ਅਧਿਆਪਕਾਂ ਤੇ ਸੁਰੇਸ਼ ਕੁਮਾਰ ਵਿਚਾਲੇ ਮੀਟਿੰਗ ਰਹੀ ਬੇ-ਸਿੱਟਾ, ਕੈਪਟਨ ਦੇ ਆਉਣ 'ਤੇ ਹੋਵੇਗਾ ਨਬੇੜਾ
ਪਟਿਆਲਾ, 23 ਅਕਤੂਬਰ 2018 - ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪੱਕੇ ਧਰਨੇ 'ਤੇ ਬੈਠੀ ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ ਗਈ।
ਪੰਜ ਘੰਟੇ ਤੱਕ ਚੱਲੀ ਇਸ ਬੈਠਕ 'ਚ ਭਾਵੇਂ ਜੋ ਅਧਿਆਪ ਚਾਹੁੰਦੇ ਸਨ, ਉਹਨਾਂ ਨੂੰ ਉਹ ਤਾਂ ਨਹੀਂ ਮਿਲਿਆ, ਪਰ ਇਹ ਫ਼ੈਸਲਾ ਜਰੂਰ ਹੋਇਆ ਕਿ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਤੋਂ ਸੂਬੇ 'ਚ ਪਰਤਣ ਮਗਰੋਂ ਉਨ੍ਹਾਂ ਨਾਲ 5 ਨਵੰਬਰ ਨੂੰ ਅਧਿਆਪਕ ਜਥੇਬੰਦੀਆਂ ਦੀ ਇੱਕ ਬੈਠਕ ਹੋਵੇਗੀ।
ਅਧਿਆਪਕਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਬਦਲੀਆਂ ਦੂਰ-ਦੁਰਾਡੇ ਹੋਈਆਂ ਹਨ ਅਤੇ ਜਿਨ੍ਹਾਂ ਦੀਆਂ ਮੁਅੱਤਲੀਆਂ ਕੀਤੀਆਂ ਗਈਆਂ ਹਨ, ਜੇਕਰ ਇਹ ਬਦਲੀਆਂ ਅਤੇ ਮੁਅੱਤਲੀਆਂ ਦੋ ਦਿਨਾਂ ਦੇ ਅੰਦਰ-ਅੰਦਰ ਰੱਦ ਕਰ ਦਿੱਤੀਆਂ ਗਈਆਂ ਤਾਂ ਅਧਿਆਪਕ ਦੋ ਦਿਨਾਂ ਬਾਅਦ ਮਰਨ ਵਰਤ ਅਤੇ ਧਰਨਾ ਖ਼ਤਮ ਕਰ ਦੇਣਗੇ। ਅਧਿਆਪਕ ਆਗੂਆਂ ਨੇ ਇਹ ਵੀ ਕਿਹਾ ਜੇਕਰ ਪੰਜ ਨਵੰਬਰ ਨੂੰ ਹੋਣ ਵਾਲੀ ਬੈਠਕ 'ਚ ਅਧਿਆਪਕਾਂ ਦੇ ਹੱਕਾਂ 'ਚ ਫ਼ੈਸਲਾ ਨਾ ਹੋਇਆ ਤਾਂ ਅਗਲੇ ਦਿਨ ਤੋਂ ਉਹ ਫਿਰ ਸੰਘਰਸ਼ ਸ਼ੁਰੂ ਕਰ ਦੇਣਗੇ।
-----------------------------------------------------------------------
ਅਧਿਆਪਕ ਵੱਲੋਂ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਲਿਆ ਅਹਿਦ
ਪ੍ਰਮੁੱਖ ਸਕੱਤਰ ਨਾਲ ਮੀਟਿੰਗ ਵਿੱਚ ਅਧਿਆਪਕ ਮੰਗਾਂ ਦਾ ਜਾਇਜ਼ ਹੱਲ ਨਾ ਹੋਣ ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਦਾਖਲ
ਪਟਿਆਲਾ 23 ਅਕਤੂਬਰ, 2018ਜੀ ਐੱਸ ਪੰਨੂ
ਅਧਿਆਪਕ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਪੱਕੇ ਮੋਰਚਾ ਅਤੇ ਇਸਦੇ ਦਰਮਿਆਨ 8886 ਐੱਸ.ਐੱਸ.ਏ./ਰਮਸਾ /ਮਾਡਲ/ਆਦਰਸ਼ ਨੂੰ ਰੈਗੂਲਰ ਕਰਨ ਦੇ ਨਾਮ ਹੇਠ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ 65% ਤੋਂ 75% ਤੱਕ ਦੀ ਵੱਡੀ ਕਟੌਤੀ ਦੇ ਵਿਰੋਧ ਵਜੋਂ ਚੱਲ ਰਿਹਾ ਮਰਨ ਵਰਤ ਅੱਜ ਸਤਾਰਵੇਂ ਦਿਨ ਵਿਚ ਸ਼ਾਮਲ ਹੋ ਗਿਆ।
ਅੱਜ ਮਰਨ ਵਰਤ ਦੇ ਸਤਾਰਵੇਂ ਦਿਨ ਵਿੱਚ ਪਿਛਲੇ 17 ਦਿਨਾਂ ਤੋਂ ਭੁੱਖੇ-ਪਿਆਸੇ ਅਧਿਆਪਕਾਂ ਦੀ ਸਿਹਤ ਵਿੱਚ ਡਾਵਾ-ਡੋਲਤਾ ਨੇ ਅਧਿਆਪਕ ਦੇ ਸੰਘਰਸ਼ੀ ਰੋਹ ਨੂੰ ਹੋਰ ਤਿੱਖਾ ਅਤੇ ਭਖਵਾਂ ਰੂਪ ਦਿੱਤਾ ਹੈ।ਅੱਜ ਅਧਿਆਪਕ ਜੱਥੇਬੰਦੀਆਂ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਹੋਣ ਵਾਲੀ ਮੀਟਿੰਗ ਦੇ ਸ਼ੁਰੂ ਹੋਣ ਤੇ ਅਧਿਆਪਕਾਂ ਨੇ ਪੰਡਾਲ ਵਿੱਚ ਤਿੱਖੇ ਅਤੇ ਸੰਘਰਸ਼ੀ ਨਾਅਰੇ ਗੁੰਜਾ ਕੇ ਆਪਣੀ ਸੰਘਰਸ਼ਾਂ ਵਿੱਚ ਆਪਣੀ ਦ੍ਰਿੜਤਾ ਅਤੇ ਜੱਥੇਬੰਦਕ ਸੰਘਰਸ਼ ਵਿੱਚ ਆਪਣੇ ਯਕੀਨ ਦਾ ਸਬੂਤ ਦਿੱਤਾ।
ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਵਿਕਰਮਦੇਵ ਸਿੰਘ, ਹਰਜੀਤ ਸਿੰਘ ਜੀਦਾ, ਗੁਰਪ੍ਰੀਤ ਸਿੰਘ ਅੰਮੀਵਾਲ,ਤਲਵਿੰਦਰ ਖਰੋੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਨਾਲ ਰੈਗੂਲਰ ਦੇ ਨਾਮ ਹੇਠ ਕੀਤੇ ਜਾ ਰਹੇ ਵੱਡੇ ਫਰੇਬ ਤਹਿਤ ਇਹਨਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 65% ਤੋਂ 75 % ਕੱਟ ਦੇ ਵਿਰੋਧ ਵਿੱਚ ਚੱਲ ਰਹੇ ਮਰਨ ਵਰਤ ਅਤੇ ਬਾਕੀ ਵਿਭਾਗੀ ਮੰਗਾਂ ਜਿਨ੍ਹਾਂ ਵਿੱਚ ਨਵੰਬਰ 2017 ਵਿੱਚ ਆਪਣੀਆਂ ਸੇਵਾਵਾਂ ਦੇ ਤਿੰਨ ਸਾਲ ਪੂਰੇ ਕਰ ਚੁੱਕੇ 5178 ਅਧਿਆਪਕਾਂ ਦੇ ਲਟਕਾਏ ਰੈਗੂਲਰ ਦੇ ਨੋਟੀਫਿਕੇਸ਼ਨ ਅਤੇ ਤਨਖਾਹਾ ਨੂੰ ਜਾਰੀ ਕਰਵਾਉਣ, ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਵੀ ਵਿਭਾਗ 'ਚ ਸਿਫਟ ਕਰਨ,ਆਦਰਸ਼ (ਪੀ.