23 ਅਕਤੂਬਰ ਨੂੰ ਬਰਸੀ ‘ਤੇ ਵਿਸ਼ੇਸ਼ : ਮਾਤਾ ਗੁਜਰੀ ਜੀ ਤੋਂ ਬਹੁਪੱਖੀ ਗਿਆਨ ਪ੍ਰਾਪਤ ਕਰਨ ਵਾਲੇ ਬਾਬਾ ਜੱਸਾ ਸਿੰਘ ਆਹਲੂਵਾਲੀਆ
ਦਿਲਜੀਤ ਸਿੰਘ ਬੇਦੀ
ਉਨ੍ਹਾਂ ਮਾਵਾਂ ਦੀਆਂ ਕੁੱਖਾਂ ਹੀ ਵਡਭਾਗੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲ ਤੇ ਪੰਥ ਸੇਵਕ ਪੈਦਾ ਹੁੰਦੇ ਹਨ।ਨਵਾਬ ਕਪੂਰ ਸਿੰਘ ਦੇ ਇਸ ਜਹਾਨ ਤੋਂ ਅਕਾਲ ਚਲਾਣਾ ਕਰ ਜਾਣ ਉਪਰੰਤ ਸਮੁੱਚੇ ਪੰਥ ਵਲੋਂ ਇਕ ਰਾਏ ਹੋ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਪੰਥ ਦਾ ਸ਼੍ਰੋਮਣੀ ਜਥੇਦਾਰ ਪ੍ਰਵਾਨਿਆ ਗਿਆ। ਖਾਲਸੇ ਦੇ ਧਾਰਮਿਕ ਤੇ ਸਿਆਸੀ ਮਾਮਲਿਆਂ ਤੇ ਮੋਹਰ ਜਥੇਦਾਰ ਦੀ ਪ੍ਰਵਾਨ ਹੋਈ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ।
ਜੱਸਾ ਸਿੰਘ ਨੇ ਸ. ਬਦਰ ਸਿੰਘ ਦੇ ਘਰ ਮਾਤਾ ਜੀਵਨ ਕੌਰ ਦੀ ਪਵਿੱਤਰ ਕੁੱਖੋਂ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ 3 ਮਈ 1718 ਈ: ਨੂੰ ਜਨਮ ਲਿਆ। ਬਾਪ ਦਾ ਛੋਟੀ ਉਮਰੇ ਸਿਰ ਤੋਂ ਸਾਇਆ ਉਠ ਗਿਆ। ਮਾਤਾ ਜੀਵਨ ਕੌਰ ਸੰਗਤ ਨਾਲ ਦਿੱਲੀ ਗਏ ਤੇ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਹੀ ਜੁਟ ਗਏ। ਉਥੇ ਹੀ ਬਾਲ ਜੱਸਾ ਸਿੰਘ ਨੇ ਕੀਰਤਨ ਤੇ ਸੇਵਾ ਦੀ ਅਸੀਸ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਵਿੱਚ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ਤੇ ਬਹੁਪੱਖੀ ਸਿੱਖਿਆ ਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ, ਸ਼ੁੱਧ ਗੁਰਬਾਣੀ ਪੜਨ ਅਤੇ ਯੁੱਧਨੀਤੀ ਦੀ ਵਿੱਦਿਆ ਸ. ਜੱਸਾ ਸਿੰਘ ਨੇ ਪ੍ਰਾਪਤ ਕੀਤਾ। ਦਿੱਲੀ ਤੋਂ ਤੁਰਨ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਦਸਮੇਸ਼ ਪਿਤਾ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਸਸ਼ਤਰ, ਤਲਵਾਰ, ਤੀਰਾਂ ਦਾ ਭੱਥਾ, ਕਮਾਨ, ਗੁਰਜ ਆਦਿ ਬਖਸ਼ਿਸ਼ ਕੀਤੇ।
