀਆ ਸੁਲਤਾਨਾ ਤੇ ਸੁੱਖ ਸਰਕਾਰੀਆ ਦੇ ਮੁਕਾਬਲੇ ਵੀ ਅਜੇ ਚੁੱਪ ਧਾਰੀ ਗਈ ਹੈ .
ਕਾਂਗਰਸ ਦੀਆਂ ਦੇ ਵਜ਼ੀਰਾਂ ਅਤੇ ਵੱਡੇ ਨੇਤਾਵਾਂ ਦੇ ਗੁਰਦਾਸਪੁਰ ਜ਼ਿਲ੍ਹੇ ਚੋਂ ਵੀ ਸਿਰਫ਼ ਇੱਕ ਹੀ ਸੀਟ ਦਾ ਐਲਾਨ ਕੀਤਾ ਗਿਆ ਹੈ . ਕਪੂਰਥਲਾ ਜ਼ਿਲ੍ਹੇ ਚੋਂ ਰਾਣਾ ਗੁਰਜੀਤ ਅਤੇ ਸੁਖਪਾਲ ਖਹਿਰਾ ਦੀਆਂ ਸੰਭਾਵੀ ਸੀਟਾਂ ਦੇ ਮੁਕਾਬਲੇ ਵੀ ਸੁਖਬੀਰ ਬਾਦਲ ਨੇ ਅਜੇ ਕੋਈ ਐਲਾਨ ਨਹੀਂ ਕੀਤਾ . ਹਾਂ , ਮਨਪ੍ਰੀਤ ਬਾਦਲ ਵਾਲੀ ਬਠਿੰਡਾ ਸੀਟ ਤੋਂ ਸਰੂਪ ਸਿੰਗਲ ਹੀ ਉਮੀਦਵਾਰ ਬਣਾਇਆ ਗਿਆ ਹੈ .
ਸਿਆਸੀ ਮਾਹਿਰ ਅਜਿਹਾ ਮੰਨ ਰਹੇ ਹਨ ਕਿ ਅਕਾਲੀ ਦਲ ਇਸ ਮਾਮਲੇ ਵਿਚ ਡੂੰਘੀ ਰਣਨੀਤੀ ਅਪਣਾ ਰਿਹਾ ਹੈ, ਜਿੱਥੇ ਇਹ ਵੇਖ ਰਿਹਾ ਹੈ ਕਿ ਵਿਰੋਧੀ ਧਿਰਾਂ ਕਿਹੜੇ ਉਮੀਦਵਾਰ ਐਲਾਨ ਦੀਆਂ ਹਨ, ਉੱਥੇ ਹੀ ਆਪਣੀ ਪਾਰਟੀ ਦੇ ਪ੍ਰਮੁੱਖ ਆਗੂਆਂ ਜਿਵੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਘਨੌਰ ਤੋਂ ਦਾਅਵੇਦਾਰੀ ਤੇ ਪਟਿਆਲਾ ਦਿਹਾਤੀ ਹਲਕੇ ਤੋਂ ਸਾਬਕਾ ਆਈ ਜੀ ਰਣਬੀਰ ਸਿੰਘ ਖੱਟੜਾ ਦੇ ਪੁੱਤਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਸਮੇਤ ਕਈ ਆਗੂਆਂ ਦੀਆਂ ਬਰੇਕਾਂ ਲਗਵਾ ਰਿਹਾ ਹੈ। ਫ਼ੈਸਲਾ ਕੀ ਹੁੰਦਾ ਹੈ, ਇਹ ਸਮਾਂ ਦੱਸੇਗਾ।
ਇਸ ਲਿਸਟ ਵਿਚ ਬੀ ਜੇ ਪੀ ਛੱਡ ਕੇ ਆਏ ਅਨਿਲ ਜੋਸ਼ੀ ਸਮੇਤ ਕੁੱਲ 10 ਹਿੰਦੂ ਚਿਹਰੇ ( ਦਲਿਤ ਸਮੇਤ ) ਸ਼ਾਮਲ ਹਨ .
ਇਹ ਵੀ ਨੋਟ ਕਰਨ ਵਾਲਾ ਹੈਰਾਨੀਜਨਕ ਪਹਿਲੂ ਹੈ ਕਿ ਕੁਲ 64 ਸੀਟਾਂ ਵਿਚੋਂ ਸਿਰਫ਼ ਇੱਕ ਹੀ ਬੀਬੀ ਵਨਿੰਦਰ ਲੂੰਬਾ ਨੂੰ ਸ਼ੁਤਰਾਣਾ ਤੋਂ ਟਿਕਟ ਦਿੱਤੀ ਗਈ ਹੈ . ਨੌਜਵਾਨ ਅਤੇ ਨਵੇਂ ਚਿਹਰੇ ਨੋਟੇਬਲ ਹਨ .
ਜਗਮੀਤ ਬਰਾੜ , ਸਾਬੀ , ਕੰਤਾ, ਮੱਖਣ ਬਰਾੜ , ਇਆਲ਼ੀ , ਬੰਟੀ ਰੋਮਾਣਾ , ਰੋਜ਼ੀ , ਵਰਦੇਵ ਮਾਨ ਬੋਨੀ ਤੇ ਗੁਲਜ਼ਾਰੀ ਇਸ ਲਿਸਟ ਵਿਚ ਸ਼ਾਮਲ ਹਨ .
ਇਸ ਲਿਸਟ ਮੁਤਾਬਿਕ ਸਿਰਫ਼ ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਹੀ ਟਿਕਟ ਮਿਲੀ ਹੈ . ਜਥੇਦਾਰ ਤੋਤਾ ਸਿੰਘ ਨੂੰ ਧਰਮਕੋਟ ਤੋਂ ਅਤੇ ਉਨ੍ਹਾਂ ਦੇ ਪੁੱਤਰ ਮੱਖਣ ਬਰਾੜ ਨੂੰ ਮੋਗੇ ਤੋਂ ਟਿਕਟ ਮਿਲੀ ਹੈ .ਚੇਤੇ ਰਹੇ ਕਿ ਇੱਕ ਪਰਿਵਾਰ ਮਾਮਲੇ ਚ ਸੰਵਿਧਾਨ ਲਾਗੂ ਕਰਨ ਦਾ ਮੁੱਦਾ ਸਿਕੰਦਰ ਸਿੰਘ ਮਲੂਕਾ ਨੇ ਉਠਾਇਆ ਸੀ .ਕਾਂਗਰਸ ਛੱਡ ਕੇ ਆਏ ਜੋਸਨ ਅਤੇ ਜਗਬੀਰ ਬਰਾੜ ਦੋਵਾਂ ਨੂੰ ਵੀ ਟਿਕਟ ਨਾਲ ਨਿਵਾਜਿਆ ਗਿਆ ਹੈ, .
ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਤਹਿਤ 20 ਸੀਟਾਂ ਉਸ ਲਈ ਛੱਡੀਆਂ ਹਨ। ਇਸ ਤਰੀਕੇ 117 ਵਿਚੋਂ 20 ਸੀਟਾਂ ਕੱਢ ਕੇ ਪਾਰਟੀ ਦੀਆਂ 97 ਸੀਟਾਂ ਬਣਦੀਆਂ ਹਨ ਪਰ ਹਾਲੇ ਤੱਕ 64 ਉਮੀਦਵਾਰ ਐਲਾਨੇ ਹਨ ਜਿਸਦਾ ਮਤਲਬ ਹੈ ਕਿ ਹਾਲੇ 33 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ।