ਪੰਜਾਬ ਦਾ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ: ਐਨ.ਕੇ. ਸ਼ਰਮਾ
- ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ ਮਲਕੀਤ ਸਿੰਘ ਮਲਕਪੁਰ
ਲਾਲੜੂ, 23 ਅਕਤੂਬਰ 2024: ਹਲਕਾ ਡੇਰਾਬੱਸੀ ਦੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਦਾਣਾ ਮੰਡੀ ਲਾਲੜੂ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ ਅਤੇ ਮੰਡੀਆਂ ਦੇ ਮਾੜੇ ਖਰੀਦ ਪ੍ਰਬੰਧਾਂ ਤੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 3 ਹਫਤੇ ਤੋਂ ਆਪਣੀ ਫਸਲ ਵੇਚਣ ਲਈ ਮੰਡੀਆਂ ਵਿਚ ਬੈਠੇ ਹਨ ਪਰ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ ਅਤੇ ਮੌਜੂਦਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਖਤਮ ਕਰਕੇ ਰੱਖ ਦਿੱਤਾ ਹੈ।
ਅੱਜ ਪੰਜਾਬ ਦਾ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਮੰਡੀ ਵਿੱਚ ਪੁੱਜੇ ਕਿਸਾਨਾਂ ਨੇ ਸ੍ਰੀ ਐਨ.ਕੇ.ਸ਼ਰਮਾ ਨੂੰ ਦੱਸਿਆ ਕਿ ਨਮੀ ਦੀ ਮਾਤਰਾ ਘੱਟ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਉਨ੍ਹਾਂ ਦੀ ਫਸਲ ਚੁੱਕਣ ਨੂੰ ਤਿਆਰ ਨਹੀਂ ਹੈ ਨਾ ਹੀ ਕੋਈ ਬਾਰਦਾਨੇ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਵਿਚ ਤਿਉਂਹਾਰ ਮਨਾ ਰਹੇ ਹਨ ਪਰ ਉਹ ਪਿਛਲੇ 3 ਹਫਤੇ ਤੋਂ ਮੰਡੀਆਂ ਵਿਚ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਸਰਕਾਰ ਨੇ ਕਿਸਾਨਾਂ ਨੂੰ ਆਪ ਹੀ ਪਹਿਲਾਂ ਪੀਆਰ 126 ਝੋਨਾ ਬੀਜਣ ਦੀ ਸਲਾਹ ਦਿੱਤੀ ਸੀ ਅਤੇ ਹੁਣ ਸਰਕਾਰ ਪੀਆਰ 126 ਨੂੰ ਚੁਕਣ ਲਈ ਤਿਆਰ ਨਹੀਂ ਹੈ। ਐਨ.ਕੇ.ਸ਼ਰਮਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਅਤੇ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾਂ ਲੜਾਈ ਲੜਦੀ ਰਹੀ ਹੈ।
ਉਨ੍ਹਾਂ ਕਿਹਾ ਸ:ਪ੍ਰਕਾਸ਼ ਸਿੰਘ ਬਾਦਲ ਫਸਲ ਤਿਆਰ ਹੋਣ ਤੋਂ 2 ਮਹੀਨੇ ਪਹਿਲਾਂ ਹੀ ਦਿੱਲੀ ਜਾ ਕੇ ਬੈਠ ਜਾਂਦੇ ਸਨ ਅਤੇ ਲਿਮਟ ਲੈ ਕੇ ਆਉਂਦੇ ਸਨ। ਇਸ ਤੋਂ ਇਲਾਵਾ ਟਰਾਂਸਪੋਰਟ ਅਤੇ ਬਾਰਦਾਨੇ ਦਾ ਇੰਤਜ਼ਾਮ ਪਹਿਲਾਂ ਹੀ ਕਰ ਲਿਆ ਜਾਂਦਾ ਸੀ ਅਤੇ ਫਸਲ ਵਿਕਣ ਦੇ ਨਾਲ ਦੀ ਕਿਸਾਨਾਂ ਨੂੰ ਪੈਸੇ ਦੀ ਅਦਾਇਗੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਧੱਕੇ ਦੇ ਖਿਲਾਫ ਅਕਾਲੀ ਦਲ ਰਾਜਪਾਲ ਪੰਜਾਬ ਨੂੰ ਵੀ ਮਿਲਣਗੇ, ਜੇਕਰ ਸਰਕਾਰ ਨੇ ਛੇਤੀ ਹੀ ਝੋਨੇ ਦੀ ਚੁਕਾਈ ਨਾ ਕੀਤੀ ਤਾਂ ਧਰਨੇ ਲਾਏ ਜਾਣਗੇ ਅਤੇ ਵੱਡੇ ਪੱਧਰ ਤੇ ਸੰਘਰਸ਼ ਅਰੰਭਿਆ ਜਾਵੇਗ ਤਾਂ ਕਿ ਸਰਕਾਰ ਵੱਲੋਂ ਕਿਸਾਨਾਂ ਦਾ ਜੋ ਨੁਕਸਾਨ ਕੀਤਾ ਜਾ ਰਿਹਾ ਹੈ ਉਸਨੂੰ ਬਚਾਇਆ ਜਾ ਸਕੇ। ਇਸ ਮੌਕੇ ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਰਾਣਾ, ਸੁਰਜੀਤ ਟਿਵਾਣਾ, ਸ਼ਿਵਦੇਵ ਕੁਰਲੀ, ਗੁਰਬਿੰਦਰ ਹਸ਼ਨਪੁਰ, ਰਘੁਬੀਰ ਜੁਨੇਜਾ, ਰੋਹਿਤ ਰਤਨ, ਹਰਦਮ ਜਾਸਤਨਾਂ, ਜਗਜੀਤ ਚਾਂਦਹੇੜੀ, ਬਿਕਰਮ ਸਿੰਘ ਸਰਜੀਣੀ, ਪਰਵਿੰਦਰ ਔਜਲਾ ਆਦਿ ਵੀ ਹਾਜ਼ਰ ਸਨ।