ਮਾਤਾ ਜੀਵਨ ਕੌਰ, ਪੁੱਤਰ ਜੱਸਾ ਸਿੰਘ ਤੇ ਮਾਮਾ ਸ. ਬਾਘ ਸਿੰਘ ਹਲੋਵਾਲੀਆ, ਨਵਾਬ ਕਪੂਰ ਸਿੰਘ ਪਾਸ ਕਰਤਾਰਪੁਰ ਜਲੰਧਰ ਵਿਖੇ ਪੁੱਜੇ। ਗੁਰੂ ਘਰੋਂ ਅਸੀਸ ਪ੍ਰਾਪਤ ਕਰਕੇ ਆਏ ਗੁੱਭਰੂ ਜੱਸਾ ਸਿੰਘ ਨੇ ਅੰਮ੍ਰਿਤ ਵੇਲੇ ਕੀਰਤਨ ਕਰਕੇ ਸਭ ਨੂੰ ਨਿਹਾਲੋ ਨਿਹਾਲ ਕੀਤਾ। ਸ. ਜੱਸਾ ਸਿੰਘ ਦੀ ਸਖਸ਼ੀਅਤ ਨਵਾਬ ਕਪੂਰ ਸਿੰਘ ਨੂੰ ਚੰਗੀ ਲੱਗੀ। ਉਨ੍ਹਾਂ ਮਾਤਾ ਜੀਵਨ ਕੌਰ ਨੂੰ ਕਿਹਾ ਕਿ ਜੱਸਾ ਸਿੰਘ ਨੂੰ ਸਾਡੇ ਕੋਲ ਰਹਿਣ ਦਿਉ। ਇਸ ਤੇ ਭੈਣ ਭਰਾ ਨੇ ਜੱਸਾ ਸਿੰਘ ਨੂੰ ਪੰਥ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਦੇ ਸਪੁਰਦ ਕਰ ਦਿੱਤਾ। ਇਹੋ ਸ. ਜੱਸਾ ਸਿੰਘ ਬਾਅਦ ਵਿੱਚ ਨਵਾਬ ਸਾਹਿਬ ਦਾ ਧਰਮ ਪੁੱਤਰ ਪ੍ਰਸਿੱਧ ਹੋਇਆ। ਉਹ ਗੁਰਬਾਣੀ ਤੇ ਗੁਰਮਤਿ ਸੰਗੀਤ ਦੇ ਰਈਏ ਸਨ।
ਨਵਾਬ ਕਪੂਰ ਸਿੰਘ ਨੇ ਸ. ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜ਼ਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ।ਸ. ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿੱਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਮਾਂਜਣ ਦੀ ਸੇਵਾ ਵੀ ਖੂਬ ਕਰਦਾ।ਪੁੱਤ ਗੱਭਰੂ ਹੋਇਆ ਤਾਂ ਨਵਾਬ ਕਪੂਰ ਸਿੰਘ ਨੇ ਉਸ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਰਹਿਤ ਬਹਿਤ ਵਿੱਚ ਪਰਪੱਕ ਰਹਿਣ ਲਈ ਕਿਹਾ।ਫਿਰ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਦੇ ਘੋੜਿਆਂ ਨੂੰ ਖੁਰਾਕ ਮੁਹੱਈਆ ਕਰਨ ਦੀ ਸੇਵਾ ਸੌਂਪ ਦਿੱਤੀ, ਜੋ ਸ. ਜੱਸਾ ਸਿੰਘ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਸ. ਜੱਸਾ ਸਿੰਘ ਆਪਣੇ ਧਰਮ ਪਿਤਾ ਨਵਾਬ ਕਪੂਰ ਸਿੰਘ ਦੀਆਂ ਬਹੁਤ ਸਾਰੀਆਂ ਮੁਹਿੰਮਾਂ ਸਮੇਂ ਉਨ੍ਹਾਂ ਦੇ ਨਾਲ ਰਹੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਉਹ 1738 ਦੇ ਲਗਭਗ ਸਿੱਖ ਸਰਦਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਏ ਸਨ। ਸ. ਜੱਸਾ ਸਿੰਘ ਨੇ ਜਿਥੇ ਅਫਗਾਨੀਆਂ ਨੂੰ ਸੋਧਿਆ ਉਥੇ 1761 ਨੂੰ ਅਮਿਦਸ਼ਾਹ ਅਬਦਾਲੀ ਕੋਲੋਂ ਬਾਈ ਸੌ ਜਵਾਨ ਹਿੰਦੂ ਲੜਕੀਆਂ ਨੂੰ ਛਡਾ ਕੇ ਬਾਇੱਜ਼ਤ ਘਰੋਂ-ਘਰੀਂ ਪਹੁੰਚਾਇਆ।1761 ਨੂੰ ਖਾਲਸੇ ਨੇ ਲਾਹੌਰ ਫਤਹਿ ਕੀਤਾ ਅਤੇ ਇਸ ਖੁਸ਼ੀ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਪਹਿਲਾ ਬਾਦਸ਼ਾਹ ਸੁਲਤਾਨ-ਉਲ-ਕੌਮ ਐਲਾਨਿਆ ਗਿਆ। ਸੁਲਤਾਨ-ਉਲ-ਕੌਮ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਵੀ ਕੌਮ ਦੀ ਅਗਵਾਈ ਕਰਦੇ ਰਹੇ। ਏਸੇ ਤਰ੍ਹਾਂ ਹੀ ਇਸ ਮਹਾਨ ਜਥੇਬੰਦੀ ਦੇ ਆਗੂ ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਸ. ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਨੈਣਾ ਸਿੰਘ, ਜਥੇ. ਅਕਾਲੀ ਫੂਲਾ ਸਿੰਘ, ਬਾਬਾ ਹਨੁਮਾਨ ਸਿੰਘ, ਬਾਬਾ ਪ੍ਰਲਾਹਦ ਸਿੰਘ, ਬਾਬਾ ਗਿਆਨ ਸਿੰਘ, ਬਾਬਾ ਤੇਜਾ ਸਿੰਘ, ਇਹ ਸਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਵੀ ਨਿਭਾਉਂਦੇ ਰਹੇ।ਲੰਮਾਂ ਸਮਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਪ੍ਰਬੰਧ ਰਿਹਾ।ਬਾਅਦ ਵਿੱਚ ਬਾਬਾ ਸਾਹਿਬ ਸਿੰਘ ਕਲਾਧਾਰੀ, ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ ਨੇ ਸ਼ਾਨਦਾਰ ਸੇਵਾਵਾਂ ਹੁਣ ਬਾਬਾ ਬਲਬੀਰ ਸਿੰਘ ਬੁੱਢਾ ਦਲ ਦੇ 14ਵੇਂ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਇਤਿਹਾਸਕਾਰ ਲਿਖਦੇ ਹਨ ਕਿ ਵੱਡਾ ਘੱਲੂਘਾਰਾ ਜੋ 5 ਫਰਵਰੀ 1762 ਨੂੰ ਕੁੱਪ ਰੁਹੀੜੇ ਦੇ ਸਥਾਨ ਪੁਰ ਵਾਪਰਿਆ ਉਸ ਸਮੇਂ ਸ. ਜੱਸਾ ਸਿੰਘ ਨੇ ਬਹੁਤ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ। ਇਸ ਸਾਕੇ ਸਮੇਂ ਉਨ੍ਹਾਂ ਦੇ ਸਰੀਰ ਤੇ ਦੋ ਦਰਜਨ ਤੋਂ ਵੱਧ ਫੱਟ ਲੱਗੇ। 1764 ਵਿੱਚ ਸਰਹਿੰਦ ਫਤਹਿ ਕਰਨ ਉਪਰੰਤ ਖਾਲਸੇ ਨੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਉਸਾਰਿਆ।
ਸ. ਜੱਸਾ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ ਨੋ ਲੱਖ ਰੁਪੈ ਅਤੇ ਬਾਕੀ ਸਿੰਘ ਸਰਦਾਰਾਂ ਨੇ ਪੰਜ ਲੱਖ ਰੁਪਏ ਭੇਟ ਕੀਤੇ। ਇਹ ਮਾਇਆ ਆਪ ਨੇ ਗੁਰੂ ਘਰ ਦੇ ਅਨਿਨ ਭਾਈ ਦੇਸ ਰਾਜ ਬਿਧੀ ਚੰਦੀਏ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਸੌਂਪ ਦਿੱਤੀ। ਇੱਕ ਹੋਰ ਇਤਿਹਾਸਕ ਘਟਨਾ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਰਾਏ ਜਿਸ ਤਿੰਨ ਲੱਖ ਰੁਪਏ ਵਿੱਚ ਸ੍ਰੀ ਹਰਿਮੰਦਰ ਸਾਹਿਬ ਗਿਰਵੀ ਸੀ ਉਸਦਾ ਬਣਦਾ ਕਰਜ ਚੁੱਕਾ ਕੇ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਪੰਥ ਦੇ ਸਿਰੋਂ ਵੱਡਾ ਭਾਰ ਉਤਾਰਿਆ। ਇਨ੍ਹਾਂ ਪੰਥਕ ਨਿਸ਼ਕਾਮ ਸੇਵਾਵਾਂ ਦੇ ਉਤਰਫਲ ਵਜੋਂ ਹੀ ਬਜ਼ਾਰ (ਕਟੜਾ) ਦਾ ਨਾਂ ਆਹਲੂਵਾਲੀਆ ਰੱਖਿਆ ਗਿਆ। 11 ਮਾਰਚ 1783 ਨੂੰ ਆਹਲੁਵਾਲੀਆ ਦੀ ਅਗਵਾਈ ਵਿੱਚ ਸਿੱਖ ਸਰਦਾਰਾਂ ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ, ਸ. ਭਾਗ ਸਿੰਘ, ਸ. ਗੁਰਦਿੱਤ ਸਿੰਘ ਨੇ ਮਿਲ ਕੇ ਲਾਲ ਕਿਲੇ ਤੇ ਕੇਸਰੀ ਪਰਚਮ ਲਹਿਰਾਇਆ ਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਭਾਰਤ ਦਾ ਬਾਦਸ਼ਾਹ ਐਲਾਨਿਆ। ਇਸ ਸਮੇਂ ਸਿੱਖ ਪੰਥ ਪੂਰੀ ਜਾਹੋ ਜਲਾਲ ਵਿੱਚ ਸੀ, ਪੰਥ ਦੇ ਜੈਕਾਰਿਆਂ ਦੀਆਂ ਧੁੰਮਾਂ ਅਕਾਸ਼ ਵਿੱਚ ਗੂੰਜਦੀਆਂ ਸਨ। ਹਰ ਪਾਸੇ ਕੇਸਰੀ ਨਿਸ਼ਾਨ ਲਹਿਰਾਉਂਦੇ ਸਨ। ਅਖੀਰ ਸ. ਜੱਸਾ ਸਿੰਘ ਆਹਲੂਵਾਲੀਆ 20 ਅਕਤੂਬਰ 1783 ਨੂੰ ਕੌਮ ਦੇ ਤੇਜਤਪ ਨੂੰ ਬੁਲੰਦੀਆਂ ਤੇ ਪਹੁੰਚਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਗੀਠਾ ਬਾਕੀ ਸਿੰਘ ਸਾਹਿਬਾਨਾਂ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੀ ਪ੍ਰਕਰਮਾ ਵਿੱਚ ਬਣਿਆ ਹੋਇਆ ਹੈ। ਹਰ ਸਾਲ ਦੀ ਤਰ੍ਹਾਂ ਉਨ੍ਹਾਂ ਦੀ 241ਵੀਂ ਬਰਸੀ ਦੇ ਗੁਰਮਤਿ ਸਮਾਗਮ ਗੁਰਦੁਅਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਗੁ: ਬਾਬਾ ਅਟੱਲ ਰਾਏ ਸਾਹਿਬ ਵਿਖੇ ਹੋਣਗੇ। ਜਿਸ ਵਿੱਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਧਾਰਮਿਕ ਪ੍ਰਮੁੱਖ ਸਖਸ਼ੀਅਤਾਂ, ਰਾਗੀ, ਢਾਡੀ, ਕਥਾਵਾਚਕ ਪ੍ਰਚਾਰਕ ਵੀ ਸਿੱਖ ਇਤਿਹਾਸ ਤੋਂ ਸੰਗਤਾਂ ਜਾਣੂੰ ਕਰਵਾਉਣਗੇਂ। ਸੰਨ 2031 ਵਿੱਚ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ 250ਵੀਂ ਬਰਸੀ ਸਮਾਗਮ ਅਰਥ ਸ਼ਤਾਬਦੀ ਵਜੋਂ ਮਨਾਏ ਜਾਣਗੇ।
-
ਦਿਲਜੀਤ ਸਿੰਘ ਬੇਦੀ, writer
diljitsinghbedi179@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.