ਦਿੱਲੀ ਕਿਸਾਨ ਮੋਰਚੇ ਦੌਰਾਨ ਪੰਜਾਬ ਦੀ ਜੁਆਨੀ ਨੇ ਮੋਦੀ ਸਰਕਾਰ ਨੂੰ ਲਲਕਾਰਿਆ
ਅਸ਼ੋਕ ਵਰਮਾ
ਨਵੀਂ ਦਿੱਲੀ, 3 ਅਗਸਤ2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਗਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਸਟੇਜ ਤੋਂ ਅੱਜ ਬੁੱਧਵਾਰ ਦਾ ਦਿਨ ਜਥੇਬੰਦੀ ਦੇ ਫੈਸਲੇ ਅਨੁਸਾਰ ਨੌਜਵਾਨਾਂ ਲਈ ਰਾਖਵਾਂ ਰੱਖਿਆ ਗਿਆ । ਸਟੇਜ ਦੀ ਸਾਰੀ ਕਾਰਵਾਈ ਨੌਜਵਾਨਾਂ ਵੱਲੋਂ ਚਲਾਈ ਗਈ । ਅੱਜ ਨੌਜਵਾਨ ਬੁਲਾਰਿਆਂ ਗਗਨ ਮੂਨਕ, ਬਿੱਟੂ ਮੱਲਣ ਅਤੇ ਰਘਵੀਰ ਘਰਾਚੋਂ ਨੇ ਸਟੇਜ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਸ਼ਾਇਦ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੇ ਸਿਰਫ ਬਜੁਰਗ ਕਿਸਾਨ ਹੀ ਹਨ । ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨ ਇਸ ਸੰਘਰਸ਼ ਦੇ ਵਿਚ ਲੁਟੇਰੇ ਹਾਕਮਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਾਂ ਅਤੇ ਸ਼ੁਰੂ ਤੋਂ ਮੋਰਚੇ ਵਿੱਚ ਸ਼ਾਮਲ ਹਾਂ ।
ਉਨ੍ਹਾਂ ਕਿਹਾ ਕਿ ਜਿਹੜੀਆਂ ਗੱਲਾਂ ਭਗਤ ਸਿੰਘ ਨੇ ਫਾਂਸੀ ਚੜ੍ਹਨ ਤੋਂ ਪਹਿਲਾਂ ਆਪਣੀ ਜੇਲ੍ਹ ਡਾਇਰੀ ਵਿੱਚ ਦਰਜ ਕੀਤੀਆਂ ਹੋਈਆਂ ਸਨ ਕਿ ਮਨੁੱਖ ਦੀ ਲੁੱਟ ਓਨਾ ਚਿਰ ਜਾਰੀ ਰਹੇਗੀ ਜਿੰਨਾ ਚਿਰ ਇਹ ਰਾਜ ਸੱਤਾ ਤੇ ਲੁਟੇਰੇ ਲੋਕ ਕਾਬਜ਼ ਰਹਿਣਗੇ। ਭਾਵੇਂ ਖੇਤੀ ਸਬੰਧੀ ਬਣਾਏ ਗਏ ਕਾਨੂੰਨ ਹੋਣ ਜਾਂ ਹੋਰ ਲੋਕ ਦੋਖੀ ਨੀਤੀਆਂ ਹੋਣ ਜਿਨ੍ਹਾਂ ਨੇ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵਾਂਝੇ ਰੱਖਿਆ ਹੋਇਆ ਹੈ ਜਿਸ ਕਾਰਨ ਸਾਡੀ ਨੌਜਵਾਨ ਪੀੜ੍ਹੀ ਵੱਡੇ ਖਰਚੇ ਕਰਕੇ ਰੁਜ਼ਗਾਰ ਦੀ ਖਾਤਰ ਵਿਦੇਸ਼ਾਂ ਵਿੱਚ ਜਾ ਰਹੀ ਹੈ। ਇਹ ਸਭ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਨੀਤੀਆਂ ਕਾਰਨ ਹੋ ਰਿਹਾ ਹੈ ।
ਮਾਨਸਾ ਜ਼ਿਲ੍ਹੇ ਤੋਂ ਜਗਸੀਰ ਸਿੰਘ ਜਵਾਹਰ ਕੇ ,ਰਣਦੀਪ ਸਿੰਘ ਬਰਨਾਲਾ ਅਤੇ ਗੁਰਵੀਰ ਸਿੰਘ ਪਟਿਆਲਾ ਨੇ ਕਿਹਾ ਅਸੀਂ ਪੜ੍ਹੇ ਲਿਖੇ ਨੌਜਵਾਨ ਇਨ੍ਹਾਂ ਗੱਲਾਂ ਨੂੰ ਸਮਝਦੇ ਹਾਂ ਕਿ ਕਿਵੇਂ ਕਿਸਾਨਾਂ ਨੂੰ ਮਿਲ ਰਹੀਆਂ ਸਬਸਿਡੀਆਂ ਤੇ ਕੱਟ ਲਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਵੱਡੀਆਂ ਕੰਪਨੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਨਾਲ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਜੋ ਸਾਡੀ ਨਿੱਤ ਵਰਤੋਂ ਵਿੱਚ ਆ ਰਹੀਆਂ ਹਨ ਜਿਵੇਂ ਡੀਜ਼ਲ, ਪੈਟਰੋਲ ਜਾਂ ਗੈਸ ਹੋਵੇ ਜਾਂ ਖੇਤੀ ਵਿੱਚ ਵਰਤਣ ਵਾਲੀਆਂ ਰੇਹਾਂ, ਸਪਰੇਹਾਂ ਹੋਣ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕੀਤਾ ਹੋਇਆ ਹੈ ਜਿਸ ਕਰਕੇ ਸਰਮਾਏਦਾਰ ਕੰਪਨੀਆਂ ਵਲੋਂ ਮਨਮਰਜ਼ੀ ਦੇ ਰੇਟ ਲਾ ਕੇ ਸਾਡੇ ਕਿਰਤੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਰਕਾਰਾਂ ਵੱਲੋਂ ਉੱਚੀਆਂ ਦਰਾਂ ਤੇ ਟੈਕਸ ਲਾ ਕੇ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ ।
ਆਗੂਆਂ ਨੇ ਨੌਜਵਾਨਾਂ ਨੂੰ ਕਿਹਾ ਕਿ ਹੁਣ ਘਰੇ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ ਸਾਨੂੰ ਪਿੰਡਾਂ ਦੇ ਵਿਚ ਜਾ ਕੇ ਕਿਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸੰਘਰਸ਼ਾਂ ਨੂੰ ਤਕੜਾਈ ਦੇਣ ਲਈ ਹਰ ਹੰਭਲਾ ਮਾਰ ਰਹੇ ਹਾਂ ।ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਜਪਾ ਹਕੂਮਤ ਬੌਖਲਾਹਟ ਵਿੱਚ ਆਈ ਹੋਈ ਹੈ । ਇਨ੍ਹਾਂ ਦੇ ਮੰਤਰੀ ਅਤੇ ਭਾਜਪਾ ਆਗੂ ਦੂਜੇ ਤੀਜੇ ਦਿਨ ਭਾਰਤ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਅੰਨਦਾਤੇ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲ ਰਹੇ ਹਨ । ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਲੁਧਿਆਣੇ ਦੇ ਵਿੱਚ ਭਾਜਪਾ ਦੇ ਵਰਕਰਾਂ ਵੱਲੋਂ ਲੀਡਰਸ਼ਿਪ ਦੇ ਇਸ਼ਾਰੇ ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੇ ਕਿਸਾਨ ਜੋ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਭਾਜਪਾ ਦਾ ਵਿਰੋਧ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੇ ਕਿਵੇਂ ਪਹਿਲਾਂ ਹੀ ਘੜੀ ਹੋਈ ਸਕੀਮ ਅਧੀਨ ਡਾਂਗਾਂ ਲੈ ਕੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਅਤੇ ਗਾਲੀ ਗਲੋਚ ਕੀਤਾ ਅਤੇ ਮਹੌਲ ਭੜਕਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਅੱਜ ਦੀ ਸਟੇਜ ਤੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਸਾਨਾਂ ਨੂੰ ਪੂਰੀ ਸੂਝ ਬੂਝ ਅਤੇ ਸਾਂਤੀਪੂਰਵਕ ਢੰਗ ਅਨੁਸ਼ਾਸਨ ਅਤੇ ਜ਼ਾਬਤੇ ਵਿੱਚ ਰਹਿ ਕੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ । ਅੱਜ ਸਟੇਜ ਦੀ ਕਾਰਵਾਈ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਚਲਾਈ ਅਤੇ ਸਟੇਜ ਤੋਂ ਨੌਜਵਾਨ ਆਗੂ ਜਸਬੀਰ ਸਿੰਘ ਗਗੜਪੁਰ, ਸੁਰਿੰਦਰ ਕੌਰ ਘੱਗਾ, ਮੱਖਣ ਸਿੰਘ ਦੌਣ ਕਲਾਂ, ਅਮਰੀਕ ਸਿੰਘ ਬਡਾਲੀ, ਲਵਪ੍ਰੀਤ ਕੌਰ ਸੰਗਰੂਰ, ਯੂ ਪੀ ਤੋਂ ਰਾਮ ਆਸਰਾ ਯਾਦਵ ਬਾਰਾਨਸੀ ਅਤੇ ਹਰਿਆਣੇ ਤੋਂ ਭਲਵਾਨ ਪਾਲ ਸਿੰਘ ਨੇ ਵੀ ਸੰਬੋਧਨ ਕੀਤਾ ।