ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਨੂੰ ਲੈਕੇ ਵੱਡਾ ਖੁਲਾਸਾ, 35,220 ਮੀਟਰ ਖਰਾਬ
- ਪਿਛਲੇ ਕਈਂ ਸਾਲਾਂ ਤੋਂ ਨਗਰ ਨਿਗਮ ਨੂੰ ਲੱਗ ਰਿਹਾ ਕਰੋੜਾਂ ਦਾ ਚੂਨਾ: ਡਾ. ਐਸ.ਐਸ. ਆਹਲੂਵਾਲੀਆ
- ਬੀਜੇਪੀ ਲੋਕਾਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਤੋਂ ਜਾਣਬੁੱਝ ਕੇ ਰੋਕ ਰਹੀ: ਮੇਅਰ ਕੁਲਦੀਪ ਕੁਮਾਰ
- ਪਾਣੀ ਦੀ ਲੀਕੇਜ਼ ਅਤੇ ਖਰਾਬ ਮੀਟਰਾਂ ਨੂੰ ਠੀਕ ਕਰਕੇ ਨਗਰ ਨਿਗਮ ਨੂੰ ਆਵੇਗਾ ਕਰੋੜਾਂ ਰੁਪਇਆ
ਚੰਡੀਗੜ੍ਹ, 29 ਮਾਰਚ, 2024: ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਅੱਜ ਇੱਥੇ ਚੰਡੀਗੜ੍ਹ ਪੈ੍ਰਸੱ ਕਲੱਬ ਵਿੱਚ ਇੱਕ ਪੈ੍ਰਸੱ ਕਾਨਫਰੰਸ ਦੌਰਾਨ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਮੇਅਰ ਕੁਲਦੀਪ ਕੁਮਾਰ ਵਲੋਂ ਕਈਂ ਵੱਡੇ ਖੁਲਾਸੇ ਕੀਤੇ ਗਏ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ, ਆਪ ਕੌਂਸਲਰ ਯੋਗੇਸ਼ ਢੀਂਗਰਾ, ਪ੍ਰੇਮ ਲਤਾ ਅਤੇ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਗਾਬੀ, ਜਸਵੀਰ ਬੰਟੀ, ਤਰੁਣਾ ਮਹਿਤਾ ਵੀ ਮੌਜੂਦ ਰਹੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1479852492621662
ਡਾ. ਐਸ.ਐਸ. ਆਹਲੂਵਾਲੀਆ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਪਾਣੀ ਦੇ ਖਰਾਬ ਮੀਟਰਾਂ ਰਾਂਹੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਪਿਛਲੇ ਕਈਂ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੂੰ ਜਾਣਬੁੱਝ ਕੇ ਕਰੋੜਾਂ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਰਾਂਹੀ ਲਈ ਗਈ ਜਾਣਕਾਰੀ ਰਾਂਹੀ ਪਤਾ ਲੱਗਾ ਹੈ, ਕਿ ਚੰਡੀਗੜ੍ਹ ਵਿੱਚ ਕੁੱਲ 1,85,515 ਪੀਣ ਵਾਲੇ ਪਾਣੀ ਦੇ ਮੀਟਰ ਲੱਗੇ ਹੋਏ ਹਨ। ਇਨ੍ਹਾਂ ਵਿਚੋਂ 1,73398 ਮੀਟਰ ਰਿਹਾਇਸ਼ੀ ਘਰਾਂ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿਚੋਂ 35,220 ਮੀਟਰ ਖਰਾਬ ਹਨ, ਜੋ ਕੰਮ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਰਾਬ ਮੀਟਰਾਂ ਰਾਂਹੀ ਕਰੋੜਾਂ ਰੁਪਏ ਦਾ ਘਾਟਾ ਪਿਛਲੇ ਕਈਂ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਨੂੰ ਪੈ ਰਿਹਾ ਹੈ।
