← ਪਿਛੇ ਪਰਤੋ
ਜੀ ਐੱਸ ਪੰਨੂ
ਪਟਿਆਲਾ, 5 ਨਵੰਬਰ 2019 - ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਪ੍ਰਸ਼ਾਸ਼ਨ ਜ਼ੀਰੋ ਟਾਲਰੇਂਸ ਦੀ ਨੀਤੀ ਦੇ ਤਹਿਤ ਸਖਤ ਕਾਰਵਾਈ ਕਰਦੇ ਹੋਏ ਪਟਿਆਲਾ ਜ਼ਿਲ੍ਹੇ ਵਿੱਚ ਦੋ ਦਿਨਾਂ 'ਚ ਹੀ 48 ਵਿਅਕਤੀਆਂ 'ਤੇ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਸੁਪਰ ਐਸ.ਐਮ.ਐਸ. ਨਾ ਲਗਾਉਣ ਵਾਲੀਆਂ 8 ਕੰਬਾਇਨਾਂ 'ਤੇ ਵੀ ਕਾਰਵਾਈ ਕੀਤੀ ਗਈ ਹੈ। ਮਿੰਨੀ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਮੀਟਿੰਗ ਦੇ ਬਾਅਦ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ 'ਚ ਅਜਿਹੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਜਿਹੜਾ ਖੁਦ ਪਰਾਲੀ ਨੂੰ ਅੱਗ ਲਗਾ ਰਿਹਾ ਹੈ ਜਾਂ ਫਿਰ ਕਿਸੇ ਨੂੰ ਪਰਾਲੀ ਅੱਗ ਲਗਾਉਣ ਦੇ ਲਈ ਉਕਸਾ ਰਿਹਾ ਹੈ ਅਤੇ ਪਰਾਲੀ ਅੱਗ ਲਗਾਉਣ ਵਿੱਚ ਮਦਦ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਸੀ.ਆਰ.ਪੀ.ਸੀ. ਦੀ ਧਾਰਾ 188 ਦੇ ਤਹਿਤ ਹੁਣ ਤੱਕ 48 ਮਾਮਲੇ ਪੁਲਿਸ ਨੇ ਦਰਜ਼ ਕਰ ਲਏ ਹਨ ਅਤੇ ਇਹ ਕਾਰਵਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਜਿਹਨਾਂ ਕੰਬਾਇਨਾਂ 'ਤੇ ਸੁਪਰ ਐਸ.ਐਮ.ਐਸ.ਨਹੀਂ ਲੱਗਿਆ ਅਤੇ ਖੇਤਾਂ 'ਚ ਝੋਨੇ ਦੀ ਕਟਾਈ ਕਰ ਰਹੀ ਅਜਿਹੀਆਂ 8 ਕੰਬਾਇਨਾਂ 'ਤੇ ਵੀ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਗਈ ਹੈ। ਕੁਮਾਰ ਅਮਿਤ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨੇ ਵੀ 1346 ਵਿਅਕਤੀਆਂ 'ਤੇ ਕਾਰਵਾਈ ਕਰਦਿਆਂ 38 ਲੱਖ 7 ਹਜ਼ਾਰ ਸੱਤ ਸੌ ਰੁਪਏ ਦੇ ਜ਼ੁਰਮਾਨੇ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਸਖਤ ਆਦੇਸ਼ ਹੋਏ ਹਨ ਜਿਸ ਤਹਿਤ ਗ੍ਰਾਂਮ ਪੰਚਾਇਤਾਂ ਅਤੇ ਐਸ.ਐਚ.ਓ.ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਦੀ ਸੂਚੀ ਤਿਆਰ ਕਰਨਗੇ ਅਤੇ ਇਹ ਸੂਚਿਤ ਕਰਨਗੇ ਕਿ ਕਿਤੇ ਕੋਈ ਅੱਗ ਨਹੀਂ ਲੱਗੀ ਹੈ। ਐਨਾ ਹੀ ਨਹੀਂ ਸੁਪਰੀਮ ਕੋਰਟ ਨੇ ਪ੍ਰਸ਼ਾਸ਼ਨ ਅਤੇ ਪੁਲਿਸ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਦੇ ਹੋਏ ਕਿਹਾ ਹੈ ਕਿ ਜਿੱਥੇ ਕਿਤੇ ਕੋਈ ਵਿਅਕਤੀ ਉਲੰਘਣਾ ਕਰਦਾ ਹੈ ਤਾਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਤੱਕ ਹੀ ਪਰਾਲੀ ਨੂੰ ਅੱਗ ਲਗਾਉਣ ਦੀ ਜਿੰਮੇਵਾਰੀ ਸੀਮਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਪ੍ਰਸ਼ਾਸ਼ਨਿਕ ਮਸ਼ੀਨਰੀ ਵੀ ਜਿੰਮੇਵਾਰ ਹੋਵੇਗੀ।
Total Responses : 266