- ਅੱਜ 17 ਪੁਲਿਸ ਕੇਸ ਦਰਜ, 27 ਵਿਅਕਤੀ ਗ੍ਰਿਫਤਾਰ
- ਚੌਕਸੀ ਟੀਮਾਂ ਦੀ ਪ੍ਰੇਰਨਾ ਸਦਕਾ ਕਈ ਕਿਸਾਨਾਂ ਨੇ ਮੌਕੇ 'ਤੇ ਹੀ ਪਰਾਲੀ ਸਾੜਨ ਤੋਂ ਕੀਤੀ ਤੌਬਾ
- ਪਰਾਲੀ ਦਾ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਨੇ ਮੁਆਵਜ਼ੇ ਲਈ ਭਰੇ ਬਿਨੈ ਫ਼ਾਰਮ
ਸੰਗਰੂਰ, 12 ਨਵੰਬਰ 2019 - ਜ਼ਿਲ੍ਹਾ ਸੰਗਰੂਰ ਵਿੱਚ ਪਰਾਲੀ ਸਾੜਨ ਦੀ ਪ੍ਰਕਿਰਿਆ ਨੂੰ ਮੁਕੰਮਲ ਤੌਰ 'ਤੇ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਜ਼ ਕੀਤੀ ਚੌਕਸੀ ਮੁਹਿੰਮ ਤਹਿਤ ਹੁਣ ਤੱਕ 200 ਐਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਮਾਮਲੇ 'ਚ 142 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ 9 ਸਬ-ਡਵੀਜ਼ਨਲ ਸਾਂਝੀਆਂ ਟੀਮਾਂ ਦੀ ਨਿਗਰਾਨੀ ਹੇਠ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹਰੇਕ ਪਿੰਡ ਵਿੱਚ ਪੂਰੀ ਚੌਕਸੀ ਵਰਤੀ ਗਈ ਅਤੇ ਧਾਰਾ 188 ਤਹਿਤ 17 ਐਫ਼.ਆਈ.ਆਰ ਦਰਜ ਕਰਕੇ 27 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚੌਕਸੀ ਟੀਮਾਂ ਦੀ ਪ੍ਰੇਰਨਾ ਸਦਕਾ ਕਈ ਕਿਸਾਨਾਂ ਨੇ ਮੌਕੇ 'ਤੇ ਹੀ ਪਰਾਲੀ ਸਾੜਨ ਤੋਂ ਤੌਬਾ ਕੀਤੀ ਅਤੇ ਭਵਿੱਖ ਵਿੱਚ ਵੀ ਪਰਾਲੀ ਨਾ ਸਾੜਨ ਦਾ ਪ੍ਰਣ ਕੀਤਾ। ਇਸ ਦੌਰਾਨ ਕਈ ਕਿਸਾਨਾਂ ਨੇ ਰਹਿੰਦ-ਖੂਹੰਦ ਨਾ ਸਾੜਨ ਲਈ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਦੇ ਫਾਰਮ ਵੀ ਭਰੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਸਕੀਮ ਦਾ ਲਾਭ ਹਾਸਲ ਕਰਨ ਲਈ 965 ਕਿਸਾਨਾਂ ਵੱਲੋਂ ਆਪਣੇ ਬਿਨੈ ਪੱਤਰ ਜਮ੍ਹਾਂ ਕਰਵਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੁਆਰਾ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਐਲਾਨੇ ਜਾਣ ਤੋਂ ਬਾਅਦ ਜਿਲ੍ਹਾ ਸੰਗਰੂਰ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਉਨ੍ਹਾਂ ਕਿਸਾਨਾਂ ਵੱਲੋਂ ਫਾਰਮ ਭਰਨ ਦੀ ਪ੍ਰਕਿਰਿਆ ਜਾਰੀ ਹੈ ਜੋ ਕਿ ਪਰਾਲੀ ਨੂੰ ਸਾੜਨ ਦੀ ਥਾਂ ਤੇ ਯੋਗ ਪ੍ਰਬੰਧਨ ਕਰ ਰਹੇ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਵੀਆਈਪੀ ਕਾਰਡ ਜਾਰੀ ਕੀਤੇ ਜਾ ਰਹੇ ਹਨ ਜਿਸ ਦੇ ਨਾਲ ਇਨ੍ਹਾਂ ਕਿਸਾਨਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਵਾਉਣ ਸਮੇਂ ਤਰਜੀਹ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਇਹ ਹਦਾਇਤ ਵੀ ਕੀਤੀ ਕਿ ਪਰਾਲੀ ਸਾੜਨ ਵਾਲਿਆਂ ਨੂੰ ਲਗਾਏ ਜਾਣ ਵਾਲੇ ਜੁਰਮਾਨਿਆਂ ਦੀ ਫੌਰੀ ਵਸੂਲੀ ਲਈ ਕੋਰਟਾਂ ਵਿੱਚ ਚਾਲਾਨ ਪੇਸ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ, ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਨੇ ਬਿਨਾਂ ਸੁਪਰ ਐਸ.ਐਮ.ਐਸ ਪ੍ਰਣਾਲੀ ਤੋਂ ਚੱਲਣ ਵਾਲੀਆਂ ਕੰਬਾਈਨਾਂ ਨੂੰ ਜਬਤ ਕਰਨ ਅਤੇ ਜੁਰਮਾਨੇ ਵਸੂਲਣ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਅੱਜ 20 ਥਾਈਂ ਫਲੈਗ ਮਾਰਚ ਕੀਤੇ ਗਏ ਅਤੇ 25 ਵਿਸ਼ੇਸ਼ ਪੁਲਿਸ ਦਸਤੇ ਗਸ਼ਤ ਕਰ ਰਹੇ ਹਨ।