ਵਿਜੇ ਸਾਂਪਲਾ ਸਮੇਤ ਵੱਖ ਵੱਖ ਸਿਆਸੀ ਆਗੂਆਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਤੇ ਦੁੱਖ ਸਾਂਝਾ
ਅਸ਼ੋਕ ਵਰਮਾ
ਬਾਦਲ (ਸ੍ਰੀ ਮੁਕਤਸਰ ਸਾਹਿਬ), 2 ਮਈ 2023: ਕੌਮੀ ਐਸ ਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਸਮੇਤ ਅਨੇਕਾਂ ਭਾਜਪਾ ਤੇ ਕਾਂਗਰਸੀ ਆਗੂਆਂ ਨੇ ਅੱਜ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਹਨਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।
ਇਹਨਾਂ ਆਗੂਆਂ ਨੇ ਸਰਦਾਰ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਲਈ ਪਾਏ ਅਣਮੁੱਲੇ ਯੋਗਦਾਨ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਮੌਜੂਦਾ ਪੰਜਾਬ ਵਿਚ ਜਿੰਨੇ ਵੀ ਵੱਡੇ ਪ੍ਰਾਜੈਕਟ ਲੱਗੇ ਹਨ, ਉਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਲੱਗੇ ਹਨ। ਸਰਦਾਰ ਬਾਦਲ ਨੇ ਜਿਥੇ ਪੰਜਾਬ ਦਾ ਵਿਕਾਸ ਯਕੀਨੀ ਬਣਾਇਆ, ਉਥੇ ਹੀ ਸਮਾਜ ਭਲਾਈ ਸਕੀਮਾਂ ਰਾਹੀਂ ਐਸ ਸੀ ਵਰਗ ਤੇ ਹੋਰ ਕਮਜ਼ੋਰ ਵਰਗਾਂ ਦੀ ਮਦਦ ਕੀਤੀ।
ਅੱਜ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਬਲਬੀਰ ਸਿੰਘ ਸਿੱਧੂ, ਵਿਨੀਤ ਜੋਸ਼ੀ, ਜਗਦੀਪ ਸਿੰਘ ਨਕੱਈ, ਸੁਰਜੀਤ ਕੁਮਾਰ ਜਿਆਣੀ, ਸੁਖਪਾਲ ਸਿੰਘ ਨੰਨੂ, ਡਾ. ਸਤਵੰਤ ਸਿੰਘ ਮੋਹੀ ਤੇ ਐਸ ਐਸ ਚੰਨੀ, ਸਾਬਕਾ ਕੇਂਦਰੀ ਮੰਤਰੀ ਤੇ ਜਨ ਚੇਤਨਾ ਪਾਰਟੀ ਦੇ ਮੁਖੀ ਵਿਨੋਦ ਸ਼ਰਮਾ, ਪੰਜਾਬ ਕੇਸਰੀ/ਜਗਬਾਣੀ ਅਖਬਾਰ ਸਮੂਹ ਦੇ ਅਵਿਨਾਸ਼ ਚੋਪੜਾ ਅਤੇ ਸ੍ਰੀ ਅਮਿਤ ਚੋਪੜਾ, ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੁਸ਼ਲਦੀਪ ਸਿੰਘ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ, ਅਮਰਜੀਤ ਸਿੰਘ ਸਮਰਾ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ ਤੇ ਕਿਰਨਜੀਤ ਸਿੰਘ ਗਹਿਰੀ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ, ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਰਹਿਮਨੀ ਲੁਧਿਆਣਵੀ, ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸ਼ਿਵ ਸੈਨਾ ਹਿੰਦੋਸਤਾਨ ਦੇ ਪ੍ਰਧਾਨ ਪਵਨ ਗੁਪਤਾ, ਕਾਲੀ ਮਾਤਾ ਮੰਦਿਰ ਪਟਿਆਲਾ ਦੇ ਮੁੱਖ ਪੁਜਾਰੀ ਬ੍ਰਹਮਾ ਨੰਦ ਗਿਰੀ, ਐਮ ਆਰ ਐਸ ਪੀ ਟੀ ਯੂ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਵਾਈਸ ਚਾਂਸਲਰ ਰਾਘਵੇਂਦਰ ਪੀ ਤਿਵਾੜੀ, ਪ੍ਰੋ. ਵੀ ਸੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਜੈਬ ਸਿੰਘ ਬਰਾੜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵੀ ਸੀ ਪ੍ਰਿਤਪਾਲ ਸਿੰਘ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਰਮੇਸ਼ਇੰਦਰ ਸਿੰਘ ਸਮੇਤ ਦਰਜਨਾਂ ਦੀ ਗਿਣਤੀ ਵਿਚ ਹੋਰ ਸਖਸ਼ੀਅਤਾਂ ਸ਼ਾਮਲ ਹਨ।