ਵੀਡੀਓ: ਕਿਉਂ ਅਤੇ ਕਿਵੇਂ ਬਣਦੇ ਨੇ ਪੰਜਾਬ ਦੇ ਮੁੰਡੇ ਗੈਂਗਸਟਰ ? ਸੁਣੋ ਸਜ਼ਾ ਕੱਟ ਚੁੱਕੇ ਕੈਦੀਆਂ ਦੀ ਹੱਡਬੀਤੀ...
- ਗੈਂਗਸਟਰ ਆਪਣੀ ਮਰਜ਼ੀ ਜਾਂ ਖੁਸ਼ੀ ਨਾਲ ਨਹੀਂ ਬਣਦੇ, ਮਜਬੂਰੀ ਬਣਾਉਂਦੀ ਹੈ - ਰੰਗੀ
- ਸਰਕਾਰ ਦਾ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਪ੍ਰਤੀ ਨਜ਼ਰੀਆ ਵਧੀਆ ਨਹੀਂ
- ਕੈਦੀਆਂ ਦੇ ਘਰ ਪਰਿਵਾਰ ਵਾਲੇ ਆਰਥਿਕ ਤੰਗੀ ਦੇ ਨਾਲ ਮਾਨਸਿਕ ਰੋਗਾਂ ਦੇ ਸ਼ਿਕਾਰ
ਮੋਹਾਲੀ, 29 ਜੂਨ 2021 - ਜੇਲ੍ਹ ਨੂੰ ਸੁਧਾਰ ਕਰ ਮੰਨਿਆ ਜਾਂਦਾ ਪਰ ਕਈ ਵਾਰ ਇਹੀ ਸੁਧਾਰ ਘਰ ਨਰਕ ਘਰ ਬਣ ਜਾਂਦੇ ਹਨ ਕਿਉਂਕਿ ਜੇਲ੍ਹ ਵਿਚ ਹਰ ਤਰਾਂ ਦੇ ਕੈਦੀ ਹੁੰਦੇ ਹਨ ਜਿੱਥੋਂ ਕੁੱਝ ਚੰਗੇ ਵਤੀਰੇ ਵਾਲੇ ਕੈਦੀ ਵੀ ਗ਼ਲਤ ਰਾਸਤਾ ਫੜ ਲੈਂਦੇ ਹਨ ਅਤੇ ਸੁਧਰਨ ਦੀ ਬਜਾਏ ਹੋਰ ਵਿਗੜ ਜਾਂਦੇ ਹਨ ਜਿਸ ਨੂੰ ਲੈ ਕੇ ਪੰਜਾਬ ਦੀਆਂ ਜੇਲ੍ਹਾਂ ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਮੋਹਾਲੀ ਦੇ ਮੀਡੀਆ ਸੈਂਟਰ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਕੈਦੀਆਂ ਦੇ ਪਰਿਵਾਰਾਂ ਨੂੰ ਆ ਰਹੀਆਂ ਆਰਥਿਕ ਅਤੇ ਸਮਾਜਿਕ ਪਰੇਸ਼ਾਨੀਆਂ ਬਾਰੇ ਬੋਲਦਿਆਂ ਬਲਜੀਤ ਸਿੰਘ ਰੰਗੀ ਨੇ ਦੱਸਿਆ ਕਿ ਆਪਣੀ ਕੈਦ ਪੂਰੀ ਕਰ ਚੁੱਕੇ ਕਿਸੇ ਵੀ ਕੈਦੀ ਨੂੰ ਪਿਛਲੇ ਦੋ-ਤਿੰਨ ਸਾਲਾਂ ਤੋਂ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ।
ਇਸ ਦੌਰਾਨ ਉਨ੍ਹਾਂ ਬੋਲਦਿਆਂ ਕਿਹਾ ਕਿ ਉਮਰ ਕੈਦ ਪੂਰੀ ਕਰ ਚੁੱਕੇ ਕੈਦੀ ਨੂੰ ਪਹਿਲਾਂ ਕੈਦ+ਹਵਾਲਾਤ+ਮੁਆਫ਼ੀ ਪੈਰੋਲ ਰਾਹੀਂ ਰਿਹਾਅ ਕੀਤਾ ਜਾਂਦਾ ਸੀ, ਪਰ ਹੁਣ ਇਸ ਤੋਂ ਉਲਟ ਕੈਦ+ਹਵਾਲਾਤ- ਪੈਰੋਲ +ਮੁਆਫ਼ੀ ਰਾਹੀਂ ਰਿਹਾਅ ਨਹੀਂ ਕੀਤਾ ਜਾਂਦਾ ਹੈ, ਜੋ ਕਿ ਕਿਸੇ ਵੀ ਕਾਨੂੰਨੀ ਦਾਇਰੇ ਵਿਚ ਨਹੀਂ ਆਉਂਦਾ ਹੈ।ਇਸ ਰਾਹੀਂ ਕਿਸੇ ਵੀ ਕੈਦੀ ਦਾ ਸਮਾਂ ਪੂਰਾ ਨਹੀਂ ਹੁੰਦਾ ਹੈ।
।
https://www.facebook.com/BabushahiDotCom/videos/156062973257089
ਪਹਿਲਾਂ ਉਮਰ ਕੈਦ ਦੀ ਪੈਰੋਲ ਛੁੱਟੀ ਕੈਦ ਵਿਚ ਜੁੜ ਰਹੀ ਸੀ,ਪਰ ਹੁਣ ਨਹੀਂ।
