ਅਧਿਆਪਕ ਮੋਰਚਾ 46ਵਾਂ ਦਿਨ - ਮਸਲਿਆਂ ਦਾ ਹੱਲ ਨਾ ਹੋਣ 'ਤੇ 2 ਦਸੰਬਰ ਨੂੰ ਪਟਿਆਲਾ ਜਾਮ ਕਰਨ ਦਾ ਐਲਾਨ
21 ਨਵੰਬਰ, ਪਟਿਆਲਾ : ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ ੪੬ ਦਿਨਾਂ ਤੋਂ ਧਰਨੇ 'ਤੇ ਬੈਠੇ ਅਧਿਆਪਕਾਂ ਨੇ ਫੈਸਲਾਕੁੰਨ ਸੰਘਰਸ਼ ਛੇੜਣ ਦਾ ਐਲਾਨ ਕਰ ਦਿੱਤਾ ਹੈ। ਸਾਂਝੇ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਫੈਡਰੇਸ਼ਨਾਂ, ਅਜਾਦ ਜਥੇਬੰਦੀਆਂ, ਕਿਸਾਨ, ਮਜਦੂਰ, ਵਿਦਿਆਰਥੀ ਅਤੇ ਇਸਤਰੀ ਜਥੇਬੰਦੀਆਂ ਨਾਲ ਅਹਿਮ ਸਾਂਝੀ ਇਕਤਰਤਾ ਸਥਾਨਕ ਤਰਕਸ਼ੀਲ ਹਾਲ ਵਿਖੇ ਕੀਤੀ ਗਈ।
ਸਾਂਝਾ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਪੂਨੀਆ ਤੋਂ ਇਲਾਵਾ ਸੁਰਿੰਦਰ ਕੰਬੋਜ, ਹਰਕੋਮਲ ਸਿੰਘ ਅਤੇ ਸੂਬਾ ਕੋ-ਕਨਵੀਨਰ ਗੁਰਜਿੰਦਰ ਪਾਲ, ਹਰਦੀਪ ਟੋਡਰਪੁਰ, ਦੀਦਾਰ ਮੁੱਦਕੀ, ਡਾ. ਅੰਮਿਰਤਪਾਲ ਸਿੱਧੂ ਅਤੇ ਵਿਨੀਤ ਕੁਮਾਰ ਨੇ ਸਾਂਝੇ ਤੌਰ 'ਤੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੇ ਮਸਲਿਆਂ ਦਾ ਹੱਲ ਨਾ ਕਰਨ ਦੇ ਰੋਸ ਵਜੋਂ 2 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਨੂੰ ਸੂਬਾ ਪੱਧਰ ਦੇ ਪ੍ਰਦਰਸ਼ਨ ਰਾਹੀਂ ਜਾਮ ਕੀਤਾ ਜਾਵੇਗਾ। ਮੁਲਾਜ਼ਮ ਫੈਡਰੇਸ਼ਨਾਂ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਪੂਰੀ ਤਾਕਤ ਲਗਾਉਂਦਿਆਂ ਸੰਘਰਸ਼ ਨੂੰ ਅੱਗੇ ਵਧਾਉਣ ਦਾ ਯਕੀਨ ਦਵਾਇਆ ਗਿਆ।
ਇਸ ਮੌਕੇ ਪ.ਸ.ਸ.ਫ (#1406, ਸੈਕਟਰ 22ਬੀ, ਚੰਡੀਗੜੵ) ਤੋਂ ਸਤੀਸ਼ ਰਾਣਾ, ਪ.ਸ.ਸ.ਫ ( ਵਿਗਿਆਨਕ) ਤੋਂ ਸੁਖਦੇਵ ਸਿੰਘ ਸੈਣੀ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਜੁਗਰਾਜ ਸਿੰਘ ਟੱਲੇਵਾਲ, ਪ.ਸ.ਸ.ਫ (#1680, ਸੈਕਟਰ 22ਬੀ, ਚੰਡੀਗੜੵ) ਤੋਂ ਦਰਸ਼ਨ ਸਿੰਘ ਲੁਬਾਣਾ, ਪੰਜਾਬ ਸਟੇਟ ਕਰਮਚਾਰੀ ਦਲ ਤੋਂ ਹਰੀ ਸਿੰਘ ਟੋਹੜਾ, ਗਜਟਿਡ ਨਾਨ-ਗਜਟਿਡ ਫੈਡਰੇਸ਼ਨ ਤੋਂ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਤੋਂ ਸੁੱਚਾ ਸਿੰਘ ਡਕੋਂਦਾ, ਨੌਜਵਾਨ ਭਾਰਤ ਸਭਾ ਤੋਂ ਰਮਿੰਦਰ ਪਟਿਆਲਾ, ਪੰਜਾਬ ਖੇਤ ਮਜਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਇਸਤਰੀ ਜਾਗਰਤੀ ਮੰਚ ਤੋਂ ਅਮਨਦੀਪ ਕੌਰ ਦਿਉਲ, ਜਨਵਾਦੀ ਇਸਤਰੀ ਸਭਾ ਤੋਂ ਨੀਲਮ ਘੁਮਾਣ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਤੋਂ ਸ੍ਰੀਨਾਥ, ਨੌਜਵਾਨ ਭਾਰਤ ਸਭਾ ਪੰਜਾਬ ਤੋਂ ਦਰਸ਼ਨ ਸਿੰਘ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜਾਦ) ਤੋਂ ਰਾਜਿੰਦਰ ਸਿੰਘ, ਸਫਾਈ ਮਜਦੂਰ ਯੂਨੀਅਨ ਤੋਂ ਹੰਸਰਾਜ ਸਿੰਘ, ਟੈਕਨੀਕਲ ਸਰਵਿਸਜ਼ ਯੂਨੀਅਨ ਪੰਜਾਬ ਤੋਂ ਕੁਲਦੀਪ ਸਿੰਘ ਖੰਨਾ, ਗੁਰੂ ਹਰਗੋਬਿੰਦ ਥਰਮਲ ਪਲਾਂਟ (ਲਹਿਰਾ ਮੁਹੱਬਤ) ਤੋਂ ਜਗਰੂਪ ਸਿੰਘ, ਜਲ ਸਪਲਾਈ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਤੋਂ ਹਾਕਮ ਸਿੰਘ ਧਨੇਠਾ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਤੋਂ ਹੁਸ਼ਿਆਰ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ( ਬਿਜਲੀ ਬੋਰਡ) ਤੋਂ ਭਰਪੂਰ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਤੋਂ ਮਲਾਗਰ ਸਿੰਘ ਖਮਾਣੋ, ਐਨ.ਐਚ.ਐਮ ਇੰਪਲਾਈਜ ਯੂਨੀਅਨ ਪੰਜਾਬ ਤੋਂ ਅਮਰਜੀਤ ਸਿੰਘ ਨੇ ਹਿੱਸਾ ਲਿਆ। ਅਧਿਆਪਕ ਆਗੂਆਂ ਰਣਜੀਤ ਸਿੰਘ, ਹਰਜੀਤ ਜੁਨੇਜਾ, ਹਰਕੋਮਲ ਸਿੰਘ, ਪਰਮਵੀਰ ਸਿੰਘ, ਭਾਰਤ ਕਲਿਆਣ, ਬਲਕਾਰ ਸਿੰਘ ਅਤੇ ਕਰਮਜੀਤ ਸਿੰਘ ਵੀ ਮੌਜੂਦ ਰਹੇ। ਸਿੱਖਿਆ ਸਕੱਤਰ ਅਤੇ ਸਿੱਖਿਆ ਮੰਤਰੀ ਦੀ ਝੂਠੀ ਸਿਫਾਰਿਸ਼ 'ਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਕਰ ਕੇ ਲਾਗੂ ਕੀਤੀ ਰੈਗੂਲਰ ਦੀ ਪਾਲਿਸੀ ਦੀ ਥਾਂ ਪੂਰੀਆਂ ਤਨਖਾਹਾਂ 'ਤੇ ਸੇਵਾਵਾਂ ਪੱਕੀਆਂ ਕਰਵਾਉਣ, 5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਰੈਗੂਲਰ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸਿਫਟ ਕਰਵਾਉਣ ਅਤੇ ਹੋਰ ਵਿਭਾਗੀ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਸਾਂਝੇ ਅਧਿਆਪਕ ਮੋਰਚੇ ਦਾ ਪੱਕਾ ਮੋਰਚਾ 46ਵੇਂ ਦਿਨ ਵਿੱਚ ਦਾਖਿਲ ਹੋ ਗਿਆ। ਜਿਥੇ ਸਿੱਖਿਆ ਸਕੱਤਰ ਨੀਚਤਾ ਦੀਆਂ ਸਾਰੀਆਂ ਹੱਦ ਬੰਦਾਂ ਟੱਪ ਕੇ ਆਪਣੇ ਝੂਠੇ ਅੰਕੜੇ ਨੂੰ ਸੱਚ ਸਿੱਧ ਕਰ ਰਿਹਾ ਹੈ ਉਥੇ ਅਧਿਆਪਕ ਵਰਗ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਤੱਕ ਬਜਿੱਦ ਹੈ ।
ਸੰਗਰੂਰ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਅਧਿਆਪਕਾਂ ਨੇ ਅੱਜ ਪੱਕੇ ਮੋਰਚੇ ਅਤੇ ਲੜੀਵਾਰ ਭੁੱਖ ਹੜਤਾਲ ਵਿੱਚ ਆਪਣੀ ਹਾਜਰੀ ਲਗਵਾਈ।