ਨਵੀਂ ਦਿੱਲੀ, 10 ਸਤੰਬਰ, 2016 : ਰਿਓ ਪੈਰਾ ਓਲੰਪਿਕ ਵਿਚ ਉੱਚੀ ਛਾਲ ਦੇ ਮੁਕਾਬਲੇ ਵਿਚ ਭਾਰਤ ਨੂੰ ਦੂਹਰੀ ਕਾਮਯਾਬੀ ਮਿਲੀ ਹੈ। ਮਰਿਅੱਪਨ ਥੰਗਾਵੇਲੂ ਨੇ ਸੋਨੇ ਦਾ ਤੇ ਵਰੁਣ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਪੈਰਾ ਓਲੰਪਿਕ ਦੇ ਮੁਕਾਬਲੇ ਉੱਚੀ ਛਾਲ ਵਿਚ ਸੋਨੇ ਦਾ ਮੈਡਲ ਜਿੱਤਣ ਵਾਲੇ ਥੰਗਾਵੇਲੂ ਭਾਰਤ ਦੇ ਪਹਿਲੇ ਐਥਲੀਟ ਹਨ। ਉਨ੍ਹਾਂ ਨੇ 1.89 ਮੀਟਰ ਅਤੇ ਵਰੁਣ ਨੇ 1.86 ਮੀਟਰ ਉਚੀ ਛਾਲ ਮਾਰੀ। ਕੇਂਦਰ ਸਰਕਾਰ ਪੈਰਾ ਓਲੰਪਿਕ ਵਿਚ ਗੋਲਡ ਜਿੱਤਣ ਵਾਲੇ ਨੂੰ 75 ਲੱਖ, ਸਿਲਵਰ ਜਿੱਤਣ ਵਾਲੇ ਨੂੰ 50 ਲੱਖ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਨੂੰ 30 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕੀ ਹੈ। ਥੰਗਾਵੇਲੂ ਪੈਰਾ ਓਲੰਪਿਕ ਵਿਚ ਗੋਲਡ ਜਿੱਤਣ ਵਾਲੇ ਉਹ ਤੀਜੇ ਐਥਲੀਟ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਮੁਰਲੀ ਕਾਂਤ ਪੇਟਕਰ ਨੇ ਸਵੀਮਿੰਗ ਵਿਚ ਤੇ ਦੇਵੇਂਦਰ ਨੇ ਜੈਵਲਿਨ ਥਰੋਹ ਵਿਚ ਗੋਲਡ ਮੈਡਲ ਜਿੱਤਿਆ ਸੀ। ਹੁਣ ਤੱਕ ਹੋਏ ਪੈਰਾ ਓਲੰਪਿਕ ਖੇਡਾਂ ਵਿਚ ਭਾਰਤ ਦੇ ਮੈਡਲਾਂ ਦੀ ਗਿਣਤੀ ਦਸ ਹੋ ਗਈ ਹੈ। ਇਨ੍ਹਾਂ 'ਚ 3 ਗੋਲਡ, 3 ਸਿਲਵਰ ਅਤੇ 4 ਬਰਾਂਜ ਹਨ। 20 ਸਾਲ ਦੇ ਥੰਗਾਵੇਲੂ ਤਮਿਲਨਾਡੂ ਦੇ ਸਲੇਮ ਜ਼ਿਲ੍ਹੇ ਦੇ ਪਿੰਡ ਵਿਚ ਰਹਿਣ ਵਾਲੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ 5 ਸਾਲ ਦੀ ਉਮਰ ਵਿਚ ਬਸ ਹਾਦਸੇ ਵਿਚ ਉਨ੍ਹਾਂ ਦਾ ਪੈਰ ਹਮੇਸ਼ਾ ਦੇ ਲਈ ਖਰਾਬ ਹੋ ਗਿਆ। ਹਾਦਸਾ ਤਦ ਹੋਇਆ ਜਦ ਥੰਗਾਵੇਲੂ ਸਕੂਲ ਜਾ ਰਹੇ ਸੀ ਅਤੇ ਗਲਤ ਮੋੜ ਲੈਂਦੇ ਹੋਏ ਡਰਾਈਵਰ ਨੇ ਉਨ੍ਹਾਂ ਦੇ ਪੈਰ 'ਤੇ ਬਸ ਚੜ੍ਹਾ ਦਿੱਤੀ ਸੀ। ਇਸ ਤੋਂ ਬਾਅਦ ਵੀ ਥੰਗਾਵੇਲੂ ਨੇ ਹਾਰ ਨਹੀਂ ਮੰਨੀ। ਉਚੀ ਛਾਲ ਵਿਚ ਕਰੀਅਰ ਬਣਾਇਆ। ਅਪਣੇ ਪਹਿਲੇ ਮੁਕਾਬਲੇ ਵਿਚ ਉਹ ਦੂਜੇ ਨੰਬਰ 'ਤੇ ਰਹੇ। ਬਚਪਨ 'ਚ ਪੋਲਿਓ ਦੇ ਚਲਦੇ 21 ਸਾਲ ਦੇ ਵਰੁਣ ਦਾ ਇਕ ਪੈਰ ਪੂਰੀ ਤਰ੍ਹਾਂ ਖਰਾਬ ਹੋ ਗਿਆ। ਇਸ ਤੋਂ ਬਾਅਦ ਵੀ ਉਹ ਚੈਂਪੀਅਨ ਐਥਲੀਟ ਬਣੇ। ਵਰੁਣ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।