ਖੇਤੀ ਮੰਤਰੀ ਤੋਮਰ ਦਾ ਕਿਸਾਨਾਂ ਬਾਰੇ ਭੱਦਾ ਬਿਆਨ ਅਤਿ ਨਿੰਦਣਯੋਗ ਤੇ ਸ਼ਰਮਨਾਕ - ਅਰਸ਼ੀ
ਸੰਜੀਵ ਜਿੰਦਲ
ਕੁੰਡਲੀ ਬਾਰਡਰ ਦਿੱਲੀ , 6 ਅਗਸਤ 2021 : ਸਿੰਘੂ ਬਾਰਡਰ ਤੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਹਰਦੇਵ ਸਿੰਘ ਅਰਸ਼ੀ ਨੇ ਭਾਰਤ ਦੇ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਕਿਸਾਨਾਂ ਬਾਰੇ ਦਿੱਤੇ ਉਸ ਬਿਆਨ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਕਿਸਾਨਾਂ ਵਰਗੇ ਹਨ ਜੋ ਕੇਵਲ ਰੌਲਾ ਰੱਪਾ ਪਾਉਣਾ ਜਾਣਦੇ ਹਨ। ਗੱਲਬਾਤ ਲਈ ਸਾਰਥਕ ਪ੍ਰਸਤਾਵ ਨਹੀਂ ਲੈ ਕੇ ਆਉਂਦੇ। ਤੋਮਰ ਦਾ ਉਕਤ ਬਿਆਨ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜਕਣ ਵਾਲਾ ਜੋ ਪਿਛਲੇ 8 ਮਹੀਨਿਆਂ ਤੋਂ ਅੱਤ ਦੀ ਸਰਦੀ, ਗਰਮੀ ਅਤੇ ਮੀਹਾਂ ਵਿੱਚ ਵੀ ਆਪਣੇ ਹੱਕਾਂ ਲਈ ਚੱਟਾਨ ਦੀ ਤਰ੍ਹਾਂ ਡਟੇ ਹੋਏ ਹਨ।
ਤੋਮਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਰੌਲਾ ਰੱਪਾ ਪਾਉਣ ਵਾਲੇ ਕਿਸਾਨ ਸ਼ਹੀਦੀਆਂ ਨਹੀਂ ਪਾਉਂਦੇ। ਭਾਜਪਾ ਆਗੂ ਦਾ ਬਿਆਨ ਭਾਜਪਾ ਦੀ ਮਾਨਸਿਕਤਾ ਨੂੰ ਸਪੱਸ਼ਟ ਕਰਦਾ ਹੈ ਕਿ ਉਹਨਾਂ ਨੂੰ ਕੇਵਲ ਅਡਾਨੀਆਂ/ਅੰਬਾਨੀਆਂ ਤੋਂ ਬਿਨਾਂ ਦੇਸ਼ ਦੇ ਕਰੋੜਾਂ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸਾਥੀ ਅਰਸ਼ੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨਾਲ ਹੋਈਆਂ ਗਿਆਰਾਂ ਦੁਵੱਲੀਆਂ ਮੀਟਿੰਗਾਂ ਵਿੱਚ ਕਿਸਾਨ ਮੋਰਚੇ ਦੇ ਆਗੂਆਂ ਨੇ ਕਾਲੇ ਕਾਨੂੰਨਾਂ ਦੀ ਇਕੱਲੀ-ਇਕੱਲੀ ਮੱਦ ਦੇ ਬਖੀਏ ਉਧੇੜ ਕੇ ਰੱਖ ਦਿੱਤੇ। ਮੰਤਰੀ ਸਮੇਤ ਸਰਕਾਰੀ ਧਿਰ ਨੂੰ ਹਰ ਵਾਰ ਨਿਰਉੱਤਰ ਹੋਣਾ ਪਿਆ, ਇਸ ਦੇ ਬਾਵਜੂਦ ਕਹਿਣਾ ਕਿ ਪ੍ਰਸਤਾਵ ਲੈ ਕੇ ਆਉ, ਕੇਵਲ ਕੋਨਾ ਮਾਨੂੰ ਦੀ ਰੱਟ ਲਾਉਣ ਤੋਂ ਵੱਧ ਕੁੱਝ ਨਹੀਂ ਹੈ।
ਸਫਲ ਕਿਸਾਨ ਸੰਸਦ ਤੇ ਦਿਨੋ ਦਿਨ ਵਿਸ਼ਾਲ ਹੋ ਰਹੇ ਕਿਸਾਨ ਮੋਰਚੇ ਦੀ ਚੜ੍ਹਤ ਨੂੰ ਦੇਖ ਕੇ ਮੋਦੀ ਸਰਕਾਰ ਘਬਰਾਹਟ ਵਿੱਚ ਆ ਕੇ ਹੀ ਅਜਿਹੀ ਘਟੀਆ ਬਿਆਨਬਾਜੀ ਤੇ ਉੱਤਰ ਆਈ ਹੈ । ਇਸ ਤੋਂ ਵੱਧ ਹੋਰ ਸ਼ਰਮਨਾਕ ਨਹੀਂ ਹੋ ਸਕਦਾ ਕਿ 19 ਜੁਲਾਈ ਤੋਂ ਆਰੰਭ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਠੱਪ ਹੈ ਕਿਉਂਕਿ ਹੰਕਾਰੀ ਮੋਦੀ ਸਰਕਾਰ ਕਿਸਾਨ ਮੁੱਦੇ ਤੇ ਬਹਿਸ ਕਰਵਾਉਣ ਲਈ ਤਿਆਰ ਨਹੀਂ ਹੋਈ । ਜਦੋਂ ਕਿ ਵਿਰੋਧੀ ਧਿਰ ਦੇ ਅਨੇਕਾਂ ਪ੍ਰਸਤਾਵ ਦਿੱਤੇ ਹਨ ਜੋ ਰੱਦ ਕਰ ਦਿੱਤੇ ਗਏ ਹਨ। ਸਾਥੀ ਅਰਸ਼ੀ ਨੇ ਅੰਤ ਵਿੱਚ ਐਲਾਨ ਕੀਤਾ ਕਿ ਮੌਜੂਦਾ ਲੜਾਈ ਜਿੱਤਣ ਉਪਰੰਤ ਦੂਜੀ ਵੱਡੀ ਲੜਾਈ ਕਿਸਾਨਾਂ ਦੇ ਕਰਜਾ ਮੁਆਫੀ ਦੀ ਲੜੀ ਜਾਵੇਗੀ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ।