ਯਾਦਵਿੰਦਰ ਸਿੰਘ ਤੂਰ
ਅੰਮ੍ਰਿਤਸਰ, 17 ਨਵੰਬਰ 2020 - ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਮੰਗਲਵਾਰ ਨੂੰ ਆਪਣੀ ਸੌ ਸਾਲਾ ਸ਼ਤਾਬਦੀ ਮਨਾਈ। ਇੰਨ੍ਹਾਂ ਸਮਾਗਮਾਂ 'ਚ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸਿੱਖ ਸੰਪਰਦਾਵਾਂ, ਜਥੇਬੰਦੀਆਂ ਤੇ ਸਿਆਸੀ ਲੋਕਾਂ ਨੇ ਸੰਗਤ ਨੂੰ ਸੰਬੋਧਨ ਕੀਤਾ, ਉਥੇ ਹੀ ਇੰਨ੍ਹਾਂ ਸਾਰਿਆਂ 'ਚੋਂ ਹਰ ਵਾਰ ਦੀ ਤਰ੍ਹਾਂ ਅਕਾਲ ਤਖਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਭਾਸ਼ਣ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਬਣ ਗਿਆ। ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਖਾਂ ਨੂੰ ਇੱਕਮੁਠ ਰਹਿਣ ਦੀ ਅਪੀਲ ਕੀਤੀ। ਆਪਣੇ ਭਾਸ਼ਣ 'ਚ ਜਥੇਦਾਰ ਸਾਬ੍ਹ ਫੇਰ ਤੋਂ ਮੋਦੀ ਸਰਕਾਰ ਖਿਲਾਫ ਗਰਮ ਅਤੇ ਤਿੱਖਾ ਬੋਲਦੇ ਨਜ਼ਰ ਆਏ।
ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਸਿੱਖਾਂ ਵਿਚਲੀਆਂ ਕੁਝ ਜਥੇਬੰਦੀਆਂ ਤੇ ਸ਼ਖਸੀਅਤਾਂ 'ਤੇ ਨਿਸ਼ਾਨਾ ਸਾਧਿਆ, ਉਥੇ ਹੀ ਮੋਦੀ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਮੌਜੂਦਾ ਭਾਰਤ ਸਰਕਾਰ ਨੂੰ ਈ.ਵੀ.ਐਮ ਦੀ ਸਰਕਾਰ ਦੱਸਿਆ। ਜਥੇਦਾਰ ਨੇ ਕਿਹਾ ਕਿ "ਸਿੱਖਾਂ ਨੂੰ ਅੱਜ ਇਕੱਠੇ ਰਹਿਣ ਦੀ ਬੜੀ ਲੋੜ ਹੈ। ਮਾੜੀਆਂ ਤਾਕਤਾਂ ਅੱਜ ਆਪਣੇ ਆਪ 'ਚ ਇੱਕ ਵੱਖਰੀ ਸਟੇਟ ਨੂੰ ਤੋੜਨ ਦੇ ਯਤਨ ਕਰ ਰਹੀ ਹੈ।" ਭਾਵ ਕਿ ਐਸ.ਜੀ.ਪੀ.ਸੀ। ਜਥੇਦਾਰ ਨੇ ਕਿਹਾ ਕਿ ਐਸ.ਜੀ.ਪੀ.ਸੀ ਆਪਣੇ 'ਚ ਇੱਕ ਸਟੇਟ ਹੈ ਤੇ ਭਾਰਤ ਸਰਕਾਰ ਇਸਨੂੰ ਵੱਖ ਕਰਨਾ ਚਾਹੁੰਦੀ ਹੈ ਤਾਂ ਜੋ ਮੰਦਿਰਾਂ ਵਾਂਗ ਸਿੱਖਾਂ 'ਚ ਵੀ ਟਰੱਸਟ ਆਦਿ ਬਣਾਏ ਜਾ ਸਕਣ ਤੇ ਸਿੱਖਾਂ ਨੂੰ ਖੇਰੂੰ ਖੇਰੂੰ ਕੀਤਾ ਜਾਏ।
ਜਥੇਦਾਰ ਨੇ ਗਾਇਬ ਹੋਏ ਸਰੂਪਾਂ ਦੇ ਮਾਮਲੇ 'ਚ ਵਿਰੋਧ ਕਰ ਰਹੀਆਂ ਕੁਝ ਸਿੱਖ ਜਥੇਬੰਦੀਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਜਿੰਦਰੇ ਮਾਰਨੇ ਨੇ ਜਾਂ ਧਰਨੇ ਮਾਰਨੇ ਨੇ ਤਾਂ ਸਿਆਸੀ ਲੋਕਾਂ ਦੇ ਘਰਾਂ ਅੱਗੇ ਜਾ ਕੇ ਮਾਰਨ। ਉਨ੍ਹਾਂ ਉਥੇ ਹੀ ਪੰਜਾਬ ਦੇ ਪਿੰਡਾਂ 'ਚ ਬੈਠੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਅੱਗੇ ਤੋਂ ਐਸ.ਜੀ.ਪੀ.ਸੀ ਦੇ ਬੂਹਿਆਂ ਨੂੰ ਕੋਈ ਜਿੰਦੇ ਮਾਰੇ ਤਾਂ ਉਹ ਘਰਾਂ 'ਚ ਚੁੱਪ ਚਾਪ ਨਾ ਬੈਠੇ ਰਹਿਣ ਤੇ ਅਜਿਹੇ ਲੋਕਾਂ ਨੂੰ ਆ ਕੇ ਜਵਾਬ ਦੇਣ।
ਵੈਸੇ ਜਥੇਦਾਰ ਹਰ ਵਾਰ ਆਪਣੀ ਬੇਬਾਕੀ ਕਾਰਨ ਚਰਚਾ 'ਚ ਰਹਿੰਦੇ ਨੇ। ਉਨ੍ਹਾਂ 'ਤੇ ਇਹ ਇਲਜ਼ਾਮ ਵੀ ਲੱਗਦੇ ਆਏ ਨੇ ਕਿ ਉਹ ਬਾਦਲ ਪਰਿਵਾਰ ਦੀ ਸਿਖਾਈ ਬੋਲੀ ਬੋਲ ਰਹੇ ਨੇ। ਪਰ ਅੱਜ ਦਾ ਦਿੱਤਾ ਭਾਸ਼ਣ ਜਥੇਦਾਰ ਦੀ ਸਿੱਖੀ ਅਤੇ ਸਿੱਖਾਂ ਪ੍ਰਤੀ ਉਨ੍ਹਾਂ ਦੀ ਮਨਸ਼ਾ ਨੂੰ ਸਾਫ ਜ਼ਾਹਿਰ ਕਰਦਾ ਜਾਪ ਰਿਹਾ ਹੈ। ਬਾਕੀ ਹੋਰ ਕੀ ਕੀ ਕਿਹਾ ਹੈ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਤੇ ਅਖੌਤੀ ਲੋਕਾਂ ਬਾਰੇ? ਜਾਣਨ ਲਈ ਬਾਬੂਸ਼ਾਹੀ ਟਾਈਮਜ਼ ਦੁਆਰਾ ਕਵਰ ਕੀਤਾ ਲਾਈਵ ਭਾਸ਼ਣ ਦੇਖਣ ਲਈ ਹੇਠ ਲਿੰਕ 'ਤੇ ਜਰੂਰ ਕਲਿੱਕ ਕਰੋ:
">http://