ਪਟਿਆਲਾ: ਟੋਕਨ ਲੈ ਕੇ ਮਿਲਣ ਵਾਲਿਆਂ ਨੂੰ ਦਿੱਤਾ ਜਾ ਰਿਹੈ ਪੂਰਾ ਸਮਾਂ : ਡਿਪਟੀ ਕਮਿਸ਼ਨਰ (ਵੀਡੀਓ ਵੀ ਦੇਖੋ)
- ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਚਲਾਏ ਟੋਕਨ ਸਿਸਟਮ ਦਾ ਵੱਡੀ ਗਿਣਤੀ ਲੋਕ ਲੈ ਰਹੇ ਨੇ ਲਾਹਾ
- 30 ਦਿਨਾਂ 'ਚ 750 ਦੇ ਕਰੀਬ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਪਣੀਆਂ ਸਮੱਸਿਆਵਾਂ ਦਾ ਕਰਵਾਇਆ ਹੱਲ
ਪਟਿਆਲਾ, 22 ਅਗਸਤ 2024 - ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਲਈ ਚਲਾਈ ਗਈ ਟੋਕਨ ਪ੍ਰਣਾਲੀ ਦਾ ਪਿਛਲੇ 30 ਕੰਮਕਾਜੀ ਦਿਨਾਂ ਵਿੱਚ 750 ਦੇ ਕਰੀਬ ਲੋਕਾਂ ਨੇ ਲਾਭ ਚੁੱਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜੁਲਾਈ 'ਚ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਟੋਕਨ ਪ੍ਰਣਾਲੀ ਅਤੇ ਮੁੱਖ ਮੰਤਰੀ ਸਹਾਇਤਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਰੋਜ਼ਾਨਾ 30 ਤੋਂ 40 ਵਿਅਕਤੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਮੁਲਾਕਾਤ ਦਾ ਸਮਾਂ ਲੈਂਦੇ ਹਨ, ਜਿਨ੍ਹਾਂ ਨੂੰ ਮਿਲਣ ਅਤੇ ਆਪਣੀ ਸਮੱਸਿਆ ਦੱਸਣ ਲਈ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2333889426942175
ਸ਼ੌਕਤ ਅਹਿਮਦ ਪਰੇ ਨੇ ਕਿਹਾ ਉਹ ਸਵੇਰੇ 9 ਵਜੇ ਤੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਦਫ਼ਤਰ ਵਿਖੇ ਬੈਠਦੇ ਹਨ ਤੇ ਉਨ੍ਹਾਂ ਦੇ ਦਫ਼ਤਰ ਦਾ ਦਰਵਾਜ਼ਾ ਹਰੇਕ ਵਿਅਕਤੀ ਲਈ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜ਼ਰੂਰੀ ਮੀਟਿੰਗਾਂ ਕਾਰਨ ਲੋਕਾਂ ਨੂੰ ਥੋੜ੍ਹਾ ਸਮਾਂ ਇੰਤਜ਼ਾਰ ਕਰਨਾ ਪੈ ਜਾਂਦਾ ਹੈ ਜਿਸ ਤਰ੍ਹਾਂ ਅੱਜ ਪਹਿਲਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਨਾਲ ਮੀਟਿੰਗ ਕੀਤੀ ਗਈ ਫੇਰ ਆਰਮੀ ਦੇ ਅਧਿਕਾਰੀਆਂ ਨਾਲ ਜ਼ਰੂਰੀ ਮੀਟਿੰਗ ਹੋਈ ਅਤੇ ਵਕਫ ਬੋਰਡ ਦੇ ਮੈਂਬਰ ਜੋ ਸਮਾਂ ਲੈਕੇ ਮੀਟਿੰਗ ਕਰਨ ਆਏ ਸਨ, ਉਨ੍ਹਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ 33 ਲੋਕਾਂ ਨੂੰ ਟੋਕਨ ਪ੍ਰਣਾਲੀ ਨਾਲ ਵੀ ਮਿਲਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਜ਼ਰੂਰੀ ਮੀਟਿੰਗ ਕਾਰਨ ਮਿਲਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਤਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਸੰਜਮ ਨਾਲ ਕੰਮ ਲੈਣ ਉਨ੍ਹਾਂ ਨੂੰ ਪੂਰਾ ਸਮਾਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਵੀ ਨਿਯਮਾਂ ਮੁਤਾਬਕ ਕੀਤਾ ਜਾਵੇਗਾ।
ਅੱਗੇ ਉਨ੍ਹਾਂ ਕਿਹਾ ਕਿ ਕੋਈ ਵੀ ਵਸਨੀਕ ਆਪਣੀ ਸਮੱਸਿਆ ਲਈ ਕਿਸੇ ਵੀ ਕੰਮ ਵਾਲੇ ਦਿਨ ਡਿਪਟੀ ਕਮਿਸ਼ਨਰ ਨੂੰ ਮਿਲਣ ਆ ਸਕਦਾ ਹੈ ਅਤੇ ਉਹ ਮੁਲਾਕਾਤ ਲਈ ਰੀਸਪੈਸ਼ਨ ਤੋਂ ਟੋਕਨ ਲੈ ਕੇ ਆਪਣੇ ਮਿਲੇ ਨੰਬਰ ਦੇ ਹਿਸਾਬ ਨਾਲ ਨਿੱਜੀ ਤੌਰ 'ਤੇ ਮਿਲਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਡਿਪਟੀ ਕਮਿਸ਼ਨਰ ਪੱਧਰ 'ਤੇ ਹੱਲ ਹੋਣ ਵਾਲੀ ਹੁੰਦੀ ਹੈ ਤਾਂ ਉਸ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਜਿਹੜੀ ਸਮੱਸਿਆ ਕਿਸੇ ਹੋਰ ਵਿਭਾਗ ਨਾਲ ਸਬੰਧਤ ਹੁੰਦੀ ਹੈ ਉਹ ਮੁੱਖ ਮੰਤਰੀ ਸਹਾਇਤਾ ਕੇਂਦਰ ਰਾਹੀਂ ਸਬੰਧਤ ਵਿਭਾਗ ਪਾਸ ਭੇਜ ਦਿੱਤੀ ਜਾਂਦੀ ਹੈ ਜਿਸ ਦਾ ਫਾਲੋਅੱਪ ਵੀ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਮੁੱਖ ਮੰਤਰੀ ਸਹਾਇਤਾ ਕੇਂਦਰ ਅਤੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ।
ਡੱਬੀ ਲਈ ਪ੍ਰਸਤਾਵਿਤ
ਜ਼ਿਕਰਯੋਗ ਹੈ ਕਿ 8 ਜੁਲਾਈ ਤੋਂ ਸ਼ੁਰੂ ਹੋਈ ਟੋਕਨ ਪ੍ਰਣਾਲੀ ਰਾਹੀਂ ਹੁਣ ਤੱਕ 750 ਦੇ ਕਰੀਬ ਵਿਅਕਤੀ ਡਿਪਟੀ ਕਮਿਸ਼ਨਰ ਨੂੰ ਮਿਲਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਚੁੱਕੇ ਹਨ। 8 ਜੁਲਾਈ ਨੂੰ 32 ਵਿਅਕਤੀਆਂ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਜਦਕਿ 9 ਜੁਲਾਈ ਨੂੰ 32 ਟੋਕਨ ਜਾਰੀ ਹੋਏ, 10 ਜੁਲਾਈ ਨੂੰ 20 ਟੋਕਨ, 11 ਜੁਲਾਈ ਨੂੰ 38 ਟੋਕਨ, 12 ਜੁਲਾਈ ਨੂੰ 14 ਟੋਕਨ, 15 ਜੁਲਾਈ ਨੂੰ 35 ਟੋਕਨ, 16 ਜੁਲਾਈ ਨੂੰ 41 ਟੋਕਨ, 17 ਜੁਲਾਈ ਨੂੰ 13 ਟੋਕਨ ਅਤੇ 18 ਜੁਲਾਈ ਨੂੰ 32 ਵਿਅਕਤੀਆਂ ਨੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਇਸੇ ਤਰ੍ਹਾਂ 19 ਜੁਲਾਈ ਨੂੰ 10 ਟੋਕਨ ਜਾਰੀ ਹੋਏ, 22 ਜੁਲਾਈ ਨੂੰ 41 ਟੋਕਨ, 23 ਜੁਲਾਈ ਨੂੰ 33 ਟੋਕਨ, 24 ਜੁਲਾਈ ਨੂੰ 25 ਟੋਕਨ, 25 ਜੁਲਾਈ ਨੂੰ 29 ਟੋਕਨ, 26 ਜੁਲਾਈ ਨੂੰ 23 ਟੋਕਨ, 29 ਜੁਲਾਈ ਨੂੰ 35 ਟੋਕਨ, 30 ਜੁਲਾਈ ਨੂੰ 25 ਟੋਕਨ, 31 ਜੁਲਾਈ ਨੂੰ 13 ਟੋਕਨ, 1 ਅਗਸਤ ਨੂੰ 26 ਟੋਕਨ, 6 ਅਗਸਤ ਨੂੰ 41 ਟੋਕਨ, 7 ਅਗਸਤ ਨੂੰ 28 ਟੋਕਨ, 8 ਅਗਸਤ ਨੂੰ 33 ਟੋਕਨ, 12 ਅਗਸਤ ਨੂੰ 36 ਟੋਕਨ, 13 ਅਗਸਤ ਨੂੰ 36 ਟੋਕਨ, 14 ਅਗਸਤ ਨੂੰ 17 ਟੋਕਨ, 16 ਅਗਸਤ ਨੂੰ 30 ਟੋਕਨ, 19 ਅਗਸਤ ਨੂੰ 5 ਟੋਕਨ, 20 ਅਗਸਤ ਨੂੰ 25 ਟੋਕਨ, 21 ਅਗਸਤ ਨੂੰ 20 ਟੋਕਨ ਅਤੇ 22 ਅਗਸਤ ਨੂੰ 33 ਵਿਅਕਤੀਆਂ ਨੇ ਟੋਕਨ ਪ੍ਰਣਾਲੀ ਦੀ ਵਰਤੋਂ ਕਰਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਅਰੰਭੀ ਗਈ।