ਅਣਪਛਾਤਿਆਂ ਵੱਲੋਂ ਬਜ਼ੁਰਗ ਨੂੰ ਨਸ਼ੇ ਦਾ ਟੀਕਾ ਲਾਉਣ ਦੀ ਕੋਸ਼ਿਸ਼ (ਵੀਡੀਓ ਵੀ ਦੇਖੋ)
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 2 ਮਈ 2022 - ਜਦੋਂ ਤੁਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹੋ ਤਾਂ ਤੁਹਾਡੇ ਨਾਲ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਪਰ ਸੁਲਤਾਨਪੁਰ ਲੋਧੀ 'ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਇਸ ਘਟਨਾ ਬਾਰੇ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਅਣਪਛਾਤਿਆਂ ਵੱਲੋਂ ਬਜ਼ੁਰਗ ਨੂੰ ਨਸ਼ੇ ਦਾ ਟੀਕਾ ਲਾਉਣ ਦੀ ਕੋਸ਼ਿਸ਼ (ਵੀਡੀਓ ਵੀ ਦੇਖੋ)
ਇਹ ਅਜੀਬੋ ਗਰੀਬ ਘਟਨਾ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਉਮਰ 70 ਸਾਲ, ਵਾਸੀ ਮੁਹੱਲਾ ਸਿੱਖਾਂ, ਸੁਲਤਾਨਪੁਰ ਲੋਧੀ ਨਾਲ ਵਾਪਰੀ ਹੈ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਇਲਾਜ ਅਧੀਨ ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਪਣੇ ਪੋਤਰੇ ਨਾਲ ਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਕੁਝ ਦੂਰੀ 'ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਕੁਝ ਮੋਟਰਸਾਈਕਲ ਸਵਾਰਾਂ ਨੇ ਜਾਂਦੇ ਹੋਏ ਉਸ ਦੇ ਗਲੇ ਕੋਲ ਟੀਕਾ ਚੁਭੋ ਦਿੱਤਾ ਪਰ ਖੁਸ਼ਕਿਸਮਤੀ ਨਾਲ ਸਰਿੰਜ ਟੁੱਟਣ ਕਾਰਨ ਟੀਕੇ ਵਿੱਚ ਭਰਿਆ ਪਦਾਰਥ ਮਨਜੀਤ ਸਿੰਘ ਦੇ ਸਰੀਰ ਵਿੱਚ ਦਾਖਲ ਨਹੀਂ ਹੋ ਸਕਿਆ।
ਜਿਸ ਤੋਂ ਬਾਅਦ ਮਨਜੀਤ ਸਿੰਘ ਟੁੱਟੇ ਹੋਏ ਟੀਕੇ ਸਮੇਤ ਇਲਾਜ ਲਈ ਸਿਵਲ ਹਸਪਤਾਲ ਆਇਆ ਅਤੇ ਸਾਰੀ ਘਟਨਾ ਡਾਕਟਰਾਂ ਅਤੇ ਪੱਤਰਕਾਰਾਂ ਦੀ ਟੀਮ ਨੂੰ ਦੱਸੀ। ਉਨ੍ਹਾਂ ਦੱਸਿਆ ਇਹ ਘਟਨਾ ਕਿਵੇਂ ਵਾਪਰੀ। ਮਨਜੀਤ ਸਿੰਘ ਅਨੁਸਾਰ ਉਕਤ ਨੌਜਵਾਨਾਂ ਨੇ ਟੀਕੇ ਨੂੰ ਚਿੱਟੇ ਵਰਗੇ ਨਸ਼ੀਲੇ ਪਦਾਰਥ ਨਾਲ ਭਰ ਦਿੱਤਾ ਸੀ। ਪਰ ਡਾਕਟਰਾਂ ਅਨੁਸਾਰ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋ ਸਕਦੀ ਕਿ ਟੀਕੇ ਵਿੱਚ ਕਿਹੜਾ ਪਦਾਰਥ ਸੀ । ਮਨਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਉਪਰੋਕਤ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ ਤਾਂ ਜੋ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ |
ਪਰ ਇਹ ਤਾਂ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਉਕਤ ਨੌਜਵਾਨਾਂ ਵੱਲੋਂ ਇਸ ਸਰਿੰਜ ਵਿੱਚ ਕਿਹੜਾ ਪਦਾਰਥ ਭਰਿਆ ਗਿਆ ਸੀ।ਇਸ ਪਿੱਛੇ ਸ਼ਰਾਰਤੀ ਅਨਸਰਾਂ ਦੇ ਕੀ ਮਨਸੂਬੇ ਛੁਪੇ ਹੋ ਸਕਦੇ ਹਨ। ਇਹ ਸਾਰੇ ਖੁਲਾਸੇ ਟੀਕੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੇ ਹਨ ਕਿ ਟੀਕੇ ਵਿੱਚ ਮੌਜੂਦ ਪਦਾਰਥ ਕਿੰਨਾ ਕੁ ਜਾਨਲੇਵਾ ਹੋ ਸਕਦਾ ਸੀ। ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਤੱਕ ਪਹੁੰਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।ਇਸ ਘਟਨਾ ਦੇ ਪਿੱਛੇ ਕੀ ਕਾਰਨ ਹਨ ਇਹ ਤਾਂ ਸਮਾਂ ਹੀ ਦੱਸੇਗਾ।
**ਕੀ ਕਹਿੰਦੇ ਹਨ ਡਿਊਟੀ ਡਾਕਟਰ**
ਦੂਜੇ ਪਾਸੇ ਡਿਊਟੀ ਡਾਕਟਰ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਵੱਲੋਂ ਮਨਜੀਤ ਸਿੰਘ ਨੂੰ ਦਾਖਲ ਕਰ ਲਿਆ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰ ਨੇ ਕਿਹਾ ਕਿ ਅਸੀਂ ਇਸ ਬਾਰੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਹ ਹਜੇ ਇਹ ਨਹੀਂ ਦੱਸ ਸਕਦੇ ਕਿ ਟੀਕੇ ਵਿੱਚ ਕੀ ਪਦਾਰਥ ਸੀ। ਪਰ ਅਸੀਂ ਟੀਕੇ ਵਿਚਲੇ ਪਦਾਰਥ ਦੇ ਸੈਂਪਲ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜ ਦਿੱਤਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋਵੇਗਾ।
**ਕੀ ਕਹਿਣਾ ਹੈ ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖ਼ੋਂ ਦਾ**
ਦੂਜੇ ਪਾਸੇ ਐਸਐਚਓ ਗਗਨਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ।