ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਰਾਘਵ ਚੱਢਾ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
- 3 ਕਰੋੜ ਪੰਜਾਬੀ ਖ਼ੁਦ ਰੱਖਣ ਸੰਸਦ ਵਿੱਚ ਆਪਣੀ ਗੱਲ, ਮੈਂ ਸਿਰਫ਼ ਜ਼ਰੀਆ ਬਣਾਂਗਾ: ਰਾਘਵ ਚੱਢਾ
- ਮੈਂ ਲੋਕਾਂ ਦੇ ਹਰ ਮਸਲੇ ਦਾ ਹੱਲ ਕਰਦਾ ਰਹਾਂਗਾ, ਉਹਨਾਂ ਦੇ ਹਰ ਸੁਝਾਅ ਨੂੰ ਆਪਣੇ ਏਜੰਡੇ ਵਿੱਚ ਸ਼ਾਮਲ ਕਰਾਂਗਾ: ਰਾਘਵ ਚੱਢਾ
ਚੰਡੀਗੜ੍ਹ, 7 ਅਗਸਤ 2022 - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਵਖਰੀ ਕਿਸਮ ਦੀ ਇੱਕ ਪਹਿਲ ਕਰਦਿਆਂ ਇੱਕ ਫੋਨ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਲੋਕ ਕਾਲ ਕਰਕੇ ਆਪਣੇ ਸੁਝਾਅ ਦੇ ਸਕਦੇ ਹਨ। ਨੰਬਰ 'ਤੇ ਫੋਨ ਕਰਕੇ ਲੋਕ ਰਾਘਵ ਚੱਢਾ ਨੂੰ ਦੱਸ ਸਕਦੇ ਹਨ ਕਿ ਉਹ ਕਿਹੜੇ ਮਸਲੇ ਨੂੰ ਸੰਸਦ 'ਚ ਪਹਿਲ ਦੇ ਅਧਾਰ 'ਤੇ ਉਠਾਉਣ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੰਜਾਬ ਦੇ ਮੁੱਦਿਆਂ 'ਤੇ ਸੁਝਾਅ ਦੇਣ ਲਈ ਰਾਘਵ ਚੱਢਾ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ (