ਕੇਜਰੀਵਾਲ ਦਾ ਦਿੱਲੀ ਮਾਡਲ ਝੂਠ ਤੇ ਫਰੇਬ ਉਪਰ ਆਧਾਰਿਤ: ਸ੍ਰੀਨਿਵਾਸ, ਵੀਡੀਓ ਵੀ ਦੇਖੋ
ਚੰਡੀਗੜ੍ਹ, 30 ਜਨਵਰੀ 2022 - ਆਲ ਇੰਡੀਆ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਜੀ ਵੱਲੋਂ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਮੁੱਖ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚ ਦਿੱਲੀ ਮਾਡਲ ਦੇ ਪਿੱਟੇ ਜਾ ਰਹੇ ਢਿੰਡੋਰੇ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਰੱਖਿਆ। ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕਾਂਗਰਸ ਪਾਰਟੀ ਦੇ ਬੁਲਾਰੇ ਸ੍ਰੀ ਪਵਨ ਖੇੜਾ ਵੱਲੋਂ ਕੀਤਾ ਗਿਆ ਸੀ।
ਵੀਡੀਓ ਵੀ ਦੇਖੋ.....
https://www.facebook.com/BabushahiDotCom/videos/647167616498404
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨਿਵਾਸ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਵੱਲੋਂ ਪੰਜਾਬ ਚ ਪੇਸ਼ ਕੀਤੇ ਜਾ ਰਹੇ ਦਿੱਲੀ ਮਾਡਲ ਨੂੰ ਝੂਠ ਤੇ ਫਰੇਬ ਦਾ ਮਾਡਲ ਕਰਾਰ ਦਿੱਤਾ। ਇਸ ਮਾਡਲ ਚ ਕੇਜਰੀਵਾਲ ਨੂੰ ਚਮਕਾਉਣ ਲਈ ਹੀ ਕਰੀਬ 490 ਕਰੋੜ ਰੁਪਏ ਖਰਚ ਕਰ ਦਿੱਤੇ ਗਏ। ਉਨ੍ਹਾਂ ਖੁਲਾਸਾ ਕੀਤਾ ਕਿ ਕੋਰੋਨਾ ਵੇਲੇ ਦਿੱਲੀ ਚ ਲੋਕਾਂ ਲਈ ਨਾ ਤਾਂ ਬੈੱਡ ਮੌਜੂਦ ਸਨ ਤੇ ਨਾ ਹੀ ਆਕਸੀਜਨ ਸਿਲੰਡਰ। ਦਿੱਲੀ ਚ 25 ਹਜ਼ਾਰ ਮੌਤਾਂ ਦਾ ਸਰਕਾਰੀ ਅੰਕੜਾ ਹੈ। ਉਨ੍ਹਾਂ ਦੇ ਟੀਮ ਚ ਸ਼ਾਮਲ 500 ਤੋਂ ਵੱਧ ਲੋਕਾਂ ਵੱਲੋਂ ਲਾਸ਼ਾਂ ਦਾ ਸਸਕਾਰ ਕੀਤਾ ਜਾਂਦਾ ਸੀ ਤੇ ਇੱਥੋਂ ਤੱਕ ਕਿ ਲਾਸ਼ ਦਾ ਸਸਕਾਰ ਕਰਨ ਲਈ ਦੋ-ਦੋ ਦਿਨ ਤਕ ਇੰਤਜ਼ਾਰ ਕਰਨਾ ਪੈਂਦਾ ਸੀ। ਹਰ ਦਸ ਮਿੰਟ ਚ ਐਂਬੂਲੈਂਸ ਦਾ ਸਾਇਰਨ ਸੁਣਾਈ ਦਿੰਦਾ ਸੀ। ਪਰ ਇਨ੍ਹਾਂ ਹਾਲਾਤਾਂ ਚ ਕੇਜਰੀਵਾਲ ਆਪਣੇ ਘਰ ਚ ਵੜੇ ਹੋਏ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਦਿੱਲੀ ਦੇ ਮੁਕਾਬਲੇ ਉਨ੍ਹਾਂ ਹਾਲਾਤਾਂ ਚ ਪੰਜਾਬ ਚ ਸਿਰਫ 16 ਹਜ਼ਾਰ ਲੋਕ ਕਰੋਨਾ ਦੇ ਕਾਰਨ ਮਰੇ। ਕੇਜਰੀਵਾਲ ਦਿੱਲੀ ਮਾਡਲ ਨੂੰ ਲੈ ਕੇ ਹਰ ਦਿਨ ਪੰਜਾਬ ਵਿੱਚ ਝੂਠ ਬੋਲ ਰਹੇ ਹਨ। ਦਿੱਲੀ ਚ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਚ ਥਾਂ ਨਾ ਮਿਲਣ ਕਾਰਨ ਪ੍ਰਾਈਵੇਟ ਹਸਪਤਾਲਾਂ ਚ ਦਾਖ਼ਲ ਹੋਣਾ ਪਿਆ। ਜਦਕਿ ਪੰਜਾਬ ਚ ਸਰਕਾਰੀ ਹਸਪਤਾਲਾਂ ਚ ਲੋਕਾਂ ਦਾ ਵਧੀਆ ਇਲਾਜ ਹੋਇਆ। ਇੱਥੋਂ ਤੱਕ ਕਿ ਪਰਵਾਸੀ ਦਿੱਲੀ ਤੋਂ ਪਲਾਇਨ ਕਰਨ ਲਈ ਮਜਬੂਰ ਹੋ ਗਏ। ਇਸ ਤਰ੍ਹਾਂ ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਵੀ ਆਪ ਦੇ ਦਾਅਵਿਆਂ ਦੀ ਪੋਲ ਖੋਲ੍ਹੀ ਤੇ ਦੱਸਿਆ ਕਿ ਉਹ ਡਾਕਟਰ ਅਤੇ ਨਰਸਾਂ ਨਾ ਹੋ ਕੇ ਆਮ ਆਦਮੀ ਪਾਰਟੀ ਦੇ ਵਰਕਰ ਰਹਿੰਦੇ ਹਨ। ਆਮ ਆਦਮੀ ਪਾਰਟੀ ਨੇ ਲੋਕਾਂ ਨੰ ਰੁਜ਼ਗਾਰ, ਸਿੱਖਿਆ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਦਲਿਤ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਬਜਾਏ ਕਾਂਗਰਸ ਦੇ ਪੰਜਾਬ ਮਾਡਲ ਤੇ ਵਿਸ਼ਵਾਸ ਕਰਨ ਦੀ ਅਪੀਲ ਕੀਤੀ, ਜਿਹੜਾ ਸੱਚਾਈ ਤੇ ਆਧਾਰਿਤ ਹੈ।