ਸੰਜੀਵ ਸੂਦ
- ਗੱਠਜੋੜ ਟੁੱਟਣ ਨਾਲ ਮਸਲਾ ਨਹੀਂ ਹੋਵੇਗਾ ਹਲ
ਲੁਧਿਆਣਾ, 27 ਸਤੰਬਰ 2020 - ਅਕਾਲੀ ਦਲ ਵੱਲੋਂ ਬੀਤੇ ਦਿਨ ਭਾਜਪਾ ਨਾਲੋਂ ਕਈ ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਅਤੇ ਬਿਆਨਬਾਜ਼ੀਆਂ ਦਾ ਸਿਲਸਿਲਾ ਜਾਰੀ ਹੈ, ਜਿੱਥੇ ਭਾਜਪਾ ਨੇ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਪਾਰਟੀ ਨੂੰ ਹੁਣ ਪੰਜਾਬ 'ਚ ਹੋਰ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਹੈ ਉਥੇ ਦੂਜੇ ਪਾਸੇ ਕਾਂਗਰਸ ਨੇ ਇਸਨੂੰ ਡਰਾਮਾ ਕਰਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਹੁਣ ਇਹ ਮਜਬੂਰੀ ਬਣ ਗਈ ਸੀ।
ਭਾਜਪਾ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਇਹ ਫੈਸਲਾ ਜਲਦਬਾਜੀ ਵਿਚ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਪੁਰਾਣਾ ਰਿਸ਼ਤਾ ਸੀ ਪਰ ਜਲਦਬਾਜ਼ੀ ਵਿਚ ਅਕਾਲੀ ਦਲ ਵੱਲੋਂ ਇਹ ਰਿਸ਼ਤਾ ਖਤਮ ਕਰ ਲਿਆ ਗਿਆ, ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਭਾਜਪਾ ਪਹਿਲਾਂ ਹੀ ਪੰਜਾਬ ਵਿਚ ਆਪਣੇ ਆਪ ਨੂੰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਪਹਿਲਾਂ ਅਕਾਲੀ-ਭਾਜਪਾ ਸਰਕਾਰ ਬਣਨ ਦੀ ਉਨ੍ਹਾਂ ਨੂੰ ਉਮੀਦ ਸੀ ਪਰ ਹੁਣ ਭਾਜਪਾ ਆਪਣੇ ਦਮ 'ਤੇ ਸਰਕਾਰ ਬਣਾਏਗੀ।
ਉਧਰ ਦੂਜੇ ਪਾਸੇ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਹੈ ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਇਸ ਨਾਲ ਨਾ ਤਾ ਮੋਦੀ ਸਰਕਾਰ ਇਹ ਬਿਲ ਵਾਪਸ ਲੈ ਲਵੇਗੀ ਅਤੇ ਨਾ ਹੀ ਇਹ ਭਾਜਪਾ ਜਾਂ ਅਕਾਲੀ ਦਲ ਨੂੰ ਕੋਈ ਸਿਆਸੀ ਨੁਕਸਾਨ ਹੋਵੇਗਾ, ਉਨ੍ਹਾਂ ਕਿਹਾ ਕਿ ਮੁੜ ਤੋਂ ਗਠਜੋੜ ਕਰ ਸਕਦੇ ਨੇ, ਪਰ ਗੱਲ ਤਾਂ ਉਦੋਂ ਸੀ ਜਦੋਂ ਹਰਸਿਮਰਤ ਬਾਦਲ ਬਿੱਲ ਲੋਕ ਸਭਾ 'ਚ ਆਉਂਦੇ ਸਾਰ ਹੀ ਅਸਤੀਫ਼ਾ ਦੇ ਦਿੰਦੇ।
ਉੱਧਰ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਸਰਕਾਰ ਚਲਾਈ ਹੁੰਦੀ ਤਾਂ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਦੀ ਖੇਤੀ ਬਿਲ ਤੇ ਰਾਏ ਜ਼ਰੂਰ ਲੈਂਦੀ, ਉਨ੍ਹਾਂ ਨੂੰ ਆਪਣੀ ਸਲਾਹ ਦਾ ਪੂਰਾ ਮੌਕਾ ਦਿਤਾ ਜਾਂਦਾ। ਪਰ ਭਾਜਪਾ ਚੰਗੀ ਤਰ੍ਹਾਂ ਜਾਰੀ ਹੈ ਕਿ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜੋ ਲੁੱਟ ਮਚਾਈ ਹੈ ਇਸ ਕਰਕੇ ਉਹਨਾਂ ਵੱਲੋਂ ਇਹ ਕਿਨਾਰਾ ਕੀਤਾ ਗਿਆ, ਉਨ੍ਹਾਂ ਕਿਹਾ ਕਿ ਭਾਜਪਾ ਦੇ ਲੀਡਰਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਉਹ ਇਹ ਬਿੱਲ ਰੱਦ ਕਰਵਾਉਣ।