ਇੱਕ ਮਹੀਨੇ 'ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ: ਅਮਨ ਅਰੋੜਾ
- ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸ਼ਕਾਂ ਨੂੰ ਇਨਸਾਫ਼ ਦੇਣ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਉਸਦੇ ਦੋ ਕਾਤਲਾਂ ਨੂੰ ਮੁਕਾਬਲੇ 'ਚ ਕੀਤਾ ਢੇਰ: ਕੈਬਨਿਟ ਮੰਤਰੀ
- ਅਮਨ ਅਰੋੜਾ ਨੇ ਗੈਂਗਸਟਰਾਂ, ਅਪਰਾਧੀਆਂ ਨੂੰ ਗੁਨਾਹ ਦਾ ਰਾਹ ਛੱਡਣ ਦੀ ਦਿੱਤੀ ਚੇਤਾਵਨੀ
- ਕਿਹਾ, ਜੇਕਰ ਗੈਂਗਸਟਰ ਆਤਮ ਸਮਰਪਣ ਕਰਕੇ ਘਰ ਪਰਤਣ ਲਈ ਤਿਆਰ ਹੋਣ ਤਾਂ ‘ਆਪ’ ਸਰਕਾਰ ਵੱਲੋਂ ਅਪਣਾਇਆ ਜਾਵੇਗਾ ਨਰਮ ਰਵੱਈਆ
ਚੰਡੀਗੜ੍ਹ, 24 ਜੁਲਾਈ 2022 - ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਰਣਾਇਕ ਤੇ ਦੂਰਅੰਦੇਸ਼ ਅਗਵਾਈ ਵਿੱਚ ਸੂਬੇ ਚੋਂ ਅਪਰਾਧ ਨੂੰ ਠੱਲ ਪਾਉਣ ਲਈ ਹਾਲ ਹੀ ਵਿੱਚ ਬਣਾਈ ਪੰਜਾਬ ਪੁਲਿਸ ਦੀ ਐਂਟੀ ਟਾਸਕ ਫੋਰਸ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਜਾਂ ਖਤਮ ਕੀਤਾ ਜਾ ਚੁੱਕਾ ਹੈ।
ਪਿਛਲੀਆਂ ਸਰਕਾਰਾਂ ‘ਤੇ ਗੈਂਗਸਟਰਾਂ ਅਤੇ ਡਰੱਗ ਮਾਫੀਆ ਦੀ ਪੁਸ਼ਤਪਨਾਹੀ ਕਰਨ ਦਾ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਨੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਅਪਰਾਧ ਦਾ ਰਾਹ ਛੱਡ ਦੇਣ ਨਹੀਂ ਤਾਂ ਸਰਕਾਰ ਵੱਲੋਂ ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਗੈਂਗਸਟਰਾਂ ਨੂੰ ਚੰਗੇ ਇਨਸਾਨ ਬਣਕੇ ਸਮਾਜਿਕ ਮੁੱਖ ਧਾਰਾ ਵਿੱਚ ਪਰਤਣ ਦੀ ਅਪੀਲ ਵੀ ਕੀਤੀ।
ਇੱਕ ਮਹੀਨੇ 'ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ: ਅਮਨ ਅਰੋੜਾ (ਵੀਡੀਓ ਵੀ ਦੇਖੋ)
ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ, ਨਵੀਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ , ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਖੂੰਖਾਰ ਗੈਂਗਸਟਰ ਅਤੇ ਡਰੱਗ ਮਾਫੀਆ ਧੜੱਲੇ ਨਾਲ ਵਧਿਆ-ਫੁੱਲਿਆ ਅਤੇ ਉਹਨਾਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਖਤਰਨਾਕ ਅਪਰਾਧੀਆਂ ਦੀ ਪੁਸ਼ਤਪਨਾਹੀ ਕੀਤੀ । ਉਨਾਂ ਕਿਹਾ ਕਿ ‘ਆਪ’ ਸਰਕਾਰ ਨੇ ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਗੈਂਗਸਟਰ ਮੁਕਤ ਬਣਾਉਣ ਦਾ ਅਹਿਦ ਲਿਆ ਹੈ ਅਤੇ ਸੂਬੇ ਦੀ ਸ਼ਾਂਤੀ ਨੂੰ ਢਾਹ ਲਾਉਣ ਵਾਲੇ ਸਮਾਜ ਵਿਰੋਧੀ ਤੱਤਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਵਿਰੋਧੀ ਪਾਰਟੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ ਡਰੱਗ ਮਾਫੀਆ ਕਦੇ ਸਿਰ ਨਾ ਚੁੱਕਦਾ , ਜੇਕਰ ਉਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਪਨਾਹ ਨਾ ਦਿੱਤੀ ਹੁੰਦੀ। ਇਸੇ ਕਰਕੇ 2 ਮਹੀਨੇ ਪਹਿਲਾਂ ਮੋਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ ਕਰਨ ਲਈ ਰਾਕੇਟ-ਪ੍ਰੋਪੈਲਡ ਗ੍ਰੇਨੇਡ (ਆਰ.ਪੀ.ਜੀ.) ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿਉਂ ਜੋ ਅਜਿਹੇੇ ਆਧੁਨਿਕ ਹਥਿਆਰਾਂ ਦੀ ਵਰਤੋਂ ਉਦੋਂ ਵੀ ਨਹੀਂ ਕੀਤੀ ਗਈ ਸੀ ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਲੰਘ ਰਿਹਾ ਸੀ।
ਅਰੋੜਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਅਪਰਾਧੀਆਂ ਵਿਰੁੱਧ ਜ਼ੀਰੋ-ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਇਹ ਜੁਰਾਇਮ-ਪੇਸ਼ਾ ਅਨਸਰ ਅਪਰਾਧ ਦਾ ਰਾਹ ਛੱਡਣ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਾਰ ਰਹਿਣ।
ਉਨਾਂ ਕਿਹਾ ਕਿ ‘ਆਪ’ ਸਰਕਾਰ ‘ਚ ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨ ਵਾਲਾ ਕੋਈ ਨਹੀਂ ਹੈ, ਜਿਵੇਂ ਕਿ ਪਿਛਲੀ ਸਰਕਾਰ ਦੌਰਾਨ ਹੁੰਦਾ ਸੀ। ਉਨਾਂ ਨੇ ਅਪਰਾਧੀਆਂ ਨੂੰ ਤੁਰੰਤ ਆਤਮ-ਸਮਰਪਣ ਕਰਨ ਅਤੇ ਸਮਾਜਿਕ ਮੁੱਖ ਧਾਰਾ ‘ਚ ਵਾਪਸ ਆਉਣ ਲਈ ਕਿਹਾ।
ਉਨਾਂ ਕਿਹਾ ਕਿ ਜੇਕਰ ਗੈਂਗਸਟਰ ਆਤਮ-ਸਮਰਪਣ ਕਰਨ ਅਤੇ ਸਮਾਜਿਕ ਮੁੱਖ ਧਾਰਾ ਵਿੱਚ ਵਾਪਸ ਆਉਣ ਲਈ ਤਿਆਰ ਹੁੰਦੇ ਹਨ ਤਾਂ ਪੰਜਾਬ ਸਰਕਾਰ ਯਕੀਨ ਉਨਾਂ ਖਿਲਾਫ ਨਰਮ ਰੁਖ ਅਖਤਿਆਰ ਕਰੇਗੀ।
ਇਹ ਦੱਸਦੇ ਹੋਏ ਕਿ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਆਪਕ ਨਸਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਦੀ ਕਾਰਜਪ੍ਰਣਾਲੀ ਦੀ ਸਲਾਘਾ ਕਰਦਿਆਂ ਕਿਹਾ ਕਿ ਪੁਲਿਸ ਟੀਮਾਂ ਨੇ 7 ਲੱਖ ਤੋਂ ਵੱਧ ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜੋ ਕਿ ਇਕ ਦਿਨ ਵਿੱਚ ਹੋਣ ਵਾਲੀ ਸਭ ਤੋਂ ਵੱਡੀ ਰਿਕਵਰੀ ਹੈ। ਇਹ ਸਮੱਗਲਰਾਂ ਵੱਲੋਂ ਉੱਤਰ ਪ੍ਰਦੇਸ ਤੋਂ ਲਿਆਂਦੀਆਂ ਗਈਆਂ ਸਨ। ਇਸੇ ਤਰਾਂ ਪੰਜਾਬ ਪੁਲਿਸ ਨੇ ਹੋਰ ਰਾਜਾਂ ਨਾਲ ਮਿਲ ਕੇ ਅੰਤਰਰਾਸਟਰੀ ਸਮੱਗਲਰਾਂ ਵੱਲੋਂ ਲਿਆਂਦੀ ਜਾ ਰਹੀ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਬਰਾਮਦ ਕੀਤੀ ਹੈ।