ਇਨਕਲਾਬੀ ਤੀਆਂ ਮਨਾਕੇ ਚੁੱਕੀ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਕਸਮ
ਅਸ਼ੋਕ ਵਰਮਾ
ਨਵੀਂ ਦਿੱਲੀ,10 ਅਗਸਤ 2021: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਵੱਲੋਂ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਕਾਰਪੋਰੇਟਾਂ ਦੀ ਅਜਾਰੇਦਾਰੀ ਦਾ ਖਾਤਮਾ ਅਤੇ ਕਿਰਤੀ ਲੋਕਾਂ ਦੀ ਖ਼ਰੀ ਆਜ਼ਾਦੀ ਦੇ ਪਸਾਰੇ ਲਈ ਕਿਸਾਨ ਔਰਤਾਂ ਨੇ ਅੱਜ ਪ੍ਰਣ ਲਿਆ ਕਿ ਉਹ ਆਪਣੇ ਕਾਜ਼ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨ ਔਰਤਾਂ ਨੇ ਅੱਜ ਟਿਕਰੀ ਬਾਰਡਰ ਤੇ ਚੱਲ ਰਹੇ ਪੱਕੇ ਮੋਰਚੇ ਦੌਰਾਨ ਇਨਕਲਾਬੀ ਤੀਆਂ ਮਨਾਈਆਂ ਜਿੱਥੇ ਇਹ ਪ੍ਰਤਿੱਗਿਆ ਕੀਤੀ ਗਈ ਹੈ । ਇਸ ਮੋਰਚੇ ਵਿੱਚ ਸਭ ਉਹ ਲੋਕ ਜੁੜੇ ਹਨ ਜਿਨ੍ਹਾਂ ਦੇ ਘਰਾਂ ’ਚ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੇ ਹਨੇਰਾ ਹੋਣ ਦਾ ਖਤਰਾ ਖੜ੍ਹਾ ਕਰ ਦਿੱਤਾ ਹੈ, ਇਸ ਲਈ ਉਹ ਰੋਸ ਪ੍ਰਗਟ ਕਰ ਰਹੇ ਹਨ।
ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਮੁਲਕਾਂ ਦੇ ਇਸ਼ਾਰਿਆਂ ਤੇ ਹਕੂਮਤੀ ਲਾਣੇ ਦੇ ਰਵਈਏ ਖਿਲਾਫ ਹੁਣ ਇਹ ਕਿਸਾਨ ਔਰਤਾਂ ਮੋਦੀ ਸਰਕਾਰ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹਨ। ਨਾ ਹੱਡ ਚੀਰਵੀਂ ਠੰਢ ਉਨ੍ਹਾਂ ਨੂੰ ਰੋਕ ਸਕੀ ਤੇ ਨਾ ਹੀ ਗਰਮੀ ਦਾ ਵੱਡਾ ਹੱਲਾ ਔਰਤ ਆਗੂ ਪਰਮਜੀਤ ਕੌਰ ਕੋਟੜਾ ਦਾ ਪ੍ਰਤੀਕਰਮ ਸੀ ਕਿ ਮੋਦੀ ਸਰਕਾਰ ਨੂੰ ਚਾਨਣ ਪਸੰਦ ਨਹੀਂ ਹੈ, ਤਾਹੀਓਂ ਭਾਜਪਾ ਹਕੂਮਤ ਘਰਾਂ ਦੇ ਦੀਵੇ ਬੁਝਾਉਣ ਤੁਰੀ ਹੈ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਉਨ੍ਹਾਂ ਦੇ ਰੋਹ ਨੂੰ ਹੋਰ ਪ੍ਰਚੰਡ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਮੋਦੀ ਸਰਕਾਰ ਹੱਥੋਂ ਕਿਸਾਨਾਂ ਮਜਦੂਰਾ ਦੇ ਘਰਾਂ ਵਿੱਚ ਚੁੱਲ੍ਹੇ ਸਦਾ ਲਈ ਠੰਢੇ ਹੋ ਜਾਣ ਉਹ ਖੇਤੀ ਕਾਨੂੰਨਾਂ ਵਾਲਾ ਰੋਗ ਸਦਾ ਲਈ ਕੱਟਣਾ ਚਾਹੁੰਦੀਆਂ ਹਨ।
ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਕੌੜਾ ਅਤੇ ਬਚਿੱਤਰ ਕੌਰ ਮੋਗਾ ਦੀ ਅਗਵਾਈ ‘ਚ ਵੱਖ ਵੱਖ ਜ਼ਿਲਿ੍ਹਆਂ ਤੋਂ ਆਈਆਂ ਹੋਈਆਂ ਔਰਤਾਂ ਦੀਆਂ ਟੀਮਾਂ ਬਣਾ ਕੇ ਜਿਸ ਨੂੰ ਪੰਜ ਭਾਗਾਂ ‘ਚ ਵੰਡ ਕੇ ਲੜੀਵਾਰ ਸਟੇਜ ਤੋਂ ਇਨਕਲਾਬੀ ਸੰਗਰਾਮੀ ਕ੍ਰਾਂਤੀਕਾਰੀ ਬੋਲੀਆਂ ਦਾ ਆਗਾਜ ਕੀਤਾ ਜਿਸ ‘ਚ ਔਰਤ ਭੈਣਾਂ ਨੇ ਆਪਣੀਆ ਬੋਲੀਆਂ ਰਾਹੀਂ ‘ਜਿੰਨੀ ਮਰਜ਼ੀ ਮੋਦੀ ਤੂੰ ਉਲਝਾਾਲਾ ਤਾਣੀ, ਤੇਰੀ ਤੋਡ ਕੇ ਛੱਡਾਂਗੇ ਅਡਾਨੀ ਅੰਬਾਨੀ ਨਾਲੋਂ ਯਾਰੀ‘ ਰਾਹੀਂ ਕਾਰਪੋਰੇਟਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੀ ਟੀਮ ਵੱਲੋਂ “ਇੱਕ ਗੱਲ ਪੱਲੇ ਬੰਨ੍ਹ ਲਉ ਲੋਕੋ ਆਪਸ ‘ਚ ਲੜਨਾ ਛੱਡੋ ,ਪਹਿਲਾਂ ਸਮਝੋ ਰੋਗ ਬਿਮਾਰੀ ਇਲਾਜ ਉਹਦਾ ਫਿਰ ਕੱਢੋ‘।‘ ਸਰਮਾਏਦਾਰਾਂ ਕੀਤਾ ਕੂੜ ਪਸਾਰਾ ਪਿੱਛਾ ਉਸਦਾ ਛੱਡੋ ,ਰਾਜ ਲੁਟੇਰਿਆਂ ਦਾ ਮਿਲ ਕੇ ਜੜ੍ਹਾਂ ਤੋਂ ਵੱਢੋ‘।
ਇਸ ਬੋਲੀ ਦਾ ਪ੍ਰਭਾਵ ਅਸਲੀ ਦੁਸ਼ਮਣ ਦੀ ਪਛਾਣ ਕਰਕੇ ਇਕੱਠੇ ਹੋ ਕੇ ਉਸ ਦਾ ਫਸਤਾ ਵੱਢਣਾ। ਤੀਜੀ ਟੀਮ ਵੱਲੋਂ ‘ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ,ਉੱਠੋ ਵੀਰੋ ਵੇ ਦਿੱਲੀ ਦਾ ਧਰਨਾ ਆਵਾਜ਼ਾਂ ਮਾਰਦਾ‘। ਇਸ ਬੋਲੀ ਨਾਲ ਭਾਰਤ ਦੇ ਕੁੱਲ ਕਿਰਤੀ ਲੋਕਾਂ ਨੂੰ ਦਿੱਲੀ ਮੋਰਚੇ ‘ਚ ਪਹੁੰਚਣ ਦਾ ਸੱਦਾ ਦਿੱਤਾ।ਅੱਜ ਇਹ ਤੀਆਂ ਦਾ ਆਗਾਜ਼ ਪੁਰਾਣੇ ਸਿਸਟਮ ਦੀ ਤੰਗ ਸੋਚ ‘ਚੋਂ ਨਿਕਲ ਕੇ ਇੱਕ ਨਵੇਂ ਨਿਵੇਕਲੇ ਢੰਗ ਨਾਲ ਅਸਲੀ ਆਜ਼ਾਦੀ ਦਾ ਪਰਚਮ ਦੁਹਰਾਇਆ ਐਪਗਿਆ। ਕਿਉਂਕਿ ਕੁੱਝ ਤਿਉਹਾਰਾਂ ਦਾ ਪਿਛੋਕੜ ਭਾਵੇਂ ਨਾਂਹ-ਪੱਖੀ ਹੋਵੇ ਇਹੋ ਜਿਹੇ ਤਿਉਹਾਰ ਲੋਕਾਂ ਚ ਮਕਬੂਲ ਐਨੇ ਹੋਗੇ ਜਿਵੇਂ ਤੀਆਂ ਦਾ ਤਿਉਹਾਰ। ਅੱਜ ਇਸ ਦੀ ਔਰਤਾਂ ਚ ਐਨੀ ਹਰਮਨ ਪਿਆਰਤਾ ਹੋ ਗਈ ਕਿ ਉਕਤ ਤਿਉਹਾਰ ਔਰਤਾਂ ਦੇ ਮਿਲਾਪ ਦਾ ਤਿਉਹਾਰ ਹੋ ਨਿਬੜਿਆ।
ਕੰਧ ਤੇ ਲਿਖਿਆ ਪੜ੍ਹੇ ਕੇਂਦਰ - ਬਿੰਦੂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਜਦੋਂ ਚੌਂਕੇ ਚੁੱਲ੍ਹੇ ਤਿਆਗ ਕੇ ਸੰਘਰਸ਼ਾਂ ਵਿਚ ਆ ਜਾਣ ਤਾਂ ਕੇਂਦਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨ ਪਰਿਵਾਰਾਂ ਦੇ ਜੀਅ ਖ਼ੁਦਕੁਸ਼ੀ ਕਰ ਗਏ ਹਨ, ਉਨ੍ਹਾਂ ਪਰਿਵਾਰਾਂ ਦੇ ਜੀਅ ਵੀ ਸੰਘਰਸ਼ ਵਿਚ ਉੱਤਰੇ ਹਨ ਜੋ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਚੰਡ ਹੋਏ ਰੋਹ ਨੂੰ ਦਰਸਾਉਣ ਲਈ ਕਾਫੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਵਾਵਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਨਵੀਂ ਮਾਰ ਕਿਤੇ ਮੁੜ ਸੱਥਰ ਨਾ ਵਿਛਾ ਦੇਵੇ, ਇਸੇ ਕਰਕੇ ਚੁੱਲ੍ਹੇ ਚੌਂਕੇ ਛੱਡੇ ਹਨ ਅਤੇ ਉਨ੍ਹਾਂ ਵੱਲੋਂ ਸੰਘਰਸ਼ ’ਤੇ ਤਿਰਛੀ ਨਜ਼ਰ ਰੱਖੀ ਜਾ ਰਹੀ ਹੈ।