ਪੀ.ਪੀ. ਮੋਡ), ਆਈ.ਈ.ਆਰ.ਟੀ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ ਤੇ ਆਈ.ਈ.ਵੀ ਵਲੰਟੀਅਰ ਅਧਿਆਪਕਾਂ ਸਮੇਤ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਲਿਆ ਕੇ ਰੈਗੂਲਰ ਕਰਨ ਦੀ ਠੋਸ ਨੀਤੀ ਬਣਾਉਣ, ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਕੇ ਸਿੱਖਿਆ ਦਾ ਉਜਾੜਾ ਕਰਨ ਵਾਲੀ ਰੈਸ਼ਨਲਾਈਜੇਸ਼ਨ ਨੀਤੀ ਵਾਪਿਸ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ, ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਅਤੇ ਅਖੌਤੀ ਪ੍ਰਾਜੈਕਟਾਂ ਰਾਹੀਂ ਸਿੱਖਿਆ ਦਾ ਉਜਾੜਾ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ 'ਚੋਂ ਹਟਾਉਣ, ਸਿੱਖਿਆ ਦਾ ਨਿੱਜ਼ੀਕਰਨ ਬੰਦ ਕਰਕੇ ਸਮਾਜ ਦੇ ਆਮ ਲੋਕਾਂ ਦੇ ਬੱਚਿਆਂ ਲਈ ਮਿਆਰੀ ਅਤੇ ਮੁਫਤ ਜਨਤਕ ਸਿੱਖਿਆ ਨੂੰ ਯਕੀਨਨ ਰੂਪ ਵਿੱਚ ਲਾਗੂ ਕਰਨ, ਪੰਜਾਬ ਭਰ ਦੇ ਅਧਿਆਪਕ ਦੀਆਂ 2016 ਤੋਂ ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਜਾਰੀ ਕਰਨ, ਕਈ-ਕਈ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਅਤੇ ਆਦਰਸ਼ ਸਕੂਲਾਂ ਵਿੱਚ ਸਰਕਾਰੀ ਮਿਲੀਭੁਗਤ ਨਾਲ ਹੋਈਆਂ ਧਾਂਦਲੀਆਂ ਵਿਰੁੱਧ ਆਵਾਜ ਉਠਾਉਣ ਵਾਲੇ ਅਧਿਆਪਕਾਂ ਦੀਆਂ ਕੀਤੀਆਂ ਟਰਮੀਨੇਸ਼ਨਾ ਰੱਦ ਕਰਨ ਸਮੇਤ ਸਰਕਾਰ ਵੱਲੋਂ ਅਧਿਆਪਕ ਆਗੂਆਂ ਦੀਆਂ ਕੀਤੀਆਂ ਮੁਅੱਤਲੀਆਂ ਅਤੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਆਦਿ ਮੰਗਾਂ ਸ਼ਾਮਿਲ ਹਨ ਦੇ ਵਾਜਿਬ ਹੱਲ ਲਈ ਸੰਘਰਸ਼ ਬਾਦਸਤੂਰ ਜਾਰੀ ਹੈ।
