ਜਿੱਤਣ ਤੋਂ ਬਾਅਦ ਜੀਵਨਜੋਤ ਕੌਰ ਪਹੁੰਚੇ ਆਪਣੇ ਆਫਿਸ ਚ ਲੋਕਾਂ ਵੱਲੋਂ ਕੀਤਾ ਗਿਆ ਭਰਵਾਂ ਸੁਆਗਤ
- ਕਿਹਾ ਇਕ ਚੰਗਾ ਐਮ ਐਲ ਏ ਬਣਨਾ ਚਾਹੁੰਦੀ ਹਾਂ ਪਾਰਟੀ ਜਿਹੜੀ ਜ਼ਿੰਮੇਵਾਰੀ ਸੌਂਪੇਗੀ ਉਸ ਨੂੰ ਨਿਭਾਵਾਂਗੀ ਤਨਦੇਹੀ ਨਾਲ
- ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਬਾਰੇ ਕਿਹਾ ਹਲਕੇ ਵਿਚ ਜਾ ਕੇ ਕਦੇ ਵੀ ਇਨ੍ਹਾਂ ਦੀ ਹੋਂਦ ਵੱਡੀ ਨਹੀਂ ਹੋਈ ਮਹਿਸੂਸ
- ਸਾਨੂੰ ਅਜਿਹਾ ਮਾਹੌਲ ਚਾਹੀਦਾ ਹੈ ਕਿ ਬੱਚੇ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ ਵਿਦੇਸ਼ਾਂ ਵਿੱਚ ਨਾ ਜਾਣ
ਅੰਮ੍ਰਿਤਸਰ, 12 ਮਾਰਚ 2022 - ਅੱਜ ਹਲਕਾ ਪੂਰਬੀ ਜੋ ਕਿ ਪੰਜਾਬ ਭਰ ਦੀ ਸਭ ਤੋਂ ਵਧੇਰੇ ਚਰਚਾ ਵਾਲੀ ਸੀਟ ਸੀ ਅਤੇ ਜਿੱਥੋਂ ਮਹਿਲਾ ਆਪ ਉਮੀਦਵਾਰ ਜੀਵਨਜੋਤ ਕੌਰ ਨੇ ਜਿੱਤ ਦਰਜ ਕੀਤੀ ਅਤੇ ਦੋ ਵੱਡੇ ਥੰਮ੍ਹ ਕਾਂਗਰਸ ਤੇ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੂੰ ਸ਼ਿਕਸਤ ਦਿੱਤੀ। ਅੱਜ ਜਿੱਤਣ ਤੋਂ ਬਾਅਦ ਪਹਿਲੀ ਵਾਰ ਜੀਵਨਜੋਤ ਕੌਰ ਆਪਣੇ ਸਮਰਥਕਾਂ ਵਿੱਚ ਪਹੁੰਚੇ। ਜਿੱਥੇ ਮਹਿਲਾਵਾਂ ਬੱਚੇ ਅਤੇ ਬਜ਼ੁਰਗਾਂ ਵੱਲੋਂ ਜੀਵਨਜੋਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ।
ਜਿੱਤਣ ਤੋਂ ਬਾਅਦ ਜੀਵਨਜੋਤ ਕੌਰ ਪਹੁੰਚੇ ਆਪਣੇ ਆਫਿਸ ਚ ਲੋਕਾਂ ਵੱਲੋਂ ਕੀਤਾ ਗਿਆ ਭਰਵਾਂ ਸੁਆਗਤ, ਵੀਡੀਓ ਵੀ ਦੇਖੋ....
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨਜੋਤ ਕੌਰ ਨੇ ਕਿਹਾ ਕਿ ਉਹ ਇਕ ਚੰਗਾ ਵਿਧਾਇਕ ਬਣਨਾ ਚਾਹੁੰਦੇ ਹਨ ਅਤੇ ਅਤੇ ਹਲਕੇ ਵਿੱਚ ਰਹਿ ਕੇ ਹਲਕੇ ਦੇ ਕੰਮ ਕਰਵਾਉਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੀ ਬੀਤੇ ਕੱਲ੍ਹ ਜਾਰੀ ਹੋਈ ਲਿਸਟ ਵਿਚ ਜੀਵਨਜੋਤ ਕੌਰ ਨੂੰ ਸਿੱਖਿਆ ਅਤੇ ਨਾਰੀ ਸਸ਼ਕਤੀਕਰਨ ਜਿਹੇ ਅਹੁਦੇ ਦਿੱਤੇ ਗਏ ਸਨ। ਹਾਲਾਂਕਿ ਇਸ ਲਿਸਟ ਨੂੰ ਹਰਪਾਲ ਚੀਮਾ ਵੱਲੋਂ ਜਾਅਲੀ ਕਰਾਰ ਦੇ ਦਿੱਤਾ ਗਿਆ ਸੀ। ਪਰ ਇਸ ਉੱਤੇ ਗੱਲ ਕਰਦੇ ਹੋਏ ਜੀਵਨਜੋਤ ਕੌਰ ਨੇ ਕਿਹਾ ਕਿ ਪਾਰਟੀ ਵੱਲੋਂ ਹਰ ਇਕ ਉਮੀਦਵਾਰ ਨੂੰ ਉਸ ਦੀ ਸਮਰੱਥਾ ਮੁਤਾਬਕ ਉਸ ਦਾ ਬਣਦਾ ਹੱਕ ਦੇ ਦਿੱਤਾ ਗਿਆ ਹੈ ਜੇਕਰ ਪਾਰਟੀ ਉਨ੍ਹਾਂ ਦੀ ਕੋਈ ਵੀ ਡਿਊਟੀ ਲਗਾਉਂਦੀ ਹੈ ਤਾਂ ਉਹ ਤਨਦੇਹੀ ਨਾਲ ਨਿਭਾਉਣਗੇ।
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਜਨੀਤਕ ਤੌਰ ਤੇ ਭਾਵੇਂ ਉਹ ਵੱਡੇ ਹਾਥੀ ਸਨ ਪਰ ਹਲਕੇ ਵਿਚ ਜਾ ਕੇ ਕਦੀ ਵੀ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਦੋ ਵੱਡੇ ਰਾਜਨੀਤਿਕ ਹਾਥੀਆਂ ਦੇ ਸਾਹਮਣੇ ਲੜਾਈ ਲੜ ਰਹੇ ਹਨ ਕਿਉਂਕਿ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਹ ਪੱਕਾ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਲੋਕਾਂ ਵੱਲੋਂ ਵੋਟ ਝਾੜੂ ਨੂੰ ਹੀ ਪਾਈ ਜਾਵੇਗੀ। ਉਨ੍ਹਾਂ ਨੇ ਜਿੱਥੇ ਵਿਸ਼ੇਸ਼ ਤੌਰ ਤੇ ਮਹਿਲਾ ਵੋਟਰਾਂ ਦਾ ਧੰਨਵਾਦ ਕੀਤਾ। ਉੱਥੇ ਹੀ ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਚੰਡੀਗੜ੍ਹ ਵਿਚ ਡੈਂਟਿਸਟ ਅਤੇ ਬੇਟਾ ਵੀ ਜੌਬ ਕਰਦਾ ਪਤੀ ਬਿਜ਼ਨੈੱਸਮੈਨ ਅਤੇ ਉਨ੍ਹਾਂ ਦੇ ਮਾਤਾ ਜੀ ਉਨ੍ਹਾਂ ਦੇ ਨਾਲ ਐੱਨਜੀਓ ਚਲਾਉਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਜੀ ਅਤੇ ਪਰਿਵਾਰ ਦੀ ਪਿਆਰ ਤੇ ਪ੍ਰੇਰਨਾ ਸਦਕਾ ਹੀ ਅੱਜ ਉਹ ਇੱਥੇ ਪਹੁੰਚ ਸਕੇ ਹਨ।
ਇਸ ਮੌਕੇ ਪੂਰਬੀ ਹਲਕੇ ਦੀਆਂ ਮਹਿਲਾਵਾਂ ਵੀ ਜੀਵਨਜੋਤ ਕੌਰ ਨੂੰ ਮਿਲਣ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਉੱਥੇ ਪਹੁੰਚੀਆਂ ਇਸ ਮੌਕੇ ਇੱਕ ਬੀਬੀ ਜਿਸ ਦੇ ਦੋਵੇਂ ਬੱਚੇ ਵਿਦੇਸ਼ ਗਏ ਹਨ ਅਤੇ ਉਸ ਦੇ ਪਤੀ ਵੀ ਇਸ ਜਹਾਨ ਵਿੱਚ ਨਹੀਂ ਹਨ ਨੇ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਤੋਂ ਇੱਕ ਹਜਾਰ ਰੁਪਿਆ ਵੀ ਨਹੀਂ ਚਾਹੀਦਾ ਬਲਕਿ ਹਲਕੇ ਦੇ ਵਿਚ ਨਸ਼ਾ ਅਤੇ ਬੇਰੁਜ਼ਗਾਰੀ ਨੂੰ ਖਤਮ ਕਰ ਕੇ ਵਧੀਆ ਸਿੱਖਿਆ ਅਤੇ ਸਿਹਤ ਸੇਵਾਵਾਂਦੇ ਨਾਲ ਨਾਲ ਵਧੀਆ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ ਜਿਸ ਦੇ ਨਾਲ ਬੱਚਿਆਂ ਨੂੰ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ ਵਿਦੇਸ਼ਾਂ ਵਿੱਚ ਰੁਜ਼ਗਾਰ ਭਾਲਣ ਲਈ ਨਾ ਜਾਣਾ ਪਵੇ।