ਪਾਣੀ ਵਾਲੀ ਟੈਂਕੀ ਦੇ ਪਲਾਟ ਵਿੱਚ ਪੰਪ ਓਪਰੇਟਰ ਨੇ ਬੀਜੇ ਪੱਠੇ, ਵਿਭਾਗ ਵਲੋਂ ਕਾਰਵਾਈ ਦਾ ਹੁਕਮ
ਰਿਪੋਰਟ_ ਰੋਹਿਤ ਗੁਪਤਾ
ਗੁਰਦਾਸਪੁਰ, 15 ਜੁਲਾਈ 2022 - ਇਕ ਪਾਸੇ ਜਿੱਥੇ ਪੰਜਾਬ ਦੀ ਸੱਤਾ ਤੇ ਕਾਬਜ਼ ਆਪਣੀ ਪਾਰਟੀ ਦੀ ਸਰਕਾਰ ਵੱਲੋਂ ਸਿਸਟਮ ਵਿੱਚ ਸੁਧਾਰ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉੱਥੇ ਹੀ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਇਸ ਮੁਹਿੰਮ ਨੂੰ ਹੁੰਗਾਰਾ ਦੇਣ ਦੀ ਬਜਾਏ,ਸਿਸਟਮ ਵਿੱਚ ਵਿਗਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਵਿੱਚ ਕੁਝ ਸਰਕਾਰੀ ਮੁਲਾਜਮ ਵੀ ਸ਼ਾਮਲ ਹਨ,ਜਿਸ ਦੀ ਤਾਜ਼ਾ ਮਿਸਾਲ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਊਵਾਲ ਵਿਚ ਦੇਖਣ ਨੂੰ ਮਿਲੀ ਹੈ।ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਪੰਪ ਅਪਰੇਟਰ ਵੱਲੋਂ ਆਮ ਲੋਕਾਂ ਤੱਕ ਸਾਫ਼ ਪਾਣੀ ਪਹੁੰਚਾਉਣ ਲਈ ਲਾਈ ਗਈ ਪਾਣੀ ਵਾਲੀ ਟੈਂਕੀ ਵਾਲੇ ਪਲਾਟ ਚ ਫੁੱਲ ਬੂਟੇ ਅਤੇ ਰੁੱਖ ਲਾਉਣ ਦੀ ਬਜਾਏ ਪਸ਼ੂਆਂ ਦੇ ਚਾਰੇ ਬਿਜਾਈ ਕੀਤੀ ਹੋਈ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪਾਣੀ ਵਾਲੀ ਟੈਂਕੀ ਦੇ ਪਲਾਟ ਵਿੱਚ ਪੰਪ ਓਪਰੇਟਰ ਨੇ ਬੀਜੇ ਪੱਠੇ, ਵਿਭਾਗ ਵਲੋਂ ਕਾਰਵਾਈ ਦਾ ਹੁਕਮ (ਵੀਡੀਓ ਵੀ ਦੇਖੋ)
ਮੁਫ਼ਤ ਦੇ ਸਰਕਾਰੀ ਸਾਫ਼ ਪਾਣੀ ਨਾਲ ਬੀਜੇ ਹੋਏ ਚਾਰੇ ਦੀ ਸਿੰਚਾਈ ਵੀ ਕੀਤੀ ਜਾਂਦੀ ਹੈ।ਇਸ ਸਬੰਧੀ ਜਦੋਂ ਟੈਂਕੀ ਤੇ ਮੌਜੂਦ ਪੰਪ ਓਪਰੇਟਰ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਪਲਾਟ ਦੀ ਸਾਫ਼ ਸਫ਼ਾਈ ਵਾਸਤੇ ਹੀ ਚਾਰੇ ਦੀ ਬਿਜਾਈ ਕੀਤੀ ਗਈ ਹੈ ਅਤੇ ਜਲਦੀ ਹੀ ਇਸ ਚਾਰੇ ਦੀ ਕਟਾਈ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਫੁੱਲ ਬੂਟੇ ਲਾਏ ਜਾਣਗੇ।
ਉਥੇ ਹੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਐੱਸ.ਡੀ.ਓ.ਸ੍ਰੀ ਦਰਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦੇ ਵਿਭਾਗ ਦੇ ਜੇ ਈ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਵਿਭਾਗ ਵੱਲੋਂ ਆਪਣੀ ਕਾਰਵਾਈ ਕਰਦੇ ਹੋਏ ਪੰਪ ਅਪਰੇਟਰ ਕੋਲੋ ਜਵਾਬ ਮੰਗਿਆ ਗਿਆ ਹੈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।