ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਉਸ ਨੂੰ ਜ਼ਮੀਨ ਵਿਚ ਹੀ ਰਲਾਉਣ : ਡਿਪਟੀ ਕਮਿਸ਼ਨਰ
ਗੁਰਨਾਮ ਸਿੱਧੂ
ਫਿਰੋਜ਼ਪੁਰ 07 ਨਵੰਬਰ 2019 : ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਆਮ ਆਦਮੀ ਨੂੰ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਚੰਦਰ ਗੈਂਦ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜੀਓਜੀ ਮੈਂਬਰਾਂ ਨਾਲ ਆਪਣੇ ਨਿਵਾਸ ਸਥਾਨ ਤੋਂ ਸਾਈਕਲ ਚਲਾ ਕੇ ਦਫ਼ਤਰ ਪਹੁੰਚੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਦਾ ਕਾਰਨ ਵੱਧ ਰਹੇ ਮੋਟਰ ਵਹੀਕਲ ਅਤੇ ਪਰਾਲੀ ਨੂੰ ਅੱਗ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਦ ਨੂੰ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕੰਮ ਕਰਨਾ ਪਵੇਗਾ, ਇਸ ਲਈ ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਮੋਟਰ ਵਹੀਕਲਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜ਼ਿਆਦਾ ਨਹੀਂ ਤਾਂ ਘੱਟੋ ਘੱਟ 10 ਤੋਂ 15 ਦਿਨ ਆਪਣੇ ਦਫ਼ਤਰ ਜਾਂ ਕਿਸੇ ਹੋਰ ਕੰਮਾਂ ਤੇ ਆਉਣ-ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਇਕ ਤਾਂ ਜਿੱਥੇ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰ ਸਕਦੇ ਹਾਂ ਉੱਥੇ ਹੀ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਸਾਈਕਲ ਰੈਲੀ ਦਾ ਮਕਸਦ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਬਾਰੇ ਵੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ ਜੋ ਕਿ ਮਨੁੱਖੀ ਸਿਹਤ ਤੇ ਬਹੁਤ ਬੁਰਾ ਅਸਰ ਪਾਉਂਦਾ ਹੈ। ਉਨ੍ਹਾਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਕੰਮ ਕਰਨ ਅਤੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਖੇਤੀਬਾੜੀ ਵੱਲੋਂ ਸਿਫ਼ਾਰਿਸ਼ ਕੀਤੇ ਸੰਦਾਂ ਦੀ ਵਰਤੋਂ ਉਸ ਨੂੰ ਜ਼ਮੀਨ ਵਿਚ ਹੀ ਰਲਾਇਆ ਜਾਵੇ। ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਆਪਣੇ ਨਿਵਾਸ ਸਥਾਨ ਤੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੱਕ ਪੌਦੇ ਲਗਾਉਣ ਦਾ ਕੰਮ ਕੀਤਾ ਗਿਆ ਹੈ। ਇਸ ਮੌਕੇ ਐੱਸਡੀਐੱਮ ਫ਼ਿਰੋਜ਼ਪੁਰ ਅਮਿਤ ਗੁਪਤਾ, ਐੱਸਡੀਐੱਮ ਗੁਰੂਹਰਸਹਾਏ ਕੁਲਦੀਪ ਬਾਵਾ, ਰਿਟਾ. ਮੇਜਰ ਜਨਰਲ ਐੱਸਐੱਸ ਚੌਹਾਨ, ਸੀਨੀਅਰ ਸੁਪਰਵਾਈਜ਼ਰ ਜੋਗਿੰਦਰ ਸਿੰਘ, ਕੈਪਟਨ ਪੰਜਾਬ ਸਿੰਘ, ਹਰਦਿਆਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।