ਸੋਸ਼ਲ ਮੀਡੀਆ: ‘ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਰੋਗੀ ਹੋ ਗਿਆ ਸਿਹਤ ਮੰਤਰੀ
ਅਸ਼ੋਕ ਵਰਮਾ
ਬਠਿੰਡਾ,24 ਮਈ2022: ਮੰਗਲਵਾਰ ਨੂੰ ਸਿਰਫ ਇੱਕ ਫੀਸਦੀ ਕਮਿਸ਼ਨ ਮੰਗਣ ਦੇ ਮਾਮਲੇ ’ਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਵਜ਼ਾਰਤ ਵਿੱਚੋਂ ਬਰਖਾਸਤ ਕਰਨ ਨੂੰ ਲੈਕੇ ਫੇਸਬੁੱਕ ਵਰਗੀਆਂ ਸੋਸ਼ਲ ਸਾਈਟਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਰਵਾਈ ਦੀ ਭਰਵੀਂ ਸ਼ਲਾਘਾ ਹੋ ਰਹੀ ਹੈ। ਹਾਲਾਂਕਿ ਕੁੱਝ ਲੋਕਾਂ ਵੱਲੋਂ ਇਸ ਫੈਸਲੇ ਨੂੰ ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਨਾਲ ਜੋੜਕੇ ਵੀ ਪੇਸ਼ ਕੀਤਾ ਜਾ ਰਿਹਾ ਹੈ ਪਰ ਜਿਆਦਾਤਰ ਲੋਕਾਂ ਨੇ ਇਸ ਕਦਮ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਵਿਸ਼ੇਸ਼ ਪਹਿਲੂ ਹੈ ਕਿ ਫੈਸਲੇ ਖਿਲਾਫ ਭੰਡੀ ਪ੍ਰਚਾਰ ਕਰਨ ਵਾਲਿਆਂ ਦੇ ਮੁਕਾਬਲੇ ਸਲਾਹੁਣ ਵਾਲਿਆਂ ਦੀ ਗਿਣਤੀ ਵੱਡੀ ਹੈ।
ਫੇਸਬੁੱਕ ਪੇਜ ਤੇ ਆਮ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਵਿਜੇ ਸਿੰਗਲਾ ਖਿਲਾਫ ਲਏ ਫੈਸਲੇ ਦੀ ਪ੍ਰੋੜਤਾ ਵੀ ਕੀਤੀ ਜਾ ਰਹੀ ਹੈ। ਆਮ ਲੋਕਾਂ ਵੱਲੋਂ ਵਿਜੇ ਸਿੰਗਲਾ ਖਿਲਾਫ ਕਸੇ ਜਾ ਰਹੇ ਵਿਅੰਗ ਵੀ ਕਾਫੀ ਚਰਚਾ ਬਟੋਰ ਰਹੇ ਹਨ। ਫੇਸਬੁੱਕ ‘ਤੇ ਇਸ ਬਰਖਾਸਤਗੀ ਬਾਰੇ ਚੱਲ ਰਹੇ ਮਜ਼ਾਕੀਆ ਅਤੇ ਸੰਜੀਦਾ ਸੁਨੇਹਿਆਂ ਦੀ ਅੱਜ ਹਰ ਪਾਸੇ ਚਰਚਾ ਦਿਖਾਈ ਦਿੱਤੀ। ਗਲੀਆਂ, ਬਾਜ਼ਾਰਾਂ, ਦਫਤਰਾਂ, ਸੱਥਾਂ, ਘਰਾਂ ਅਤੇ ਸਿਆਸੀ ਧਿਰਾਂ ਦੀਆਂ ਮੀਟਿੰਗਾਂ ’ਚ ਅੱਜ ਇਹੋ ਮੁੱਦਾ ਛਾਇਆ ਹੋਇਆ ਹੈ।
ਲੋਕ ਪੱਖੀ ਆਗੂ ਅਤੇ ਇਨਕਲਾਬੀ ਗਾਇਕ ਜਗਸੀਰ ਜੀਦਾ ਵੱਲੋਂ ਕੀਤੀ ਗਈ ਟਿੱਪਣੀ ‘ਭ੍ਰਿਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਰੋਗੀ ਹੋ ਗਿਆ ਸਿਹਤ ਮੰਤਰੀ’ ਫੇਸਬੁੱਕ ਤੇ ਸਭ ਤੋਂ ਵੱਧ ਚਰਚਿਤ ਹੋਈ ਹੈ। ਜਗਸੀਰ ਜੀਦਾ ਦੇ ਇਨ੍ਹਾਂ ਸ਼ਬਦਾਂ ਨੂੰ ਆਮ ਲੋਕਾਂ ਵੱਲੋਂ ਐਨਾ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿ ਲੋਕ ਇਸ ਤੁਕਬੰਦੀ ਨੂੰ ਕਾਪੀ ਕਰਕੇ ਫੇਸਬੁੱਕ ਉੱਪਰ ਵੱਡੀ ਪੱਧਰ ਤੇ ਪੇਸਟ ਕਰ ਰਹੇ ਹਨ। ਚਰਚਾ ਦੇ ਮਾਮਲੇ ’ਚ ਦੂਸਰਾ ਨੰਬਰ ਉਸ ਵੀਡੀਓ ਦਾ ਹੈ ਜਿਸ ’ਚ ਵਿਜੇ ਸਿੰਗਲਾ ਜਿੱਤ ਵਾਲੇ ਦਿਨ ਪਹਿਲਵਾਨਾਂ ਦੀ ਤਰਾਂ ਥਾਪੀਆਂ ਮਾਰਦੇ ਅਤੇ ਡੌਲੇ ਦਿਖਾਉਂਦੇ ਨਜ਼ਰ ਆ ਰਹੇ ਹਨ।
ਆਮ ਲੋਕਾਂ ਨੂੰ ਮੰਤਰੀ ਵੱਲੋਂ ਕਮਿਸ਼ਨ ਦੀ ਮੰਗ ਇਸ ਕਰਕੇ ਵੀ ਚੁਭੀ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਲੜੀ ਚੋਣ ਦੌਰਾਨ ਪੂਰੇ ਦੁੱਧ ਧੋਤੇ ਬਣਕੇ ਵਿਜੇ ਸਿੰਗਲਾ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਈਡੀ ਵੱਲੋਂ ਗ੍ਰਿਫਤਾਰ ਕਰਨ ਅਤੇ ਬਾਦਲ ਪ੍ਰੀਵਾਰ ਖਿਲਾਫ ਵੀ ਅਜਿਹੇ ਹੀ ਮੁੱਦਿਆਂ ਨੂੰ ਅਧਾਰ ਬਣਾਕੇ ਤਿੱਖੇ ਸ਼ਬਦੀ ਹਮਲੇ ਕਰਦੇ ਰਹੇ ਹਨ। ਵਿਜੇ ਸਿੰਗਲਾ ਨੇ ਤਾਂ ਚੋਣਾਂ ਦੌਰਾਨ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਵੀ ਏਦਾਂ ਦੇ ਤੱਥਾਂ ਕਾਰਨ ਛੱਜ ’ਚ ਪਾਕੇ ਛੱਟਿਆ ਸੀ ਜਦੋਂਕਿ ਹੁਣ ਖੁਦ ਹੀ ਭ੍ਰਿਸ਼ਟਚਾਰ ’ਚ ਉਲਝ ਗਏ ਹਨ।
ਭਾਵੇਂ ਸਿਆਸੀ ਲੀਡਰਾਂ ਤੇ ਕੁਰੱਪਸ਼ਨ ਦੇ ਦੋਸ਼ ਲੱਗਣੇ ਜਾਂ ਫਿਰ ਲਾਏ ਜਾਣੇ ਪੰਜਾਬ ’ਚ ਆਮ ਵਰਤਾਰਾ ਹੈ ਪਰ ਪਹਿਲੀ ਵਾਰ ਕਿਸੇ ਸਿਆਸੀ ਆਗੂ ਨੂੰ ਐਨੀਆਂ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਹੈ। ਫੇਸਬੁੱਕ ਦੀ ਪੜਤਾਲ ਕਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਲੋਕਾਂ ਨੇ ਇਸ ਮਾਮਲੇ ’ਚ ਵਿਜੇ ਸਿੰਗਲਾ ਖਿਲਾਫ ਭੰਡੀ ਪ੍ਰਚਾਰ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਬਾਦਲ ਪ੍ਰੀਵਾਰ ਦੇ ਜੱਦੀ ਹਲਕੇ ਲੰਬੀ ਨਾਲ ਸਬੰਧਤ ਸੀਨੀਅਰ ਐਡਵੋਕੇਟ ਅਮਨਦੀਪ ਸਿੰੰਘ ਧਾਲੀਵਾਲ ਲਿਖਦੇ ਹਨ ਕਿ ‘ਅੱਜ ਜਦੋਂ ਸਰਕਾਰ ਨੇ ਆਪਣੇ ਸਿਹਤ ਮੰਤਰੀ ਉੱਪਰ ਵੱਡੀ ਕਾਰਵਾਈ ਕਰਦੇ ਹੋਏ ਨਾ ਸਿਰਫ ਉਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਸਗੋਂ ਗਿਰਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ ਤਾਂ ਨਿਰਸੰਦੇਹ ਇਸ ਕਾਰਵਾਈ ਦੀ ਸ਼ਲਾਘਾ ਕਰਨੀ ਬਣਦੀ ਹੈ।