ਪਹਿਲਾਂ ਛੁੱਟੀ 28 ਦਿਨ ਦੀ ਹੁੰਦੀ ਸੀ ਫੇਰ 42 ਦਿਨ ਫੇਰ 56 ਦਿਨ ਦੀ ਹੋਈ,ਪਰ ਹੁਣ ਛੁੱਟੀ ਦਾ ਸਮਾਂ ਫ਼ਾਲਤੂ ਕੱਟਣ ਲਈ ਕਿਹਾ ਜਾਂਦਾ ਹੈ। ਸਰਕਾਰ ਇੱਕ ਪਾਸੇ ਤਾਂ ਛੁੱਟੀ ਦਾ ਸਮਾਂ ਵਧਾ ਰਹੀ ਹੈ ਦੂਜੇ ਪਾਸੇ ਸਮਾਂ ਕੱਟਣ ਲਈ ਕਹਿ ਰਹੀ ਹੈ।
ਕੋਰੋਨਾ ਮਹਾਂਮਾਰੀ ਕਾਰਨ ਸੁਪਰੀਮ ਕੋਰਟ ਨੇ ਕਰੋਨਾ ਦੀ ਛੁੱਟੀ ਦਿੱਤੀ ਸੀ,ਪਰ ਹੁਣ ਉਹੀ ਛੁੱਟੀ ਫ਼ਾਲਤੂ ਨੂੰ ਕੈਦ ਕੱਟਣ ਲਈ ਕਿਹਾ ਜਾਂਦਾ ਹੈ। ਇਹ ਹਰ ਕੈਦੀ ਲਈ ਨੁਕਸਾਨਦਾਇਕ ਹੈ।
ਛੁੱਟੀ ਦੇ ਵਕਤ ਵੀ ਕੈਦੀ ਆਪਣੇ ਘਰ ਵਿੱਚ ਕੈਦ ਹੁੰਦਾ ਹੈ। ਕੈਦੀ ਨੂੰ ਹਰ ਦਿਨ ਥਾਣੇ ਜਾਂ ਪੁਲਿਸ ਚੌਕੀ ਵਿਚ ਦਿਨ ਵਿਚ ਦੋ ਵਾਰ ਹਾਜ਼ਰੀ ਭਰਨੀ ਪੈਂਦੀ ਹੈ। ਆਪਣੇ ਜ਼ਿਲ੍ਹੇ ਵਿਚੋਂ ਵੀ ਦੂਸਰੇ ਜ਼ਿਲ੍ਹੇ ਵਿੱਚ ਜਾਣ ਲਈ ਪੁਲਿਸ ਦੀ ਇਜਾਜ਼ਤ ਲੈਣੀ ਪੈਂਦੀ ਹੈ। ਜਿਸ ਕਾਰਨ ਕੈਦੀ ਛੁੱਟੀ ਤੇ ਹੁੰਦੇ ਹੋਏ ਵੀ ਘਰ ਚ ਕੈਦ ਹੁੰਦਾ ਹੈ।
ਇਸ ਤੋਂ ਅੱਗੇ ਬੋਲਦਿਆਂ ਬਲਜੀਤ ਸਿੰਘ ਰੰਗੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਦੀ ਪਹਿਲੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਕੈਦੀਆਂ ਦੇ ਪਰਿਵਾਰਾਂ ਵੱਲੋਂ ਇਸ ਵਾਰ ਵੀ ਉਨ੍ਹਾਂ ਦੀ ਸਰਕਾਰ ਬਣਾਉਣ ਚ ਵੱਡਾ ਯੋਗਦਾਨ ਪਾਇਆ ਪਰ ਹੁਣ ਕੈਦੀਆਂ ਦੇ ਪਰਿਵਾਰ ਮੁੱਖ ਮੰਤਰੀ ਸਾਹਿਬ ਤੋਂ ਨਿਰਾਸ਼ ਨਜ਼ਰ ਆ ਰਹੇ ਹਨ।
ਕੈਦੀਆਂ ਦੇ ਪਰਿਵਾਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਜੇਲ੍ਹ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਮਰ ਕੈਦ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਜਲਦੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਆਰਥਿਕ ਅਤੇ ਸਮਾਜਿਕ ਤੌਰ ਤੇ ਟੁੱਟ ਰਹੇ ਹਨ ਫੇਰ ਤੋਂ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ,ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਦੱਸਣਯੋਗ ਹੈ ਕਿ ਜੁਰਮ ਕਰਕੇ ਕੈਦ ਕੱਟ ਚੁੱਕੇ ਵਿਅਕਤੀ ਨੂੰ ਕੈਦੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਜੋ ਉਸਨੇ ਜੁਰਮ ਕੀਤਾ ਸੀ ਉਸ ਦੀ ਉਹ ਸਜ਼ਾ ਭੁਗਤ ਚੁੱਕਿਆ ਹੈ ਅਗਲੇ ਜੁਰਮ ਦੀ ਸਜਾ ਮਿਲਣ ਤੱਕ ਯਾਨੀ ਕੈਦ ਹੋਣ ਤੱਕ ਉਹ ਕੈਦੀ ਨਹੀਂ ਹੈ ਬਲਕਿ ਕੈਦੀ ਨੂੰ ਸੁਧਾਰ ਕਰਨ ਵਿੱਚ ਮਦਦ ਕਰਨ ਦੀ ਲੋੜ ਹੈ।