ਮੁੱਖ ਮੰਤਰੀ ਵੱਲੋਂ ਜ਼ੋਰਦਾਰ ਸਮਰਥਨ ਦੇਣ ਲਈ ਲੋਕਾਂ ਦਾ ਧੰਨਵਾਦ
ਸ਼ਾਹਕੋਟ, 26 ਮਈ 2018: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਣ ਨਾਲ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਸਿਖਰਾਂ ’ਤੇ ਪਹੁੰਚ ਗਈ। ਮੁੱਖ ਮੰਤਰੀ ਦਾ ਕਾਫਲਾ ਜਦੋਂ ਵੱਖ-ਵੱਖ ਇਲਾਕਿਆਂ ਵਿੱਚੋਂ ਗੁਜ਼ਰਿਆ ਤਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਉਨਾਂ ਦਾ ਪੂਰੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ।
ਰੋਡ ਸ਼ੋਅ ਦੌਰਾਨ ਕਾਂਗਰਸ ਦੇ ਹੱਕ ਵਿੱਚ ਗੂੰਜਦੇ ਨਾਅਰਿਆਂ ਅਤੇ ਪਾਰਟੀ ਦੇ ਰੰਗ ’ਚ ਰੰਗੇ ਵਰਕਰਾਂ ਤੇ ਸਮਰਥਕਾਂ ਦੇ ਜੋਸ਼ ਨਾਲ ਉਤਸ਼ਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਦਿ੍ਰੜ ਭਰੋਸਾ ਜ਼ਾਹਰ ਕਰਦਿਆਂ ਆਖਿਆ ਕਿ ਪਾਰਟੀ ਦਾ ਉਮੀਦਵਾਰ ਹਰਦੇਵ ਸਿੰਘ ਲਾਡੀ ਇਸ ਜ਼ਿਮਨੀ ਚੋਣ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ।
ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਕੱਢੇ ਲਾਮਿਸਾਲ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਪੂਰੇ ਜੋਸ਼ ਨਾਲ ਲੋਕਾਂ ਦਾ ਪਿਆਰ ਕਬੂਲਦਿਆਂ ਆਖਿਆ ਕਿ ਪਾਰਟੀ ਵੱਲੋਂ ਪਿਛਲੇ ਕੁਝ ਦਿਨਾਂ ਵਿੱਚ ਚੋਣ ਮੁਹਿੰਮ ਰਾਹੀਂ ਜ਼ਬਰਦਸਤ ਜਿੱਤ ਦਾ ਮੁੱਢ ਬੰਨਿਆ ਗਿਆ ਹੈ।
ਮੁੱਖ ਮੰਤਰੀ ਨੇ ਆਖਿਆ, ‘‘ਅਸੀਂ ਜਿੱਤਾਂਗੇ ਅਤੇ ਵੱਡੇ ਫਰਕ ਨਾਲ ਜਿੱਤਾਂਗੇ।’’ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਲਾਡੀ ਦੇ ਹੱਕ ਵਿੱਚ ਹਾਂ-ਪੱਖੀ ਰਿਪੋਰਟਾਂ ਹਾਸਲ ਹੋਈਆਂ ਹਨ ਅਤੇ ਜ਼ਮੀਨੀ ਪੱਧਰ ’ਤੇ ਵੀ ਕਾਂਗਰਸ ਦੇ ਹੱਕ ਵਿੱਚ ਹਵਾ ਵਗ ਰਹੀ ਹੈ।
ਮੁੱਖ ਮੰਤਰੀ ਨੇ ਅਕਾਲੀਆਂ ’ਤੇ ਵਰਦਿਆਂ ਆਖਿਆ ਕਿ ਇਨਾਂ ਨੇ 14 ਸਾਲਾਂ ਦੌਰਾਨ ਸ਼ਾਹਕੋਟ ਦੇ ਵਿਕਾਸ ਲਈ ਕੱਖ ਨਹੀਂ ਕੀਤਾ ਜਦਕਿ ਉਹ ਇਨਾਂ ਸਾਲਾਂ ਦੌਰਾਨ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਇਸ ਦੇ ਉਲਟ ਕਾਂਗਰਸ ਨੇ 14 ਮਹੀਨਿਆਂ ਵਿੱਚ ਹੀ ਸੂਬੇ ਨੂੰ ਮੁੜ ਵਿਕਾਸ ਦੀ ਲੀਹ ’ਤੇ ਪਾ ਦਿੱਤਾ ਹੈ। ਉਨਾਂ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਦੌਰਾਨ ਸ਼ਾਹਕੋਟ ਲਈ 113 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਸੀ ਤੇ ਹੁਣ ਵੀ ਉਹ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਉਨਾਂ ਦੀ ਭਲਾਈ ਲਈ ਸੂਬਾ ਸਰਕਾਰ ਆਪਣੇ ਉਪਰਾਲੇ ਜਾਰੀ ਰੱਖੇਗੀ।
