ਤਰਨਤਾਰਨ: ਪਿੰਡ ਸਿਧਵਾਂ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਅੰਗ ਪਾੜ ਕੇ ਸੁੱਟੇ
ਬਲਜੀਤ ਸਿੰਘ, ਬਾਬੂਸ਼ਾਹੀ ਨੈਟਵਰਕ
ਤਰਨਤਾਰਨ, 19 ਅਕਤੂਬਰ 2022
: ਪੰਜਾਬ 'ਚ ਬੀਤੇ ਕੁਝ ਸਮੇਂ ਤੋਂ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਤਰਨਤਾਰਨ ਦੇ ਪਿੰਡ ਸਿਧਵਾਂ ਵਿਖੇ ਸਾਹਮਣੇ ਆਇਆ ਹੈ, ਜਿਥੇ ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਬਾਬਾ ਜੇਠਾ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੀ ਗਰਾਊਂਡ ਵਿਚ ਮਿਤੀ 14 ਅਤੇ 15 ਨੂੰ ਕਿਸੇ ਸ਼ਰਾਰਤੀ ਅਨਸਰ ਨੇ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਸੁੱਟ ਦਿੱਤਾ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਤਰਨਤਾਰਨ: ਪਿੰਡ ਸਿਧਵਾਂ 'ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ, ਅੰਗ ਪਾੜ ਕੇ ਸੁੱਟੇ (ਵੀਡੀਓ ਵੀ ਦੇਖੋ)
ਦੱਸ ਦੇਈਏ ਕਿ ਗਰਾਊਂਡ ਵਿੱਚ ਖੇਡ ਰਹੇ ਕੁਝ ਬੱਚਿਆਂ ਵੱਲੋਂ ਗੁਟਕਾ ਸਾਹਿਬ ਫਟੇ ਅੰਗਾਂ ਨੂੰ ਦੇਖ ਕੇ ਤੁਰੰਤ ਇਸ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਦਿੱਤੀ । ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਤੇ ਪ੍ਰਧਾਨ ਵੱਲੋਂ ਅਨਾਊਂਸਮੈਂਟ ਕੀਤੀ ਗਈ ਕਿ ਅਜਿਹੇ ਸ਼ਰਾਰਤੀ ਨੂੰ ਲੱਭਣ ਵਾਲੇ ਦਾ ਨਾਮ ਗੁਪਤ ਰੱਖ ਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ । ਜਿਸ ਤੋਂ ਬਾਅਦ ਉਪਰੋਕਤ ਸ਼ਰਾਰਤੀ ਅਨਸਰ ਵੱਲੋਂ ਅਗਲੇ ਦਿਨ ਗੁਰਦੁਆਰਾ ਸਾਹਿਬ ਦੇ ਗੋਬਰ ਗੈਸ ਨੇੜੇ ਲੱਗੇ ਦਰਵਾਜ਼ੇ ਨੂੰ ਪਾਰ ਕਰ ਕੇ ਫਟੇ ਹੋਏ ਗੁਟਕਾ ਸਾਹਿਬ ਨੂੰ ਭਾਂਡੇ ਧੋਣ ਵਾਲੀ ਜਗ੍ਹਾ ਤੇ ਰੱਖ ਕੇ ਆਪ ਫਰਾਰ ਹੋ ਜਾਂਦਾ ਹੈ । ਉਥੇ ਹੀ ਤੀਜੇ ਦਿਨ ਵਾਪਰੀ ਇਸ ਅਣਸੁਖਾਵੀਂ ਘਟਨਾ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੀ ਜਾਣਕਾਰੀ ਥਾਣਾ ਖਾਲੜਾ ਦੀ ਪੁਲਿਸ ਨੂੰ ਦਿੱਤੀ ਗਈ ।
ਇਸ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਪੁੱਜੇ ਸਤਿਕਾਰ ਕਮੇਟੀ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ਰਾਰਤੀ ਅਨਸਰ ਵੱਲੋਂ ਅਜਿਹਾ ਕਰਨ ਨਾਲ ਜਿੱਥੇ ਸਮੂਹ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ । ਇਸ ਮੌਕੇ ਭਾਈ ਰਣਜੀਤ ਸਿੰਘ ਉਧੋਕੇ ਨੇ ਡੀ.ਜੀ.ਪੀ ਪੰਜਾਬ ਅਤੇ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਪਾਸੋਂ ਮੰਗ ਕੀਤੀ ਕਿ ਉਪਰੋਕਤ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਲੱਭ ਕੇ ਬਣਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ । ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਵੀ ਦਿੱਤੀ ਕਿ ਜੇਕਰ ਪੁਲਸ ਵੱਲੋਂ ਇਸ ਸ਼ਰਾਰਤੀ ਅਨਸਰ ਨੂੰ ਜਲਦ ਹੀ ਨਾ ਲੱਭਿਆ ਗਿਆ ਤਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ । ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਹਾਲਾਂਕਿ ਖਾਲੜਾ ਪੁਲਸ ਵੱਲੋਂ ਇਸ ਸੰਬੰਧੀ ਧਾਰਾ 295 ਏ ਤਹਿਤ ਅਣਪਛਾਤਿਆ ਤੇ ਪਰਚਾ ਦਰਜ ਕਰ ਲਿਆ ਹੈ ਪ੍ਰੰਤੂ ਜਦ ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਥਾਣਾ ਖਾਲੜਾ ਵਿਖੇ ਪਹੁੰਚ ਕੀਤੀ ਗਈ ਤਾਂ ਉੱਥੇ ਕਿਸੇ ਵੀ ਪੁਲਸ ਅਧਿਕਾਰੀ ਨੇ ਪੱਖ ਨਹੀਂ ਦਿੱਤਾ ।