ਉਨ੍ਹਾਂ ਕਿਹਾ ਕਿ ਕਾਂ ਮਾਰ ਕੇ ਟੰਗਣ ਵਾਲੀ ਇਸ ਕਾਰਵਾਈ ਨਾਲ ਸਰਕਾਰ ਵਿਚਲੇ ਹੋਰ ਲੀਡਰਾਂ ਅਤੇ ਅਫਸਰਾਂ ਵਿੱਚ ਡਰ ਪੈਦਾ ਹੋਵੇਗਾ। ਉਨ੍ਹਾਂ ਦੋਸਤਾਂ ਨੂੰ ਹਰ ਗੱਲ ਸਿਆਸਤ ਨਾਲ ਜੋੜਕੇ ਚੰਗੇ ਕੰਮ ਦੀ ਤਾਰਫੀ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਲੁੱਟਿਆ ਪੈਸਾ ਜਨਤਾ ਦਾ ਹੈ। ਮੇਰਾ ਅੱਜ ਵੀ ਮੰਨਣਾ ਕਿ ਪੰਜਾਬ ਦੀਆਂ ਬਹੁਤੀਆਂ ਸਮੱਸਿਆਵਾਂ ਦੀ ਜੜ੍ਹ ਕੁਰੱਪਸ਼ਨ ਹੈ, ਇਸ ਨੂੰ ਠੱਲ ਪੈਣੀ ਬਹੁਤ ਜ਼ਰੂਰੀ ਹੈ। ਥਰਮਲ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਪੋਸਟ ਪਾਈ ਹੈ ਕਿ ਜੇਕਰ ਮੁੱਖ ਮੰਤਰੀ ਚਾਹੁੰਦੇ ਤਾਂ ਉਹ ਇਸ ਮਾਮਲੇ ਨੂੰ ਦਬਾ ਸਕਦੇ ਸਨ।
ਉਨ੍ਹਾਂ ਨੇ ਦੋ ਕਰੋੜ ਪੰਜਾਬੀਆਂ ਦਾ ਭਰੋਸਾ ਕਾਇਮ ਰੱਖਿਆ ਹੈ ਅਤੇ ਆਪਣੀ ਜਮੀਰ ਜਿਉਂਦੀ ਰੱਖੀ ਹੈ। ਰਣਜੀਤ ਸਿੰਘ ਮਾਈਸਰਖਾਨਾ ਦੀ ਪੋਸਟ ਦਾ ਸਾਰ ਤੱਤ ਹੈ ‘ ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਆਪਣਾ ਹੀ ਕੈਬਨਿਟ ਮੰਤਰੀ ਗ੍ਰਿਫਤਾਰ ਕਰਵਾ ਦਿੱਤਾ। ਇਕਬਾਲ ਸਿੰਘ ਲਿਖਦੇ ਹਨ ਕਿ ਇਸ ਨੂੰ ਕਹਿੰਦੇ ਹਨ ਨਾਇਕ ਅਗਲੇ ਨੇ ਇੱਕ ਮਿੰਟ ਨਹੀਂ ਲਾਇਆ। ਰਾਮ ਸਿੰਘ ਮਾਹਲ ਦੀ ਟਿੱਪਣੀ ਹੈ ‘ਮਾਨ ਸਾਹਿਬ ਨੇ ਗੱਲ ਸਿਰੇ ਦੀ ਕੀਤੀ ਪਰ ਕੁੱਝ ਲੋਕ ਇਸ ਨੂੰ ਵੀ ਗਲ੍ਹਤ ਕਹਿਣਗੇ। ਇਸ ਕੁੱਝ ਮਿਸਾਲਾਂ ਹਨ ਫੇਸਬੁੱਕ ਤਾਂ ਸਿੰਗਲਾ ਖਿਲਾਫ ਤਿੱਖੀ ਲੋਕ ਰਾਏ ਦਾ ਭੰਡਾਰ ਬਣੀ ਹੋਈ ਹੈ।
ਬੇਹੱਦ ਸ਼ਲਾਘਾਯੋਗ -ਕੁਸਲਾ
ਸਿਦਕ ਫੋਰਮ ਦੇ ਪ੍ਰਧਾਨ ਅਤੇ ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਨੇ ਭਗਵੰਤ ਮਾਨ ਦੇ ਫੈਸਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਖਿਲਾਫ ਰਿਆਇਤ ਨਹੀਂ ਵਰਤੀ ਜਾਣੀ ਚਾਹੀਦੀ। ਉਨ੍ਹਾਂ ਆਖਿਆ ਕਿ ਇਸ ਕਾਰਵਾਈ ਨਾਲ ਬਾਕੀਆਂ ਨੂੰ ਵੀ ਕੰਨ ਹੋਣਗੇ ਖਾਸ ਤੌਰ ਤੇ ਅਫਸਰਸ਼ਾਹੀ ’ਚ ਡਰ ਬਣੇਗਾ।