ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਕੀਤਾ ਗ੍ਰਿਫ਼ਤਾਰ
ਸੰਜੀਵ ਜਿੰਦਲ
ਮਾਨਸਾ, 24 ਮਈ 2022 : ਹੁਣੇ ਹੁਣੇ ਇਕ ਤਾਜ਼ੀ ਤੇ ਵੱਡੀ ਖ਼ਬਰ ਮਿਲੀ ਹੈ ਕਿ ਪੰਜਾਬ ਕੈਬਨਿਟ ਤੋਂ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਕੀਤੀ ਗਈ ਹੈ। ਸਿੰਗਲਾ ਉੱਪਰ 1 ਫ਼ੀਸਦ ਕਮਿਸ਼ਨ ਮੰਗਣ ਦੇ ਦੋਸ਼ ਲੱਗੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਐੱਫਆਈਆਰ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਵਿਜੇ ਸਿੰਗਲਾ ‘ਤੇ ਅਧਿਕਾਰੀਆਂ ਤੋਂ ਠੇਕੇ ‘ਤੇ 1% ਕਮਿਸ਼ਨ ਦੀ ਮੰਗ ਕਰਨ ਦੇ ਇਲਜ਼ਾਮ ਲੱਗੇ ਸਨ, ਜਿਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਵਾਈ ਕੀਤੀ।
ਇਸ ਸਬੰਧੀ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਉਸ ਉਮੀਦ ‘ਤੇ ਖਰਾ ਉਤਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਸਾਡੀ ਸਰਕਾਰ 1% ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ, ਜਦੋਂ ਤੱਕ ਭਾਰਤ ਵਿੱਚ ਅਰਵਿੰਦ ਕੇਜਰੀਵਾਲ ਵਰਗੀ ਮਾਂ ਦਾ ਪੁੱਤਰ ਅਤੇ ਭਗਵੰਤ ਮਾਨ ਵਰਗੇ ਸਿਪਾਹੀ ਹਨ, ਭ੍ਰਿਸ਼ਟਾਚਾਰ ਵਿਰੁੱਧ ਮਹਾਨ ਜੰਗ ਜਾਰੀ ਰਹੇਗੀ।
ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਸਿਸਟਮ ਨੂੰ ਜੜੋਂ ਪੁੱਟ ਦੇਵਾਂਗੇ, ਅਸੀਂ ਸਾਰੇ ਉਨ੍ਹਾਂ ਦੇ ਸਿਪਾਹੀ ਹਾਂ ਤੇ ਭ੍ਰਿਸ਼ਟਾਚਾਰ ਲਈ ਇੱਥੇ ਕੋਈ ਥਾਂ ਨਹੀਂ ਹੈ।
ਉਨ੍ਹਾਂ ਕਿਹਾ ਸਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਪਣੇ ਇੱਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ ਤੇ ਅੱਜ ਦੇਸ਼ ਵਿੱਚ ਅਜਿਹਾ ਦੂਜੀ ਵਾਰ ਹੋ ਰਿਹਾ ਹੈ ਕਿ ਕਿਸੇ ਮੁੱਖ ਮੰਤਰੀ ਨੇ ਸਿੱਧੇ ਆਪਣੇ ਮੰਤਰੀ ‘ਤੇ ਸਖ਼ਤ ਐਕਸ਼ਨ ਲਿਆ ਹੈ।