- ਕੀ ਦੁਬਿਧਾ ਚ ਹੈ ਆਮ ਆਦਮੀ ਪਾਰਟੀ ਸ਼ਾਹਕੋਟ ਜ਼ਿਮਨੀ ਚੋਣ ਲੜਨ ਲਈ ?
- ਭਗਵੰਤ ਮਾਨ ਅਤੇ ਜਸਬੀਰ ਸਿੰਘ ਬੀਰ ਨੇ ਦਿੱਤੀ ਚੋਣ ਨਾ ਲੜਨ ਦੀ ਰਾਏ
ਬਲਜੀਤ ਬੱਲੀ
ਚੰਡੀਗੜ੍ਹ , 1 ਮਈ , 2018 : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦੀ ਮਈ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਆਪ ਨੇਤਾਵਾਂ ਨਾਲ ਉਨ੍ਹਾਂ ਦੀ ਹੋਣ ਵਾਲੀ ਵਿਚਾਰ -ਚਰਚਾ ਦਾ ਇੱਕ ਏਜੰਡਾ ਬੇਸ਼ੱਕ ਸ਼ਾਹਕੋਟ ਦੀ ਜ਼ਿਮਨੀ ਚੋਣ ਹੋਵੇਗਾ ਪਰ ਪਾਰਟੀ ਦੀ ਲੀਡਰਸ਼ਿਪ ਅੰਦਰ ਇਹ ਸਵਾਲ ਖੜ੍ਹਾ ਹੈ ਕਿ ਕੀ ਸ਼ਾਹਕੋਟ ਦੀ ਜ਼ਿਮਨੀ ਚੋਣ ਲੜੀ ਜਾਵੇ ਜਾਂ ਨਾ .ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਅੰਦਰ ਇਹ ਮੁੱਦਾ ਬਹਿਸ -ਵਿਚਾਰ ਅਧੀਨ ਹੈ ਕਿ ਸ਼ਾਹਕੋਟ ਚੋਣ ਲੜਨ ਦਾ ਕੋਈ ਲਾਭ ਹੋਵੇਗਾ ਜਾਂ ਨੁਕਸਾਨ ? ਇਹ ਵੀ ਸਵਾਲ ਉੱਠ ਰਹੇ ਨੇ ਕਿ ਕਿਤੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਰਗੀ ਸ਼ਰਮਨਾਕ ਤਾਂ ਨਹੀਂ ਹੋਵੇਗੀ ਸ਼ਾਹਕੋਟ ਵਿਚ ? ਗੁਰਦਾਸਪੁਰ ਵਿਚ ਸਿਰਫ਼ 23 ਹਜ਼ਾਰ ਵੋਟਾਂ ਹੀ ਆਪ ਉਮੀਦਵਾਰ ਨੂੰ ਮਿਲੀਆਂ ਸਨ .
ਬਾਬੂਸ਼ਾਹੀ ਡਾਟ ਕਾਮ ਦੀ ਜਾਣਕਾਰੀ ਅਨੁਸਾਰ ਪੰਜਾਬ ਦੀ ਪਾਰਟੀ ਲੀਡਰਸ਼ਿਪ ਦਾ ਇੱਕ ਹਿੱਸਾ ਇਸ ਮੱਤ ਦਾ ਹੈ ਕਿ ਜ਼ਿਮਨੀ ਚੋਣ ਬਾਰੇ ਨਿਰਨਾ ਸਥਾਨਕ ਪਾਰਟੀ ਕਾਰਕੁਨਾਂ ਤੇ ਛੱਡ ਦੇਣਾ ਚਾਹੀਦਾ ਹੈ ਪਰ ਦਿੱਲੀ ਵਿਚ ਬੈਠੀ ਪਾਰਟੀ ਲੀਡਰਸ਼ਿਪ ਦਾ ਵੱਡਾ ਹਿੱਸਾ ਇਹ ਸਮਝਦਾ ਹੈ ਕਿ ਅਜਿਹੀ ਜ਼ਿਮਨੀ ਚੋਣ ਵਿਚ ਆਪਣਾ ਢਿੱਡ ਨੰਗਾ ਕਰਨ ਨਾਲੋਂ ਬਿਹਤਰ ਹੈ ਕਿ ਇਸ ਤੋਂ ਪਾਸੇ ਰਿਹਾ ਜਾਵੇ . ਸਾਬਕਾ ਆਈ ਏ ਐਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਸ਼ਾਸ਼ਕੀ ਅਤੇ ਸ਼ਿਕਾਇਤ-ਨਿਵਾਰਨ ਵਿੰਗ ਦੇ ਮੁਖੀ ਜਸਬੀਰ ਸਿੰਘ ਬੀਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਵੀ ਪਾਰਟੀ ਲੀਡਰਸ਼ਿਪ ਨੂੰ ਇਹੀ ਰਾਏ ਦਿੱਤੀ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਨਹੀਂ ਲੜਨੀ ਚਾਹੀਦੀ ਅਤੇ ਆਪਣੀ ਪਾਰਟੀ ਤਾਕਤ ਬੇਵਜ੍ਹਾ ਖ਼ਰਾਬ ਨਹੀਂ ਕਰਨੀ ਚਾਹੀਦੀ. ਉਨ੍ਹਾਂ ਦੱਸਿਆ ਕਿ ਬੇਸ਼ੱਕ ਰਸਮੀ ਤੌਰ ਤੇ ਅਜੇ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੇ ਇਸ ਚੋਣ ਬਾਰੇ ਆਪਣੀ ਕੋਈ ਰਾਏ ਜਾਂ ਨਿਰਨਾ ਨਹੀਂ ਦਿੱਤਾ ਪਰ ਸੰਕੇਤ ਅਜਿਹੇ ਹੀ ਹਨ ਕਿ ਕੇਂਦਰੀ ਨੇਤਾ ਇਹੀ ਚਾਹੁੰਦੇ ਹਨ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜ਼ਬੂਤ ਕੀਤਾ ਜਾਵੇ . ਜ਼ਿਮਨੀ ਚੋਣ ਵਿਚ ਸਮਾ, ਧਨ ਅਤੇ ਮਨੁੱਖੀ -ਸ਼ਕਤੀ ਖ਼ਰਾਬ ਹੋਣ ਦੇ ਵਧੇਰੇ ਆਸਾਰ ਹਨ .
ਦੂਜੇ ਪਾਸੇ ਆਪ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਅਤੇ ਆਪ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਪਾਰਟੀ ਲੀਡਰਸ਼ਿਪ ਨੂੰ ਇਹੀ ਸਲਾਹ ਦਿੱਤੀ ਹੈ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਲੜਨ ਦਾ ਪੰਗਾ ਨਾ ਲਿਆ ਜਾਵੇ. ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ "ਪਾਰਟੀ ਨੇ ਤਾਂ ਇਸ ਬਾਰੇ ਨਿਰਨਾ ਅਜੇ ਕਰਨਾ ਹੈ ਪਰ ਮੇਰੀ ਨਿੱਜੀ ਰਾਇ ਇਹੀ ਹੈ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਤੋਂ ਪਾਰਟੀ ਨੂੰ ਪਾਸੇ ਰਹਿਣਾ ਚਾਹੀਦਾ ਹੈ ਕਿਉਂਕਿ ਪਾਰਟੀ ਨੂੰ ਇਸ ਦਾ ਕੋਈ ਲਾਭ ਨਹੀਂ ਹੋਣਾ ." ਭਗਵੰਤ ਮਾਨ ਨੇ ਸਤੰਬਰ 2017 ਵਿਚ ਹੋਈ ਧੂਰੀ ਵਿਧਾਨ ਸਭਾ ਹਲਕੇ ਦੀ ਚੋਣ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹ ਚੋਣ ਆਪ ਨੇ ਨਹੀਂ ਲੜੀ ਸੀ ਜੋ ਕਿ ਠੀਕ ਕਦਮ ਸਾਬਤ ਹੋਇਆ ਸੀ .
ਫਰਵਰੀ 2017 ਦੀਆਂ ਚੋਣਾਂ ਵਿਚ ਬੇਸ਼ੱਕ ਸ਼ਾਹਕੋਟ ਤੋਂ ਆਪ ਦੀ ਕਾਰਗੁਜ਼ਾਰੀ ਬਹੁਤ ਅੱਛੀ ਸੀ ,ਆਪ ਉਮੀਦਵਾਰ ਡਾ ਅਮਰਜੀਤ ਸਿੰਘ ਥਿੰਦ ਤੀਜੇ ਸਥਾਨ ਤੇ ਰਹਿ ਕੇ ਵੀ ਬਹੁਤ ਥੋੜ੍ਹੇ ਫ਼ਰਕ ਨਾਲ ਅਕਾਲੀ ਦਲ ਦੇ ਅਜੀਤ ਕੋਹਾੜ ਤੋਂ ਹਾਰੇ ਸਨ . ਉਦੋਂ ਆਮ ਆਦਮੀ ਪਾਰਟੀ ਸੱਤਾ ਪ੍ਰਾਪਤੀ ਦੇ ਮੁਕਾਬਲੇ ਵਿਚ ਦਿਖਾਈ ਦਿੰਦੀ ਸੀ ਪਰ ਉਸ ਤੋਂ ਬਾਅਦ ਸਿਆਸੀ ਹਾਲਤ ਬਹੁਤ ਬਦਲ ਚੁੱਕੀ ਹੈ . ਆਪ ਦੇ ਉਮੀਦਵਾਰ ਡਾਕਟਰ ਥਿੰਦ ਖ਼ੁਦ ਹੀ ਆਪ ਦਾ ਸਾਥ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਗਏ ਨੇ . ਆਪ ਵਰਕਰਾਂ ਦਾ ਇੱਕ ਹਿੱਸਾ ਅਕਾਲੀ ਦਲ ਨਾਲ ਅਤੇ ਇੱਕ ਹਿੱਸਾ ਕਾਂਗਰਸ ਨਾਲ ਮਿਲ ਗਿਆ ਹੈ ਅਤੇ ਪਾਰਟੀ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਚੁੱਕੀ ਹੈ .ਆਪ ਦੇ ਕੁਝ ਨੇਤਾ ਅਤੇ ਵਿਧਾਇਕ ਤਾਂ ਆਪਣੇ ਪੱਧਰ 'ਤੇ ਸਰਗਰਮ ਹਨ ਪਰ ਪਾਰਟੀ ਦੀ ਜਥੇਬੰਦਕ ਸਰਗਰਮੀ ਰਾਜ ਭਰ ਵਿਚ ਬਹੁਤ ਹੀ ਘੱਟ ਹੈ ਪਰ ਦੋਆਬੇ ਵਿਚ ਤਾਂ ਹੋਰ ਵੀ ਘੱਟ ਹੈ .ਕਾਂਗਰਸ ਦੇ ਰਾਜ ਅੰਦਰ ਜਦੋਂ ਸਰਕਾਰ ਦੇ ਅਜੇ 4 ਸਾਲ ਬਾਕੀ ਪਏ ਹਨ ਤਾਂ ਅਜਿਹੀ ਹਾਲਤ ਵਿਚ ਇਹ ਪਾਰਟੀ ਅਪਰਾਧ ਵਿਚ ਕਿਹੋ ਜਿਹੀ ਲੜਾਈ ਦੇ ਸਕੇਗੀ ਇਸ ਦਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ .
ਜ਼ਿਮਨੀ ਚੋਣ ਲੜਨ ਜਾਂ ਨਾ ਲੜਨ ਦਾ ਅੰਤਿਮ ਨਿਰਨਾ ਤਾਂ ਸਿਸੋਦੀਆ ਦੀ ਪੰਜਾਬ ਫੇਰੀ ਦੌਰਾਨ ਜਾਂ ਇਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸੰਭਾਵਨਾ ਇਸ ਗੱਲ ਦੀ ਹੈ ਆਮ ਆਦਮੀ ਪਾਰਟੀ ਸ਼ਾਹਕੋਟ ਜ਼ਿਮਨੀ ਚੋਣ ਲੜਨ ਤੋਂ ਪਾਸਾ ਵੱਟ ਸਕਦੀ ਹੈ .
2017 ਦੀਆਂ ਵਿਧਾਨ ਸਭਾ ਦੇ ਚੋਣ ਨਤੀਜੇ ਦਾ ਵੇਰਵਾ ਪੜ੍ਹਨ ਲਈ ਬਾਬਬੁਸ਼ਾਹੀ ਦੇ ਹੇਠਲੇ ਲਿੰਕ ਤੇ ਕਲਿੱਕ ਕਰੋ :
http://www.babushahi.com/pae2017/winner-detail.php?id=32