ਮੀਂਹ ਤੇ ਗੜੇਮਾਰੀ ਨਾਲ ਨੁਕਸਾਨ ਝੱਲ ਚੁੱਕੇ ਖਰਬੂਜ਼ਿਆਂ ਦੇ ਕਾਸ਼ਤਕਾਰ ਕਿਸਾਨਾਂ ਲਈ ਮੁਆਵਜ਼ੇ ਦੇ ਮੁੱਦੇ ’ਤੇ ਝੂਠਾ ਪ੍ਰਚਾਰ ਕਰਨ ਵਾਲੇ ਅਕਾਲੀਆਂ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਅਨੁਮਾਨ ਪਹਿਲਾਂ ਹੀ ਲਾਇਆ ਜਾ ਚੁੱਕਾ ਹੈ ਅਤੇ ਚੋਣ ਜ਼ਾਬਤਾ ਹਟਣ ਤੋਂ ਤੁਰੰਤ ਬਾਅਦ ਮੁਆਵਜ਼ਾ ਜਾਰੀ ਕਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਖੰਡ ਮਿੱਲ ਮਾਲਕਾਂ ਦਾ 70 ਕਰੋੜ ਰੁਪਏ ਦਾ ਬਕਾਇਆ ਸਰਕਾਰ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਹ ਰਾਸ਼ੀ ਵੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੰਡ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸੰਜੀਦਾ ਮਾਮਲਿਆਂ ’ਤੇ ਵਿਰੋਧੀ ਧਿਰਾਂ ਘਟੀਆ ਸਿਆਸਤ ਖੇਡਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਜ਼ਿਮਣੀ ਚੋਣ ਵਿੱਚ ਕਾਂਗਰਸ ਦੀ ਜਿੱਤ ’ਤੇ ਪੂਰਾ ਭਰੋਸਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਪਾਰਟੀ ਦੇ ਕੌਮੀ ਲੀਡਰ ਆਸ਼ਾ ਕੁਮਾਰੀ, ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਨੇਤਾ ਰਾਣਾ ਗੁਰਜੀਤ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਜ਼ੋਰਦਾਰ ਚੋਣ ਮੁਹਿੰਮ ਚਲਾਈ। ਉਨਾਂ ਕਿਹਾ ਕਿ ਵਿਰੋਧੀ ਧਿਰ ਕਰਾਰੀ ਹਾਰ ਦਾ ਮੰੂਹ ਦੇਖਣ ਲਈ ਤਿਆਰ ਰਹੇ।
ਪੰਜ ਘੰਟਿਆਂ ਦੇ ਸਫ਼ਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਹਲਕੇ ਵਿੱਚ ਸੀ.ਆਰ.ਪੀ.ਐਫ. ਤਾਇਨਾਤ ਕਰਨ ਦੀ ਮੰਗ ਕੀਤੀ ਸੀ ਜੋ ਕਿ ਇੱਥੇ ਪਹਿਲਾਂ ਹੀ ਤਾਇਨਾਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧਿਆਂ ਕੋਲ ਆਪਣੀ ਹਾਰ ਦਾ ਬਹਾਨਾ ਘੜਨ ਲਈ ਕੋਈ ਵੀ ਕਾਰਨ ਨਹੀਂ ਰਹਿਣਾ।
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਕਰਜ਼ੇ ਵਿੱਚ ਡੁੱਬਿਆ ਹੋਇਆ ਪੰਜਾਬ ਵਿਰਾਸਤ ਵਿੱਚ ਮਿਲਿਆ ਸੀ ਅਤੇ ਹੁਣ ਉਨਾਂ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਤੇ ਰੁਜ਼ਗਾਰ ਪੈਦਾ ਕਰਨ ਦੀਆਂ ਸਕੀਮਾਂ ਸ਼ੁਰੂ ਕਰ ਕੇ ਚੰਗੀ ਸ਼ੁਰੂਆਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਅਜੇ ਹੋਰ ਚਾਰ ਸਾਲ ਕੰਮ ਕਰਨਾ ਹੈ ਅਤੇ ਚੋਣਾਂ ਤੋਂ ਪਹਿਲਾਂ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।
ਰੋਡ ਸ਼ੋਅ ਦੋਰਾਨ ਮਹਿਲਾਵਾਂ, ਬੱਚਿਆਂ, ਬਜ਼ੁਰਗਾਂ ਸਮੇਤ ਹਰੇਕ ਵਿਅਕਤੀ ਮੁੱਖ ਮੰਤਰੀ ਦੇ ਸਵਾਗਤ ਲਈ ਤਤਪਰ ਸੀ ਅਤੇ ਮੁੱਖ ਮੰਤਰੀ ਨੇ ਵੀ ਬੱਸ ਦੀ ਛੱਤ ’ਤੇ ਜਾ ਕੇ ਲੋਕਾਂ ਦਾ ਪਿਆਰ ਕਬੂਲ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਕਾਂਗਰਸ ਦੇ ਸਮਰਥਨ ਵਿੱਚ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਦਾ ਰੋਡ ਸ਼ੋਅ ਲੋਹੀਆਂ ਤੋਂ ਸ਼ੁਰੂ ਹੋਇਆ ਜੋ ਰੂਪੇਵਾਲ, ਮਲਸੀਆਂ, ਸ਼ਾਹਕੋਟ, ਫਜ਼ਲਵਾਲ, ਪਰੀਜਨ, ਮਹਿਤਪੁਰ, ਵਾਲਮੀਕ ਚੌਂਕ, ਚੀਮਾ ਹਸਪਤਾਲ ਨੇੜਿਓਂ ਹੁੰਦਾ ਹੋਇਆ ਅਨਾਜ ਮੰਡੀ ਵਿਖੇ ਖ਼ਤਮ ਹੋਇਆ। ਚੋਣ ਮੁਹਿੰਮ ਦੌਰਾਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜ ਕੁਮਾਰ ਵੇਰਕਾ ਤੇ ਨਵਤੇਜ ਚੀਮਾ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ।