ਥਾਣੇ ’ਚ ਥੱਪੜੋ ਥੱਪੜੀ ਹੋਏ ਥਾਣੇਦਾਰ ਤੇ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ
ਅਸ਼ੋਕ ਵਰਮਾ
ਬਠਿੰਡਾ, 25 ਮਾਰਚ2022: ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਕਹਿਣ ਵਾਲੇ ਸੁਰਿੰਦਰ ਬਾਂਸਲ ਉਰਫ ਨਿੰਨੀ ਬਾਂਸਲ ਅਤੇ ਐਸਐਚਓ ਫੂਲ ਟਾਊਨ ਮਨਪ੍ਰੀਤ ਸਿੰਘ ਦੇ ਥਾਣੇ ਦੇ ਅੰਦਰ ਹੀ ਆਪਸ ’ਚ ਥੱਪੜੋ ਥੱਪੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੇ ਇੱਕ ਦੂਜੇ ਤੇ ਹਮਲਾ ਕਰਨ ਦੇ ਦੋਸ਼ ਲਾਉਂਦਿਆਂ ਉੱਚ ਅਧਿਕਾਰੀਆਂ ਤੋਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਨਿੰਨੀ ਬਾਂਸਲ ਦੇ ਆਪ ਵਰਕਰ ਹੋਣ ਦੀ ਗੱਲ ਤੋਂ ਪੱਲਾ ਝਾੜ ਲਿਆ ਹੈ।
ਵੀਡੀਉ ਵੀ ਦੇਖੋ :
ਵੀਡੀਓ: ਥਾਣੇ ’ਚ ਥੱਪੜੋ ਥੱਪੜੀ ਹੋਏ ਥਾਣੇਦਾਰ ਤੇ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ -ਕੀ ਕਹਿੰਦੇ ਨੇ AAP MLA Balkar Sidhu
ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਬਾਂਸਲ ਉਰਫ ਨਿੰਨੀ ਬਾਂਸਲ ਖਿਲਾਫ ਉਸ ਦੇ ਹੀ ਚੌਕੀਦਾਰ ਨੇ ਕੁੱਟਮਾਰ ਕਰਨ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸ ਨੂੰ ਦੇਖਦਿਆਂ ਨਿੰਨੀ ਬਾਂਸਲ ਅਤੇ ਉਸ ਦੇ ਮੁਨਸ਼ੀ ਵੱਲੋਂ ਵੀ ਸ਼ਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਦੀ ਪੁਲਿਸ ਪੜਤਾਲ ਕਰ ਰਹੀ ਸੀ। ਪਤਾ ਲੱਗਿਆ ਹੈ ਕਿ ਸੁਰਿੰਦਰ ਬਾਂਸਲ ਇਸ ਸਬੰਧ ’ਚ ਥਾਣੇ ਗਏ ਸਨ ਜਿੱਥੇ ਐਸਐਚੳ ਫੂਲ ਅਤੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਇਹ ਤਕਰਾਰ ਐਨੀ ਵਧ ਗਈ ਅਤੇ ਦੋਵੇਂ ਜਣੇ ਹੱਥੋਪਾਈ ਹੋ ਗਏ। ਦੋਵਾਂ ਹੀ ਧਿਰਾਂ ਨੇ ਇੱਕ ਦੂਸਰੇ ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।
ਥਾਣਾ ਫੂਲ ਦੇ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਉਰਫ ਨਿੰਨੀ ਬਾਂਸਲ ਦੇ ਚੌਂਕੀਦਾਰ ਨੇ ਥਾਣਾ ਫੂਲ ਵਿਖੇ ਕੁੱਟਮਾਰ ਕਰਨ ਦੀ ਦਰਖਾਸਤ ਦਰਜ ਕਰਵਾਈ ਸੀ। ਬਾਅਦ ’ਚ ਨਿੰਨੀ ਬਾਂਸਲ ਅਤੇ ਉਸਦੇ ਮੁਨਸ਼ੀ ਵੀ ਦਰਖਾਸਤ ਦੇਕੇ ਗਏ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਨਿੰਨੀ ਬਾਂਸਲ ਨੂੰ ਚੌਂਕੀਦਾਰ ਦੀ ਦਰਖਾਸਤ ਦੇ Ñਸਬੰਧ ਵਿੱਚ ਥਾਣਾ ਫੂਲ ਵਿਖੇ ਸੱਦਿਆ ਸੀ। ਉਨ੍ਹਾਂ ਦੱਸਿਆ ਕਿ ਖੁਦ ਨੂੰ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਦੱਸਣ ਵਾਲੇ ਨਿੰਨੀ ਬਾਂਸਲ ਨੇ ਆਪਣੇ ਆਪ ਨੂੰ ਸਿਆਸੀ ਲੀਡਰਾਂ ਅਤੇ ਉੱਚ ਅਧਿਕਾਰੀਆਂ ਦਾ ਕਰੀਬੀ ਹੋਣ ਬਾਰੇ ਕਹਿ ਕੇ ਉਸ ਨੂੰ ਡਿਸਮਿਸ ਕਰਵਾਉਣ ਦੀਆਂ ਧਮਕੀਆਂ ਦੇਣ ਲੱਗਾ।
ਉਨ੍ਹਾਂ ਦੱਸਿਆ ਕਿ ਉਸ ਨੂੰ ਰੋਕੇ ਜਾਣ ਦੇ ਬਾਵਜੂਦ ਨਿੰਨੀ ਬਾਂਸਲ ਉਨ੍ਹਾਂ ਨਾਲ ਉੱਚੀ ਅਵਾਜ਼ ’ਚ ਗੱਲ ਕਰਨ ਲੱਗਿਆ ਅਤੇ ਇਸੇ ਦੌਰਾਨ ਉਸਨੇ ਮੇਰੇ ਮੂੰਹ ਤੇ ਮੁੱਕਾ ਮਾਰਿਆ ਅਤੇ ਮੇਰੀ ਵਰਦੀ ਪਾੜ ਦਿੱਤੀ। ਓਧਰ ਸੁਰਿੰਦਰ ਬਾਂਸਲ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋ ਉਹ ਦਰਖਾਸਤ ਦੇ ਸਬੰਧ ਵਿੱਚ ਥਾਣਾ ਫੂਲ ਵਿਖੇ ਗਿਆ ਤਾਂ ਐਸਐਚਓ ਮਨਪ੍ਰੀਤ ਸਿੰਘ ਦਾ ਮੇਰੇ ਪ੍ਰਤੀ ਵਿਹਾਰ ਬਹੁਤਾ ਠੀਕ ਨਹੀ ਸੀ। ਉਨ੍ਹਾਂ ਦੱਸਿਆ ਕਿ ਐਸ ਐਚ ਓ ਨੇ ਮੈਨੂੰ ਪੁਲਿਸ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਤਾਂ ਮੈਂ ਕਾਰਨ ਪੁੱਛਿਆਂ ਤਾਂ ਉਸ ਨੇ ਬਿਨਾਂ ਕਿਸੇ ਕਾਰਨ ਤੋਂ ਮੇਰੇ ਨਾਲ ਗੱਲ ਕਰਦਿਆਂ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ।
ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਐਸ ਐਚ ਓ ਨੇ ਥਾਣੇ ’ਚ ਮੌਜੂਦ ਪੁਲਿਸ ਕਰਮਚਾਰੀਆਂ ਨਾਲ ਉਸ ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਮੁਲਾਜਮਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਰ ਕੀਤੀ ਥੱਪੜ ਮਾਰੇ ਜਿਸ ਦੇ ਸਿੱਟੇ ਵਜੋਂ ਉਹ ਜਖਮੀ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਐਸ ਐਚ ਓ ਨੇ ਆਪਣੀ ਵਰਦੀ ਪਾੜ ਲਈ ਜਿਸ ਦਾ ਝੂਠਾ ਇਲਜ਼ਾਮ ਮੇਰੇ ’ਤੇ ਲਗਾਇਆ ਜਾ ਰਿਹਾ ਹੈ। ਡੀਐਸਪੀ ਫੂਲ ਸਤਨਾਮ ਸਿੰਘ ਦਾ ਕਹਿਣਾ ਸੀ ਕਿ ਐਸ ਐਚਓ ਅਤੇ ਨਿੰਨੀ ਬਾਂਸਲ ਦਾ ਮੈਡੀਕਲ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ ਹੈ।
ਨਿੰਨੀ ਬਾਂਸਲ ਖਿਲਾਫ ਕੇਸ ਦਰਜ:
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਐਸ ਐਚ ਓ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਸੁਰਿੰਦਰ ਬਾਂਸਲ ਉਰਫ ਨਿੰਨੀ ਬਾਂਸਲ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿੰਨੀ ਬਾਂਸਲ ਜੋ ਵੀ ਬਿਆਨ ਦਰਜ ਕਰਵਾਏਗਾ ਉਨ੍ਹਾਂ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ।
ਕੀ ਕਹਿੰਦੇ ਨੇ ਹਲਕਾ MLA ਬਲਕਾਰ ਸਿੱਧੂ
‘ਆਪ’ ਨਾਲ ਸਬੰਧ ਨਹੀਂ:ਵਿਧਾਇਕ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੈ੍ਰਸ ਕਾਨਫਰੰਸ ਕਰਕੇ ਸੁਰਿੰਦਰ ਬਾਂਸਲ ਦਾ ਪਾਰਟੀ ਜਾਂ ਉਨ੍ਹਾਂ ਨਾਲ ਕੋਈ ਵੀ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿੰਨੀ ਬਾਂਸਲ ਨਾਂ ਤਾਂ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਨਾਂ ਹੀ ਵਰਕਰ ਹੈ। ਉਨ੍ਹਾਂ ਕਿਹਾ ਕਿ ਨਿੰਨੀ ਬਾਂਸਲ ਆਮ ਆਦਮੀ ਪਾਰਟੀ ਦਾ ਨਾਮ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਇਕ ਹੋਣ ਦੇ ਨਾਤੇ ਉਨ੍ਹਾਂ ਨਾਲ ਹਜ਼ਾਰਾਂ ਲੋਕ ਫੋਟੋਆਂ ਖਿਚਾਵਾਉਂਦੇ ਰਹਿੰਦੇ ਹਨ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਹਰ ਕੋਈ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੁਲਿਸ ਮੁਲਾਜਮਾਂ ਦੀ ਇੱਜਤ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ।