ਅਜਨਾਲਾ ਹਮਲੇ ’ਚ ਬੇਅਦਬੀ ਕਦੇ ਵੀ ਮੁਆਫ ਨਹੀਂ ਕੀਤੀ ਜਾ ਸਕਦੀ : ਸੁਖਬੀਰ ਬਾਦਲ (ਵੀਡੀਓ ਵੀ ਦੇਖੋ)
- ਪੰਜਾਬ ’ਚ ਅਰਾਜਕਤਾ ਤੇ ਦਹਿਸ਼ਤ ਦਾ ਮਾਹੌਲ: ਬਾਦਲ
- ਅਸੀਂ ਪੰਜਾਬੀਆਂ ਦੇ ਏਕੇ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਰਾਖੀ ਜਾਰੀ ਰੱਖਾਂਗੇ ਭਾਵੇਂ ਸਾਨੂੰ ਇਸ ਵਾਸਤੇ ਆਪਣੀ ਸ਼ਹਾਦਤ ਵੀ ਦੇਣੀ ਪਵੇ: ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 24 ਫਰਵਰੀ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜਨਾਲਾ ਵਿਚ ਕਾਨੂੰਨਹੀਣ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਢਾਲ ਵਜੋਂ ਵਰਤਿਆਂ ਬੇਅਦਬੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਗੁਰੂ ਗ੍ਰੰਥ ਦਾ ਸਰੂਪ ਇਸ ਤਰੀਕੇ ਥਾਣੇ ਲਿਜਾਣਾ ਬਜ਼ਰ ਗੁਨਾਹ ਨਹੀਂ ਵੱਡੀ ਬੇਅਦਬੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਜਨਾਲਾ ਹਮਲੇ ’ਚ ਬੇਅਦਬੀ ਕਦੇ ਵੀ ਮੁਆਫ ਨਹੀਂ ਕੀਤੀ ਜਾ ਸਕਦੀ : ਸੁਖਬੀਰ ਬਾਦਲ (ਵੀਡੀਓ ਵੀ ਦੇਖੋ)
ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਨ ਅਤੇ ਬਹੁਤ ਮੁਸ਼ਕਿਲ ਨਾਲ ਕਮਾਈ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਹੌਲ ਖਰਾਬ ਕਰਨ ਦੇ ਯਤਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਲੋਕ ਸੂਬੇ ਨੂੰ ਫਿਰਕੂ ਲੀਹਾਂ ’ਤੇ ਵੰਡਣਾ ਚਾਹੁੰਦੇ ਹਨ। ਉਹ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ 15 ਸਾਨਾ ਵਿਚ ਸੂਬੇ ਨੂੰ ਪੂਰਨ ਸ਼ਾਂਤੀ, ਫਿਰਕੂ ਸਦਭਾਵਨਾ ਤੇ ਵਿਆਪਕ ਸਰਵ ਪੱਖੀ ਵਿਕਾਸ ਦਿੱਤਾ। ਉਹਨਾਂ ਕਿਹਾ ਕਿ ਕੋਈ ਵੀ ਸੂਬਾ ਸ਼ਾਂਤੀ, ਸਥਿਰਤਾ ਤੇ ਫਿਰਕੂ ਸਦਭਾਵਨਾ ਦੇ ਬਗੈਰ ਤਰੱਕੀ ਹੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ ਜਿਹੜਾ ਅਸੀਂ 15 ਸਾਲਾਂ ਵਿਚ ਕਮਾਇਆ ਸੀ, ਉਹ ਕਾਂਗਰਸ ਤੇ ਆਪ ਦੋ ਸਰਕਾਰਾਂ ਨੇ ਬਰਬਾਦ ਕਰ ਕੇ ਰੱਖ ਦਿੱਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਪੂਰੀ ਤਰ੍ਹਾਂ ਅਰਾਜਕਤਾ ਅਤੇ ਦਹਿਸ਼ਤ ਦਾ ਮਾਹੌਲ ਹੈ ਤੇ ਕਤਲ ਤੇ ਗੈਂਗਸਟਰਵਾਦ ਨਿੱਤ ਦਾ ਕੰਮ ਬਣ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਵਿਚ ਸਹੀ ਅਰਥਾ ਵਿਚ ਦਹਿਸ਼ਤ ਬਣ ਗਈ ਹੈ ਤੇ ਇਹਨਾਂ ਤੱਤਾਂ ਨੂੰ ਦਿੱਲੀ ਜਾਂ ਪੰਜਾਬ ਵਿਚਲੀਆਂ ਤਾਕਤਾਂ ਦੀ ਪੁਸ਼ਤਪਨਾਹੀ ਮਿਲ ਰਹੀ ਹੈ।
ਸਰਦਾਰ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਪੰਥ ਅਤੇ ਪੰਜਾਬ ਦੀ ਪ੍ਰਤੀਨਿਧ ਜਮਾਤ ਹੋਣ ਦੇ ਨਾਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਏਕੇ ਅਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਰਾਖੀ ਕਰਨਾ ਜਾਰੀ ਰੱਖੇਗਾ ਭਾਵੇਂ ਇਸ ਵਾਸਤੇ ਉਸਨੂੰ ਕੁਰਬਾਣੀ ਹੀ ਕਿਉਂ ਨਾ ਦੇਣੀ ਪਵੇ।
ਕੱਲ੍ਹ ਅਜਨਾਲਾ ਵਿਚ ਵਾਪਰੇ ਘਟਨਾਕ੍ਰਮ ਦੇ ਦੋਸ਼ੀਆਂ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ, ਅਵਿਸ਼ਵਾਸਯੋਗ ਅਤੇ ਕਦੇ ਵੀ ਮੁਆਫ ਨਾ ਕੀਤੇ ਜਾ ਸਕਣ ਵਾਲੀ ਘਟਨਾ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਇਤਿਹਾਸ ਵਿਚ ਕਦੇ ਵੀ ਕਿਸੇ ਨੇ ਇਸ ਤਰੀਕੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਜਿਵੇਂ ਕਿ ਕੱਲ੍ਹ ਅਜਨਾਲਾ ਵਿਚ ਕੀਤੀ ਗਈ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਲੋਕਾਂ ਦਾ ਲੋਕਤੰਤਰੀ ਹੱਕ ਹਨ ਤੇ ਉਹਨਾਂ ਦੀ ਪਾਰਟੀ ਇਸਦੀ ਹਮਾਇਤ ਵੀ ਕਰਦੀ ਹੈ। ਪਰ ਜਿਸ ਤਰੀਕੇ ਕੁਝ ਲੋਕਾਂ ਵੱਲੋਂ ਧਰਨਿਆਂ, ਰੋਸ ਪ੍ਰਦਰਸ਼ਨਾਂ ਤੇ ਰੋਸ ਮੁਜ਼ਾਹਰਿਆਂ ਵਿਚ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਦੁਰਵਰਤੋਂ ਕੀਤੀ ਜਾ ਰਹੀਹੈ, ਇਹ ਕਦੇ ਵੀ ਮੁਆਫ ਨਹੀਂ ਕੀਤੀ ਜਾ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਿੰਸਕ ਤੇ ਕਾਨੂੰਨਹੀਣ ਤੱਤਾਂ ਦੀ ਪੁਸ਼ਤਪਨਾਹੀ ਕਰਕੇ ਤੇ ਇਹਨਾਂ ਨੂੰ ਉਤਸ਼ਾਹਿਤ ਕਰਕੇ ਪੰਜਾਬੀਆਂ ਦੇ ਸ਼ਾਂਤੀਪੂਰਨ ਤਰੀਕੇ ਲੋਕਤੰਤਰੀ ਆਵਾਜ਼ ਬੁਲੰਦ ਕਰਨ ਦੇ ਤਰੀਕੇ ਖਤਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਆਪ ਹੀ ਵੇਖ ਸਕਦੇ ਹੋਕਿ ਕੱਲ੍ਹ ਕਿਸ ਤਰੀਕੇ ਪ੍ਰਸ਼ਾਸਨਿਕ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਈ ਤੇ ਕਿਸ ਤਰੀਕੇ ਸਰਕਾਰ ਵੱਲੋਂ ਅਜਿਹਾ ਕੋਈ ਯਤਨ ਨਹੀਂ ਕੀਤਾ ਗਿਆ ਜਿਸ ਤੋਂ ਪ੍ਰਤੀਤ ਹੋਵੇ ਕਿ ਕਾਨੂੰਨ ਦਾ ਰਾਜ ਸਥਾਪਿਤ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
ਸਰਦਾਰ ਬਾਦਲ ਦੇ ਨਾਲ ਕੋਰ ਕਮੇਟੀ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪਰਮਜੀਤ ਸਿੰਘ ਸਰਨਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਐਨ ਕੇ ਸ਼ਰਮਾ, ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਇਕਬਾਲ ਸਿੰਘ ਝੂੰਦਾ, ਗੁਰਬਚਨ ਸਿੰਘ ਬੱਬੇਹਾਲੀ, ਸ਼ਰਨਜੀਤ ਸਿੰਘ ਢਿੱਲੋਂ, ਡਾ. ਸੁਖਵਿੰਦਰ ਸਿੰਘ ਸੁੱਖੀ, ਪਵਨ ਟੀਨੂੰ ਤੇ ਸੁਨੀਤਾ ਚੌਧਰੀ ਵੀ ਹਾਜ਼ਰ ਸਨ।