ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ 'ਤੇ ਪੰਜਾਬ ਸਰਕਾਰ ਵੱਲੋਂ ਸੋਗ ਜਾਂ ਛੁੱਟੀ ਬਾਰੇ ਫ਼ੈਸਲੇ ਦੀ ਉਡੀਕ
ਚੰਡੀਗੜ੍ਹ, 25 ਅਪ੍ਰੈਲ, 2023: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਰਾਤੀਂ ਹੋਏ ਦਿਹਾਂਤ ਤੇ ਬੇਸ਼ੱਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦੁੱਖ ਅਤੇ ਅਫ਼ਸੋਸ ਜ਼ਾਹਿਰ ਕੀਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ਕਿਸ ਤਰ੍ਹਾਂ ਸ਼ੌਕ ਮਨਾਇਆ ਜਾਵੇਗਾ ਇਸ ਬਾਰੇ ਦੇਰ ਰਾਤ ਤੱਕ ਕੋਈ ਫ਼ੈਸਲਾ ਨਹੀਂ ਸੀ ਹੋਇਆ .
11.30 ਵਜੇ ਇਹ ਖ਼ਬਰ ਲਿਖਣ ਤੱਕ ਰਾਜ ਸਰਕਾਰ ਵੱਲੋਂ ਇਸ ਬਾਰੇ ਕੋਈ ਨਿਰਨਾ ਜਾਰੀ ਨਹੀਂ ਕੀਤਾ ਗਿਆ ਕਿ ਕੀ ਸਵਰਗੀ ਨੇਤਾ ਦੇ ਸਤਿਕਾਰ ਵਿਚ ਕੋਈ ਸਰਕਾਰੀ ਛੁੱਟੀ ਕੀਤੀ ਜਾਵੇਗੀ ਜਾਂ ਨਹੀਂ ਅਤੇ ਸੋਗ ਵੀ ਕਿੰਨੀ ਦੇਰ ਹੋਵੇਗਾ .
ਇਹ ਵੀ ਪਤਾ ਲੱਗਾ ਹੈ ਮੁੱਖ ਸਕੱਤਰ ਦਫ਼ਤਰ ਵੱਲੋਂ ਦੇਰ ਰਾਤੀਂ ਇਸ ਮਸਲੇ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ ਅਤੇ ਪੁਰਾਣੀਆਂ ਫਾਈਲਾਂ ਫਰੋਲੀਆਂ ਜਾ ਰਹੀਆਂ ਸਨ ਕਿ ਪਿਛਲੇ ਸਮੇਂ ਦੌਰਾਨ ਸਾਬਕਾ ਮੁੱਖ ਮੰਤਰੀ ਦੇ ਦਿਹਾਂਤ ਤੇ ਕੀ ਫ਼ੈਸਲੇ ਕੀਤੇ ਗਏ ਸਨ. ਇਹ ਵੀ ਪਤਾ ਲੱਗਾ ਕਿ ਪੰਜਾਬ ਸਰਕਾਰ ਦਾ ਪ੍ਰੋਟੋਕੋਲ ਇਸ ਬਾਰੇ ਚੁੱਪ ਹੈ ਇਸ ਲਈ ਇਹ ਫ਼ੈਸਲਾ ਮੁੱਖ ਮੰਤਰੀ ਜਾਂ ਮੁੱਖ ਸਕੱਤਰ ਤੇ ਨਿਰਭਰ ਕਰਦਾ ਹੈ ਕਿ ਉਹ ਕੀ ਹਦਾਇਤ ਕਰਦੇ ਹਨ.
ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਕਿਸੇ ਸਾਬਕਾ ਵਜ਼ੀਰ ਦੀ ਮੌਤ ਹੋ ਜਾਂਦੀ ਹੈ ਤੇ ਜੇਕਰ ਉਹ ਵਰਕਿੰਗ ਡੇ ਹੋਵੇ ਤਾਂ ਰਹਿੰਦੇ ਬਾਕੀ ਦਿਨ ਲਈ ਮਿਰਤਕ ਦੇ ਸਤਿਕਾਰ ਵਿਚ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਜਾਣੇ ਹੁੰਦੇ ਹਨ ਪਰ ਮੁੱਖ ਮੰਤਰੀ ਬਾਰੇ ਕੋਈ ਵਿਸ਼ੇਸ਼ ਜ਼ਿਕਰ ਨਹੀਂ .