ਆਗੂਆਂ ਨੇ ਆਖਿਆ ਕਿ ਸਰਕਾਰ ਦੇ ਝੂਠ -ਤੂਫ਼ਾਨ, ਡਰਾਵੇ -ਧਮਕੀਆਂ ,ਮੁਅੱਤਲੀਆਂ- ਬਦਲੀਆਂ ,ਠੰਢਾ ਛਿੜਕਣ ਲਈ ਬਣਾਈ ਮੁੜ - ਪੜਤਾਲ ਕਮੇਟੀ, ਤੂਹਮਤਾਂ ਤੇ ਕੂੜ- ਪ੍ਰਚਾਰ, ਝੂਠੇ ਅੰਕੜਿਆਂ ਅਤੇ ਗਲਤ ਤੱਥਾਂ ਨੂੰ ਨਕਾਰਦਿਆ 8886 ਐੱਸ.ਐੱਸ.ਏ./ਰਮਸਾ/ ਮਾਡਲ/ ਆਦਰਸ਼ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਉਸ ਦੇ ਸਿੱੱਖਿਆ ਵਿਭਾਗ ਵੱਲੋਂ ਸੂਬੇ ਅੰਦਰ ਅਧਿਆਪਕਾਂ ਲਈ ਜੰਗੀ ਹਲਾਤ ਸਿਰਜਦਿਆਂ ਇਹਨਾਂ ਅਧਿਆਪਕਾਂ ਨੂੰ ਛੁੱਟੀ ਨਾ ਦੇਣ ਦੇ ਹੁਕਮ ਨੂੰ ਠੁੱਡਾ ਮਾਰਦਿਆਂ ਅੱਜ ਧਰਨੇ ਵਿੱਚ ਭਰਵੀਂ ਸਮੂਲੀਅਤ ਕੀਤੀ।
ਇਸ ਸਮੇਂ ਸਮੂਹ ਹਾਜਿਰ ਅਧਿਆਪਕਾਂ ਵੱਲੋਂ ਰੈਗੂਲਰ ਦੇ ਨਾਮ ਹੇਠ ਤਨਖਾਹ ਕਟੌਤੀ ਦੇ ਰੂਪ ਵਿੱਚ ਕੀਤੀ ਜਾ ਰਹੀ ਵੱਡੀ ਕਟੌਤੀ ਨੂੰ ਮੁੱਢੋਂ ਨਕਾਰਦਿਆਂ, ਚੱਲ ਰਹੇ ਸੰਘਰਸ਼ ਤੇ ਭਰੋਸਾ ਜਤਾਉਦਿਆਂ ਹੱੱਕੀ ਅਤੇ ਜਾਇਜ਼ ਮੰਗਾਂ ਦੇ ਪੁਖਤਾ ਹੱਲ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।ਇਸ ਸਮੇਂ ਸਮੂਹ ਅਧਿਆਪਕਾਂ ਵੱਲੋਂ 23 ਅਕਤੂਬਰ ਦੀ ਮੀਟਿੰਗ ਵਿੱਚ 8886 ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਦੇ ਫੈਸਲੇ ਨੂੰ ਰੱਦ ਕਰਦਿਆਂ ਇਹਨਾਂ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਰੈਗੂਲਰ ਕਰਨ, ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸਮੇਤ ਸਾਂਝਾ ਅਧਿਆਪਕ ਮੋਰਚਾ ਦੇ ਮੰਗ ਪੱਤਰ ਵਿੱਚ ਦਰਜ਼ ਸਮੂਹ ਹੱਕੀ ਅਤੇ ਜਾਇਜ਼ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਇਸ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਦਾਖਲ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਭਰਾਤਰੀ ਜੱਥੇਬੰਦੀਆਂ ਵੱਲੋਂ ਇਕਬਾਲ ਸਿੰਘ ਢੀਡਸਾ,ਸਰਬਜੀਤ ਸਿੰਘ,ਜੁਗਿੰਦਰ ਆਜਾਦ,ਮੇਹਰ ਸਿੰਘ ਥੇੜੀ ਤੋਂ ਇਲਾਵਾ ਰਾਜੀਵ ਕੁਮਾਰ,ਨਿਰਮਲ ਚੁਹਾਣਕੇ,ਸਿਕੰਦਰ ਸਿੰਘ, ਗਗਨਦੀਪ,ਪੁਸ਼ਪਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।