ਕੁਲਦੀਪ ਕੁਮਾਰ ਨੇ ਸਾਂਭਿਆ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ
ਪੰਜਾਬ ਸੀਐਮ ਦੇ ਓਐਸਡੀ ਸਮੇਤ ਆਪ ਚੰਡੀਗੜ੍ਹ ਦੇ ਸੀਨੀਅਰ ਆਗੂ ਰਹੇ ਮੌਜੂਦ
ਚੰਡੀਗੜ੍ਹ, 28 ਫਰਵਰੀ, 2024: ਆਮ ਆਦਮੀ ਪਾਰਟੀ (ਆਪ) ਵਲੋਂ ਸੁਪਰੀਮ ਕੋਰਟ ਵਿੱਚ ਲੜਾਈ ਲੜਨ ਤੋਂ ਬਾਅਦ ਅੱਜ ਕੁਲਦੀਪ ਕੁਮਾਰ ਵਲੋਂ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ ਰਸ਼ਮੀ ਤੌਰ ਤੇ ਸੰਭਾਲ ਲਿਆ ਹੈ। ਇਸ ਮੌਕੇ ਉਤੇ ਮੁੱਖ ਮੰਤਰੀ ਪੰਜਾਬ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ, ਆਪ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ, ਨਰੇਸ਼ ਗਰਗ, ਚੰਦਰਮੁਖੀ ਸ਼ਰਮਾਂ, ਆਭਾ ਬੰਸਲ, ਪੀਪੀ ਘਈ, ਮੀਨਾ ਸ਼ਰਮਾਂ ਅਤੇ ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਯੋਗੇਸ਼ ਢੀਂਗਰਾ, ਮਨੋਵਰ, ਰਾਮਚੰਦਰ ਯਾਦਵ, ਅੰਜੂ ਕਟਿਆਲ, ਸੁਮਨ ਸ਼ਰਮਾਂ, ਜਸਵਿੰਦਰ ਕੌਰ ਨੇ ਕੁਲਦੀਪ ਕੁਮਾਰ ਦਾ ਮੂੰਹ ਮਿੱਠਾ ਕਰਵਾ ਕੇ ਮੇਅਰ ਦੀ ਕੁਰਸੀ ਉਤੇ ਬਿਠਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਉਤੇ ਵੱਡੀ ਗਿਣਤੀ ਵਿੱਚ ਆਪ ਅਤੇ ਕਾਂਗਰਸ ਦੇ ਹੋਰ ਆਗੂ ਅਤੇ ਵਲੰਟੀਅਰ ਵੀ ਮੌਜੂਦ ਰਹੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/195458253658702
ਇਸ ਮੌਕੇ ਉਤੇ ਬੋਲਦੇ ਹੋਏ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਜਿਸ ਤਰ੍ਹਾਂ ਨਾਲ ਬੀਜੇਪੀ ਵਲੋਂ ਪਿਛਲੇ ਦਿਨੀਂ 30 ਜਨਵਰੀ ਵਾਲੇ ਦਿਨ ਉਨ੍ਹਾਂ ਦੀ 8 ਵੋਟਾਂ ਨੂੰ ਆਪਣੇ ਨੌਮੀਨੇਟਿਡ ਕੌਂਸਲਰ ਅਤੇ ਪ੍ਰੀਜਾਇਡਿੰਗ ਅਫ਼ਸਰ ਅਨਿਲ ਮਸ਼ੀਹ ਦੁਆਰਾ ਰੱਦ ਕਰਵਾ ਕੇ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ। ਉਸ ਉਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਗਿਆ ਹੈ, ਕਿ ਇਸ ਤਰ੍ਹਾਂ ਨਾਲ ਸ਼ਰੇਆਮ ਕੀਤੀ ਜਾ ਰਹੀ ਲੋਕਤੰਤਰ ਦੀ ਹੱਤਿਆ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸੁਪਰੀਮ ਕੋਰਟ ਵਲੋਂ ਅਨਿਲ ਮਸ਼ੀਹ ਦੁਆਰਾ ਜਾਣਬੁੱਝ ਕੇ ਰੱਦ ਕੀਤੀਆਂ ਗਈਆਂ 8 ਵੋਟਾਂ ਨੂੰ ਸਹੀ ਕਰਾਰ ਦੇਣਾ ਲੋਕਤੰਤਰ ਦੀ ਜਿੱਤ ਹੈ। ਮੈਂ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਲੋਕਤੰਤਰ ਨੂੰ ਜਿਊਂਦਾ ਰੱਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਰਸ਼ਮੀ ਤੌਰ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਸਮੁੱਚੇ ਚੰਡੀਗੜ੍ਹ ਸ਼ਹਿਰ ਦੇ ਹਰ ਖੇਤਰ ਵਿੱਚ ਵਿਕਾਸ ਕੀਤਾ ਜਾਵੇਗਾ। ਜੋ ਵਾਅਦੇ ਅਸੀਂ ਸ਼ਹਿਰ ਵਾਸੀਆਂ ਨਾਲ ਕੀਤੇ ਹਨ, ਉਨ੍ਹਾਂ ਨੂੰ ਛੇਤੀ ਹੀ ਨਗਰ ਨਿਗਮ ਦੀ ਮੀਟਿੰਗ ਵਿੱਚ ਪਾਸ ਕਰਵਾਇਆ ਜਾਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਉਸਦਾ ਲਾਭ ਦਿੱਤਾ ਜਾਵੇਗਾ। ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਵਿੱਚ ਨੰਬਰ 1 ਤੇ ਲਿਆਇਆ ਜਾਵੇਗਾ। ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਦਾ ਸ਼ਾਹਮਣਾ ਨਹੀਂ ਕਰਨਾ ਪਵੇਗਾ।
ਇਸ ਮੌਕੇ ਉਤੇ ਬੋਲਦੇ ਹੋਏ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਜੋ ਕੰਮ ਬੀਜੇਪੀ ਦੁਆਰਾ ਚੰਡੀਗੜ੍ਹ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਕੇ ਕੀਤਾ ਗਿਆ ਹੈ। ਉਸ ਨੂੰ ਸ਼ਹਿਰ ਵਾਸੀ ਕਦੇ ਵੀ ਮਾਫ਼ ਨਹੀਂ ਕਰਨਗੇ, ਕਿਉਂਕਿ 2021 ਵਿੱਚ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਦੇ ਸਭ ਤੋਂ ਵੱਧ ਕੌਂਸਲਰ ਜਿਤਾਏ ਸਨ, ਪਰ ਬੀਜੇਪੀ ਵਲੋਂ ਹਰ ਵਾਰ ਗਲਤ ਤਰੀਕੇ ਨਾਲ ਆਪਣਾ ਮੇਅਰ ਬਣਾ ਕੇ ਸ਼ਹਿਰ ਵਾਸੀਆਂ ਤੇ ਥੋਪਿਆ ਗਿਆ।
ਇਸ ਵਾਰ ਜਦੋਂ ਆਪ ਅਤੇ ਕਾਂਗਰਸ ਦੇ ਵਲੋਂ ਸਾਂਝੇ ਤੌਰ ਤੇ ਆਪਣੇ ਉਮੀਦਵਾਰ ਉਤਾਰੇ ਗਏ ਤਾਂ ਬੀਜੇਪੀ ਨੂੰ ਆਪਣੀ ਹਾਰ ਹਜ਼ਮ ਨਹੀਂ ਹੋਏ, ਜਿਸ ਕਰਕੇ ਉਨ੍ਹਾਂ ਨੇ 30 ਜਨਵਰੀ ਵਾਲੇ ਦਿਨ ਕੁਲਦੀਪ ਕੁਮਾਰ ਦੀਆਂ 8 ਵੋਟਾਂ ਰੱਦ ਕਰਕੇ ਆਪਣੇ ਨਕਲੀ ਮੇਅਰ ਨੂੰ ਕੁਰਸੀ ਤੇ ਜਬਰਦਸਤੀ ਬਿਠਾਇਆ। ਜਿਸ ਨੂੰ ਮਾਣਯੋਗ ਸੁਪਰੀਮ ਕੋਰਟ ਵਲੋਂ ਲੋਕਤੰਤਰ ਦੀ ਹੱਤਿਆ ਕਰਾਰ ਦਿੰਦੇ ਹੋਏ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਵਲੋਂ ਪੂਰੇ ਦੇਸ਼ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ, ਹਰ ਸੂਬੇ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ, ਐਮਐਲਏ ਅਤੇ ਕੌਂਸਲਰਾਂ ਨੂੰ ਡਰਾ–ਧਮਕਾ ਕੇ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਜਿਸ ਉਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵੀ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮਾਣਯੋਗ ਸੁਪਰੀਮ ਕੋਰਟ ਰਾਂਹੀ ਸਭ ਕੁੱਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਬੀਜੇਪੀ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।