ਡਾ. ਆਹਲੂਵਾਲੀਆ ਨੇ ਬੀਜੇਪੀ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੂੰ ਬੀਜੇਪੀ ਨੇ ਪੂਰੀ ਤਰ੍ਹਾਂ ਨਾਲ ਫੇਲ ਕਰ ਦਿੱਤਾ ਹੈ। ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਅਫ਼ਸਰਾਂ ਨਾਲ ਮਿਲੀਭੁਗਤ ਕਰਕੇ ਨਗਰ ਨਿਗਮ ਨੂੰ ਜਾਣਬੁੱਝ ਕੇ ਘਾਟੇ ਵਿੱਚ ਪਹੁੰਚਾਇਆ ਹੈ। 35,220 ਮੀਟਰ ਖਰਾਬ ਹੋਣ ਦੇ ਬਾਵਜੂਦ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਇਹ ਇੱਕ ਵੱਡੀ ਸਾਜਿਸ਼ ਦਾ ਹਿੱਸਾ ਹੈ। ਜੇਕਰ ਇਨ੍ਹਾਂ ਮੀਟਰਾਂ ਨੂੰ ਸਹੀ ਸਮੇਂ ਤੇ ਠੀਕ ਕਰਵਾਇਆ ਹੁੰਦਾ ਤਾਂ ਅੱਜ ਨਗਰ ਨਿਗਮ ਘਾਟੇ ਵਿੱਚ ਨਾ ਹੁੰਦਾ।
ਉਨ੍ਹਾਂ ਅੱਗੇ ਕਿਹਾ ਕਿ ਆਰਟੀਆਈ ਰਾਂਹੀ ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਦੇ ਵਿੱਚ 50,359 ਅਜਿਹੇ ਮੀਟਰ ਹਨ, ਜਿਨ੍ਹਾਂ ਦੀ ਖਪਤ ਪ੍ਰਤੀ ਮਹੀਨਾ 20,000 ਲੀਟਰ ਤੋਂ ਘੱਟ ਹੈ। ਇਨ੍ਹਾਂ ਮੀਟਰਾਂ ਦਾ ਪ੍ਰਤੀ ਮਹੀਨਾ ਔਸਤਨ ਬਿਲ 39,65,771 ਰੁਪਏ ਬਣਦਾ ਹੈ। ਜਿਨ੍ਹਾਂ ਨੂੰ ਅਸਾਨੀ ਨਾਲ ਮੁਫਤ ਪਾਣੀ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਜੀ ਵਲੋਂ ਚੰਡੀਗੜ੍ਹ ਨਗਰ ਨਿਗਮ ਵਲੋਂ ਪਾਸ ਕੀਤੇ ਗਏ 20,000 ਲੀਟਰ ਮੁਫਤ ਪਾਣੀ ਦੇ ਏਜੰਡੇ ਨੂੰ ਇੱਕ ਦਮ ਤੋਂ ਬਿਨ੍ਹਾਂ ਸੋਚੇ ਸਮਝੇ ਰੱਦ ਕਰ ਦਿੱਤਾ ਗਿਆ ਸੀ। ਜੋ ਕਿ ਚੰਡੀਗੜ੍ਹ ਦੇ ਲੋਕਾਂ ਨਾਲ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਆਪਣੇ ਨੇਤਾਵਾਂ ਦੇ ਪ੍ਰੋਗਰਾਮਾਂ ਦੇ ਉਤੇ ਤਾਂ ਕਰੋੜਾਂ ਰੁਪਏ ਖਰਚ ਲਏ ਜਾਂਦੇ ਹਨ। ਪਰ ਚੰਡੀਗੜ੍ਹ ਵਾਸੀਆਂ ਦੇ ਲਈ 39,65,771 ਰੁਪਏ ਨਹੀਂ ਹਨ, ਜਿਸ ਨਾਲ ਚੰਡੀਗੜ੍ਹ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਹੋ ਰਹੀ ਪਾਣੀ ਦੀ ਲੀਕੇਜ਼ ਅਤੇ ਮੀਟਰਾਂ ਦੀ ਖਰਾਬੀ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਇਸ ਨਾਲ ਨਗਰ ਨਿਗਮ ਨੂੰ ਕਰੋੜਾਂ ਰੁਪਏ ਦੇ ਫਾਇਦਾ ਹੋਵੇਗਾ। ਜਿਸ ਨਾਲ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫਤ ਪਾਣੀ ਅਸਾਨੀ ਨਾਲ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਲੋਕ ਵਿਰੋਧੀ ਪਾਰਟੀ ਹੈ। ਜਿਸ ਦਾ ਉਦਾਹਰਣ ਸਮੇਂ–ਸਮੇਂ ਤੇ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਫਿਰ ਖੁਲਾਸਾ ਹੋਇਆ ਹੈ, ਕਿ ਸਾਲ 2019 ਦੇ ਵਿੱਚ ਬੀਜੇਪੀ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਵਲੋਂ ਚੰਡੀਗੜ੍ਹ ਵਾਸੀਆਂ ਤੇ ਵਾਧੂ ਬੋਝ ਪਾਉਣ ਦੇ ਲਈ ਨਗਰ ਨਿਗਮ ਵਿੱਚ ਪਾਣੀ ਦਾ ਬਿੱਲ ਵਧਾਉਣ ਦੇ ਲਈ ਲਿਆਏ ਗਏ ਏਜੰਡੇ ਦਾ ਸਮਰਥਨ ਕੀਤਾ ਗਿਆ ਸੀ। ਜਿਸ ਨਾਲ 2020 ਦੇ ਵਿੱਚ ਪਾਣੀ ਦਾ ਬਿੱਲ ਵਧਾ ਕੇ ਸ਼ਹਿਰ ਵਾਸੀਆਂ ਤੇ ਵਾਧੂ ਬੋਝ ਪਾਇਆ ਗਿਆ। ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਦੇ ਹੋਰ ਕਾਲੇ ਕਾਰਨਾਮਿਆਂ ਨੂੰ ਵੀ ਉਜਾਗਰ ਕੀਤਾ ਜਾਵੇਗਾ।
ਇਸ ਮੌਕੇ ਉਤੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਅੱਜ ਉਨ੍ਹਾਂ ਵਲੋਂ ਹੋਮ ਸੈਕਟਰੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਨ੍ਹਾ ਨੇ ਅਖਬਾਰਾਂ ਵਿੱਚ ਪੜਿਆ ਹੈ ਕਿ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ 5 ਫੀਸ਼ਦੀ ਬਿੱਲ ਵਧਾਏ ਜਾ ਰਹੇ ਹਨ, ਜਿਸ ਨਾਲ ਕਿ ਸ਼ਹਿਰ ਵਾਸੀਆਂ ਤੇ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ ਚੰਡੀਗੜ੍ਹ ਨਗਰ ਨਿਗਮ ਪਿਛਲੇ ਦਿਨੀ ਸ਼ਹਿਰੀ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਏਜੰਡਾ ਪਾਸ ਕਰ ਚੁੱਕਾ ਹੈ। ਇਸ ਕਰਕੇ ਸਾਨੂੰ ਸ਼ਹਿਰ ਵਾਸੀਆਂ ਤੇ 5 ਫੀਸ਼ਦੀ ਦੇ ਬਿੱਲ ਵਾਧੇ ਨੂੰ ਰੋਕ ਦੇਣਾ ਚਾਹੀਦਾ ਹੈ ਅਤੇ 20,000 ਲੀਟਰ ਮੁਫਤ ਪਾਣੀ ਦੇਣ ਲਈ ਅੱਗੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸ਼ਹਿਰ ਵਾਸੀਆਂ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਵਿੱਚ ਜਾਣ ਬੁੱਝ ਕੇ ਰੁਕਾਵਟਾਂ ਪਾ ਰਹੀ ਹੈ।