ਪੁਲਿਸ ਦਾ ਥਰਡ ਡਿਗਰੀ ਟਾਰਚਰ, ਪਰਿਵਾਰ ਨੇ ਘੇਰਿਆ ਥਾਣਾ, ਤਿੰਨ ਮੁਲਾਜ਼ਮ ਸਸਪੈਂਡ
ਰੋਹਿਤ ਗੁਪਤਾ
ਗੁਰਦਾਸਪੁਰ, 16 ਜੁਲਾਈ 2022- ਪੰਜਾਬ ਪੁਲਿਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੀ ਹੈ। ਇਸ ਵਾਰ ਗੁਰਦਾਸਪੁਰ ਪੁਲਿਸ ਦੇ ਤਿੰਨ ਕਰਮਚਾਰੀਆਂ ਉੱਪਰ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਹਨਾਂ ਨਾਲ ਬੁਰੀ ਤਰਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲੱਗੇ ਹਨ। ਪੀੜਤ ਪਰਿਵਾਰਾਂ ਨੇ ਥਾਣਾ ਸਿਟੀ ਗੁਰਦਾਸਪੁਰ ਦੇ ਅੱਗੇ ਰੋਸ ਪ੍ਰਦਰਸਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤਰਾਂ ਉੱਪਰ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ, ਪਰ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਗੁਰਦਾਸਪੁਰ ਪੁਲਿਸ ਪਿੰਡ ਤੋ ਚੁੱਕ ਕੇ ਲੈ ਗਈ ਅਤੇ ਉਹਨਾਂ ਨਾਲ਼ ਥਾਣੇ ਵਿਚ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਅਤੇ ਇੱਕ ਲੜਕੇ ਦਾ ਕੰਨ ਤੋੜ ਦਿੱਤਾ ਅਤੇ ਦੂਸਰੇ ਦਾ ਹੱਥ ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਇਹਨਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੁਲਿਸ ਦਾ ਥਰਡ ਡਿਗਰੀ ਟਾਰਚਰ, ਪਰਿਵਾਰ ਨੇ ਘੇਰਿਆ ਥਾਣਾ, ਤਿੰਨ ਮੁਲਾਜ਼ਮ ਸਸਪੈਂਡ (ਵੀਡੀਓ ਵੀ ਦੇਖੋ)
ਦੱਸ ਦਈਏ ਕਿ ਦੇਰ ਰਾਤ ਤੱਕ ਕੋਈ ਗੱਲ ਸਿਰੇ ਨਹੀਂ ਚੜ੍ਹ ਸਕੀ ਜਦਕਿ ਮੌਕੇ ਤੇ ਐਸ ਪੀ ਨਵਜੋਤ ਸਿੰਘ ਅਤੇ ਡੀ ਐਸ ਪੀ ਸਿਟੀ ਰਿਪੂਤਪਨ ਸਿੰਘ ਵੀ ਪਹੁੰਚ ਚੁੱਕੇ ਸਨ। ਰਾਤ 11 ਵਜੇ ਦੇ ਕਰੀਬ ਪੁਲੀਸ ਅਧਿਕਾਰੀ ਤਾਂ ਚਲੇ ਗਏ ਪਰ ਧਰਨਾਕਾਰੀ ਉੱਥੇ ਦਰੀਆਂ ਵਿਛਾ ਕੇ ਬੈਠ ਗਏ। ਦੱਸ ਦਈਏ ਕਿ, ਦੇਰ ਰਾਤ ਪੁਲਿਸ ਅਧਿਕਾਰੀਆਂ ਤੋਂ ਮਿਲੇ ਭਰੋਸੇ ਮਗਰੋਂ ਧਰਨਾਕਾਰੀਆਂ ਦੇ ਵਲੋਂ ਧਰਨਾ ਚੁੱਕ ਲਿਆ ਗਿਆ, ਅਤੇ ਤਿੰਨ ਮੁਲਾਜ਼ਮ ਸਸਪੈਂਡ ਕਰਨ ਦੀ ਵੀ ਖ਼ਬਰ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਮੁਕੇਸ਼ ਮਹਾਜਨ ਦੇ ਪਿਤਾ ਰਾਕੇਸ਼ ਮਹਾਜਨ ਅਤੇ ਨੌਜਵਾਨ ਕੁਸ਼ਾਲ ਦੀ ਮਾਤਾ ਸ਼ੀਲਾ ਨੇ ਦੱਸਿਆ ਕਿ ਕੁਸ਼ਾਲ ਨੇ ਬੀਤੇ ਦਿਨ ਇੱਕ ਨਵਾਂ ਆਈ ਫ਼ੋਨ ਲਿਆ ਸੀ।