ਅਖਿਲੇਸ਼ ਯਾਦਵ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ’ਤੇ ਦੁੱਖ ਕੀਤਾ ਸਾਂਝਾ
ਅਸ਼ੋਕ ਵਰਮਾ
ਬਾਦਲ (ਸ੍ਰੀ ਮੁਕਤਸਰ ਸਾਹਿਬ), 29 ਅਪ੍ਰੈਲ 20 23: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕਰਨ ਅੱਜ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਸਮੇਤ ਪ੍ਰਮੁੱਖ ਸ਼ਖਸੀਅਤਾਂ ਪਿੰਡ ਬਾਦਲ ਵਿਚ ਉਹਨਾਂ ਦੀ ਰਿਹਾਇਸ਼ ’ਤੇ ਪਹੁੰਚੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕੀਤਾ।
ਇਹਨਾਂ ਸ਼ਖਸੀਅਤਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਵਿਚ ਪਾਏ ਵੱਡਮੁੱਲੇ ਯੋਗਦਾਨ ਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਬਹਾਲ ਰੱਖਣ ਲਈ ਕੀਤੇ ਅਣਥੱਕ ਯਤਨਾਂ ਨੂੰ ਯਾਦ ਕੀਤਾ। ਇਹਨਾਂ ਸ਼ਖਸੀਅਤਾਂ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਪੂਰੀ ਦੁਨੀਆਂ ਵਿਚ ਲੋਕ ਇਸ ਕਰ ਕੇ ਵੀ ਸ਼ਲਾਘਾ ਕਰਦੇ ਹਨ ਕਿ ਉਹਨਾਂ ਆਪਣੇ ਸਿਆਸੀ ਵਿਰੋਧੀਆਂ ਵਾਸਤੇ ਵੀ ਹਮੇਸ਼ਾ ਨਰਮ ਤੇ ਮਿੱਠ ਬੋਲੜੇ ਸੁਭਾਅ ਨੂੰ ਕਾਇਮ ਰੱਖਿਆ ਤੇ ਹਮੇਸ਼ਾ ਸਭ ਦਾ ਸਤਿਕਾਰ ਕੀਤਾ।
ਸ੍ਰੀ ਅਖਿਲੇਸ਼ ਯਾਦਵ ਤੋਂ ਇਲਾਵਾ ਸਾਬਕਾ ਐਮ ਪੀ ਤੇ ਪ੍ਰਸਿੱਧ ਉਦਯੋਗਪਤੀ ਸ੍ਰੀ ਨਵੀਨ ਜਿੰਦਲ, ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਆਮ ਆਦਮੀ ਪਾਰਟੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹਰਮੀਤ ਸਿੰਘ ਪਠਾਣਮਾਜਰਾ, ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਮੁਖੀ ਸ੍ਰੀ ਮਨਿੰਦਰਜੀਤ ਸਿੰਘ ਬਿੱਟਾ, ਅਜੀਤ ਸਮਾਚਾਰ ਗਰੁੱਪ ਤੋਂ ਮੈਡਮ ਗੁਰਜੋਤ ਕੌਰ ਤੇ ਸ੍ਰੀ ਹਰਪ੍ਰੀਤ ਸਿੰਘ, ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਜੀ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾਂ ਵਾਲੇ, ਬਾਬਾ ਜਗਜੀਤ ਸਿੰਘ ਜੀ ਲੋਪੋ ਵਾਲੇ, ਬਾਬਾ ਕੁਲਵੰਤ ਸਿੰਘ ਸਮਾਧ ਭਾਈ, ਭਾਈ ਸੁਖਵਿੰਦਰ ਸਿੰਘ ਅਗਵਾਨ, ਪ੍ਰਸਿੱਧ ਪੰਜਾਬੀ ਗਾਇਕ ਪੰਮੀ ਬਾਈ ਤੇ ਪ੍ਰਸਿੱਧ ਪੰਜਾਬੀ ਗੀਤਕਾਰ ਸ੍ਰੀ ਬਾਬੂ ਸਿੰਘ ਮਾਨ ਨੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਹਨਾਂ ਸ਼ਖਸੀਅਤਾਂ ਨੇ ਕਿਹਾ ਕਿ ਸਰਦਾਰ ਬਾਦਲ ਦੇ ਅਕਾਲ ਚਲਾਣੇ ਨਾਲ ਸਿਰਫ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਦੇਸ਼ ਤੇ ਦੁਨੀਆਂ ਵਿਚ ਵਸਦੇ ਲੋਕਾਂ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।