ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਰਹੀ ਅਸਫਲ :ਛੀਨਾ
- ਐਸਕੇਐਮ ਦੇ ਸੜਕ ਜਾਮ ਧਰਨੇ ਦੀ ਹਿਮਾਇਤ ਦੀ ਅਪੀਲ
- ਕੈਬਨਿਟ ਮੰਤਰੀ ਦੇ ਘਰ ਮੂਹਰੇ ਲੱਗਾ ਧਰਨਾ ਤੀਜੇ ਦਿਨ ਸਮਾਪਤ
ਕੁਲਵਿੰਦਰ ਸਿੰਘ
ਜਗਦੇਵ ਕਲਾਂ, (ਅੰਮ੍ਰਿਤਸਰ)23 ਅਕਤੂਬਰ 2024 - ਬਾਸਮਤੀ ਦੇ ਐਮ ਐਸ ਪੀ ਦੇ ਮੁੱਦੇ ਨੂੰ ਚੁੱਕਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਸਾਹਮਣੇ ਲੱਗਾ ਤਿੰਨ ਦਿਨਾਂ ਧਰਨਾ ਕਿਸਾਨੀ ਦੇ ਅਤਿ ਦੇ ਰੁਝੇਵਿਆਂ ਦੇ ਬਾਵਜੂਦ ਮਜ਼ਬੂਤੀ ਨਾਲ ਚੱਲਕੇ ਅੱਜ ਤੀਜੇ ਦਿਨ ਸਮਾਪਤ ਹੋ ਗਿਆ। ਇਸ ਸਮੇਂ ਕਿਸਾਨਾਂ ਨੇ ਬਾਸਮਤੀ ਮਾੜੀ ਲਿਫਟਿੰਗ ਅਤੇ ਘੱਟ ਰੇਟ ਵਿਰੁੱਧ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਅੱਜ ਦੇ ਧਰਨੇ ਵਿੱਚ ਮਨਜੀਤ ਸਿੰਘ ਬਾਠ ਪ੍ਰਧਾਨ ਸੰਯੁਕਤ ਭਲਾਈ ਸੰਸਥਾ ਅਜਨਾਲਾ ਦੀ ਅਗਵਾਈ ਵਿੱਚ ਵੱਡਾ ਜਥਾ ਸ਼ਾਮਿਲ ਹੋਇਆ। ਅੱਜ ਧਰਨੇ ਵਿੱਚ ਸ਼ਾਮਲ ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਸਹਿੰਸਰਾ ਤੇ ਜ਼ਿਲ੍ਹਾ ਖਜਾਨਚੀ ਮੇਜਰ ਸਿੰਘ ਕੜਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ ਝੋਨੇ ਦੇ ਸੀਜ਼ਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਤੇ ਵਿਧਾਇਕ ਕਿਸਾਨਾਂ ਦੇ ਰੋਹ ਤੋਂ ਡਰਦਿਆਂ ਬਾਹਰ ਨਹੀਂ ਨਿਕਲ ਰਹੇ ਹਨ ਕਿਉਂਕਿ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਤੇ ਖਰੀਦ ਤੇ ਚੁਕਾਈ ਨਹੀਂ ਹੋ ਰਹੀ ਹੈ ਤੇ ਜੋ ਲਿਫਟਿੰਗ ਹੋਈ ਹੈ ਉਹ ਸ਼ੈਲਰ ਮਾਲਕਾਂ ਵੱਲੋਂ 100 ਤੋਂ 200 ਰੁਪਏ ਦਾ ਕੱਟ ਲਾ ਕੇ ਕੀਤੀ ਗਈ ਹੈ।
ਉਨ੍ਹਾਂ ਪੰਜਾਬ ਸਰਕਾਰ ਦੀ ਬੀਤੇ ਕੱਲ ਦੀ ਪ੍ਰੈਸ ਕਾਨਫਰੰਸ ਨੂੰ ਝੂਠ ਦਾ ਪੁਲੰਦਾ ਕਰਾਰ ਦੇਂਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਲੁਧਿਆਣਾ ਮੀਟਿੰਗ ਵਿੱਚ 25 ਅਕਤੂਬਰ ਨੂੰ 4 ਘੰਟੇ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ।
ਇਸ ਸਮੇਂ ਕਿਸਾਨ ਆਗੂਆਂ ਅਵਤਾਰ ਸਿੰਘ ਜੱੱਸੜ,ਮੇਜਰ ਸਿੰਘ ਜੌਹਲ, ਕਲਵਿੰਦਰ ਸਿੰਘ ਰੱਖ ਓਠੀਆਂ,ਸਾਹਿਬਜੀਤ ਸਿੰਘ ਭੱਖਾ, ਹਰਬਿੰਦਰ ਸਿੰਘ ਭੱਖਾ, ਸੁਖਵਿੰਦਰ ਸਿੰਘ ਕਿਆਮਪੁਰ, ਗੁਰਸ਼ਰਨ ਸਿੰਘ ਰਾਣੇਵਾਲੀ, ਨੰਬੜਦਾਰ ਦਵਿੰਦਰ ਸਿੰਘ ਗੱਗੋਮਾਹਲ, ਜਸਬੀਰ ਸਿੰਘ ਰੱਖ ਓਠੀਆਂ, ਸੈਮੂਅਲ ਹੰਸ ਚਮਿਆਰੀ, ਵਿੱਕੀ ਜੌਹਲ, ਬਲਵਿੰਦਰ ਸਿੰਘ ਪੰਜਗਰਾਈਂ, ਹਰਦੇਵ ਸਿੰਘ ਵੀਰਮ, ਪਰਮਜੀਤ ਕੌਰ ਕਿਆਮ ਪੁਰ, ਸ਼ਰਨਜੀਤ ਕੌਰ ਕਿਆਮ ਪੁਰ, ਗੁਰਮੀਤ ਕੌਰ ਕਿਆਮ ਪੁਰ, ਜਗਿੰਦਰ ਕੌਰ ਕਿਆਮ ਪੁਰ,ਪ੍ਰਤਾਪ ਸਿੰਘ ਮਿਆਦੀਆਂ, ਦਰਸ਼ਨ ਕੌਰ, ਸਰਪੰਚ ਜੀਵਨ ਸਿੰਘ ਝੰਡੇਰ, ਅਮਰਜੀਤ ਸਿੰਘ ਓਠੀ, ਬਲਦੇਵ ਸਿੰਘ ਸਹਿੰਸਰਾ,ਬਾਬਾ ਬਲਜੀਤ ਸਿੰਘ ਕੜਿਆਲ, ਸੁਖਦੇਵ ਸਿੰਘ ਤਲਵੰਡੀ ਨਾਹਰ, ਆਦਿ ਹਾਜ਼ਰ ਸਨ।