ਕੈਨੇਡਾ: ਸਰੀ ਨੌਰਥ ਤੋਂ ਵੱਡੀ ਜਿੱਤ ਹਾਸਲ ਕਰਨ ਵਾਲ਼ੇ ਮਨਦੀਪ ਧਾਲੀਵਾਲ ਦੇ ਸਮਰਥਕਾਂ ਨੇ ਜਿੱਤ ਦੇ ਜਸ਼ਨ ਮਨਾਏ
ਹਰਦਮ ਮਾਨ
ਸਰੀ, 23 ਅਕਤੂਬਰ 2024-ਐਨਡੀਪੀ ਦਾ ਗੜ੍ਹ ਮੰਨੇ ਜਾਂਦੇ ‘ਸਰੀ ਨੌਰਥ’ ਹਲਕੇ ਤੋਂ ਸਾਬਕਾ ਸਿੱਖਿਆ ਮੰਤਰੀ ਰਚਨਾ ਸਿੰਘ ਨੂੰ ਵੱਡੀ ਮਾਤ ਦੇਣ ਵਾਲ਼ੇ ਬੀਸੀ ਕੰਸਰਵੇਟਿਵ ਪਾਰਟੀ ਦੇ ਨੌਜਵਾਨ ਐਮਐਲਏ ਮਨਦੀਪ ਧਾਲੀਵਾਲ ਦੇ ਸਮਰਥਕਾਂ ਵੱਲੋਂ ਬੀਤੀ ਸ਼ਾਮ ਸਰੀ ਦੇ ਬੌਂਬੇ ਬੈਂਕੁਇਟ ਹਾਲ ਵਿਚ ਜਿੱਤ ਦੇ ਜਸ਼ਨ ਮਨਾਏ ਗਏ। ਖਚਾਖਚ ਭਰੇ ਹਾਲ ਵਿਚ ਆਪਣੇ ਪ੍ਰਸੰਸਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮਨਦੀਪ ਧਾਲੀਵਾਲ ਨੇ ਵਿਸ਼ੇਸ਼ ਕਰ ਕੇ ਹਲਕਾ ਸਰੀ ਨੌਰਥ ਦੇ ਵੋਟਰਾਂ ਅਤੇ ਆਪਣੇ ਸਮਰਥਕਾਂ, ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵੋਟਰਾਂ ਨੇ ਮੇਰੇ ਉੱਪਰ ਵਿਸ਼ਵਾਸ ਕਰਕੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਹੈ ਅਤੇ ਉਹ ਲੋਕਾਂ ਦਾ ਮਾਣ ਸਤਿਕਾਰ ਹਮੇਸ਼ਾ ਬਰਕਰਾਰ ਰੱਖੇਗਾ। ਉਸ ਨੇ ਕਿਹਾ ਕਿ ਸਰੀ ਨੌਰਥ ਦੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾਂ, ਮੰਗਾਂ ਪ੍ਰਤੀ ਆਵਾਜ਼ ਬੁੰਲਦ ਕਰਨ ਦੇ ਨਾਲ਼ ਨਾਲ਼ ਸਰੀ ਸ਼ਹਿਰ ਦੇ ਮੁੱਖ ਮਸਲਿਆਂ ਲਈ ਵੀ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ।
ਜਿੱਤ ਦੇ ਇਸ ਜਸ਼ਨ ਵਿੱਚ ਸਰੀ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ ਜਿਨ੍ਹਾਂ ਵਿੱਚ ਕਮਲਜੀਤ ਮਾਨ, ਰਿੱਕੀ ਬਾਜਵਾ, ਜਸਬੀਰ ਧਾਲੀਵਾਲ, ਅਵਤਾਰ ਸਿੰਘ ਬੱਲ, ਡਾ. ਜਗਦੀਪ ਸੰਧੂ, ਰਾਜਵੀਰ ਸਿੰਘ ਢਿੱਲੋਂ, ਤੇਗਜੋਤ ਬੱਲ ਐਮਐਲਏ ਬਰਾਇਨ ਟੈਪਰ, ਐਮਐਲਏ ਬ੍ਰਿੰਟ ਚੈਪਮੈਨ, ਪੰਜਾਬੀ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਗੀਤਕਾਰ ਜਸਬੀਰ ਗੁਣਾਚੌਰੀਆ, ਨਵਰੂਪ ਸਿੰਘ, ਸੁਰਜੀਤ ਸਿੰਘ ਪੱਤੜ, ਜਸ਼ਨਪ੍ਰੀਤ ਸਿੰਘ, ਜੋਗਰਾਜ ਕਾਹਲੋਂ, ਗੁਰਬਾਜ ਸਿੰਘ ਬਰਾੜ, ਹਰਸਿਮਰਨ ਸਿੰਘ, ਜਸਪ੍ਰੀਤ ਬਰਾੜ ਵੱਡਾ ਘਰ, ਅਜਮੇਰ ਸਿੰਘ ਢਿੱਲੋਂ, ਪਾਲ ਬਰਾੜ ਅਤੇ ਬਹੁਤ ਸਾਰੇ ਪਰਿਵਾਰ ਸ਼ਾਮਿਲ ਸਨ। ਮਨਦੀਪ ਧਾਲੀਵਾਲ ਦੇ ਪ੍ਰਸੰਸਕਾਂ ਨੇ ਦੇਰ ਰਾਤ ਤੱਕ ਭੰਗੜਾ, ਗਿੱਧਾ ਪਾਉਂਦਿਆਂ ਖੁਸ਼ੀ ਦਾ ਇਹ ਜਸ਼ਨ ਮਾਣਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com