ਉਹ ਫ਼ੋਨ ਲੈਣ ਦੀ ਖ਼ੁਸ਼ੀ ਵਿੱਚ ਆਪਣੇ ਇੱਕ ਹੋਰ ਦੋਸਤ ਦੇ ਘਰ ਪਿੰਡ ਹੱਲਾ ਵਿਖੇ ਪਾਰਟੀ ਦੇ ਰਿਹਾ ਸੀ। ਏਨੇ ਨੂੰ ਉੱਥੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਆ ਗਏ ਅਤੇ ਉਸ ਨੂੰ ਡੰਡਿਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਉਸ ਦੇ ਦੋਸਤ ਤਾਂ ਉੱਥੋਂ ਭੱਜ ਗਏ ਪਰ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ। ਕੁੱਝ ਦੇਰ ਬਾਅਦ ਹੀ ਮੁਕੇਸ਼ ਮਹਾਜਨ ਨੂੰ ਵੀ ਉਸ ਦੀ ਦੁਕਾਨ ਦੇ ਨੇੜਿਓ ਚੱਕ ਕੇ ਪੁਲਿਸ ਮੁਲਾਜ਼ਮ ਕਿਸੇ ਅਣਪਛਾਤੀ ਥਾਂ ਤੇ ਲੈ ਗਏ।
ਮੁਕੇਸ਼ ਮਹਾਜਨ ਅਨੁਸਾਰ ਇਸ ਦੌਰਾਨ ਉਸ ਦੀਆਂ ਅੱਖਾਂ ਤੇ ਕਾਲਾ ਪਰਨਾ ਬੰਨ੍ਹ ਦਿੱਤਾ ਗਿਆ ਸੀ। ਇੱਕ ਰਿਹਾਇਸ਼ੀ ਕਵਾਟਰ ਜਿਹੀ ਥਾਂ ਤੇ ਲੈ ਗਏ ਉੱਥੇ ਥਾਣਾ ਸਿਟੀ ਪੁਲਿਸ ਅਧਿਕਾਰੀ ਵੀ ਮੌਜੂਦ ਸੀ। ਪੁਲਿਸ ਅਧਿਕਾਰੀਆਂ ਨੇ ਉਸ ਨਾਲ ਬਿਨਾਂ ਕੁੱਝ ਪੁੱਛੇ ਬੁਰੀ ਤਰਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਸ ਦੇ ਹੱਥ, ਗਲੇ ਦੇ ਮਨਕੇ ਅਤੇ ਕੰਨ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਿਵਲ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਕੁੱਟਮਾਰ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਮਾਪਿਆਂ ਅਨੁਸਾਰ ਉਨ੍ਹਾਂ ਦੇ ਪੁੱਤਰਾਂ ਤੇ ਨਾ ਹੀ ਕੋਈ ਕੇਸ ਦਰਜ ਹੈ ਅਤੇ ਨਾ ਹੀ ਉਹ ਪੁਲੀਸ ਵੱਲੋਂ ਦੱਸੇ ਗਏ ਇਰਾਦਾ ਕਤਲ ਦੇ ਦੋਸ਼ੀਆਂ ਨਾਲ ਕੋਈ ਸਬੰਧ ਰੱਖਦੇ ਹਨ। ਉਹਨਾਂ ਨੂੰ ਬਿਲਕੁਲ ਨਜਾਇਜ਼ ਕੁੱਟਿਆ ਗਿਆ ਹੈ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।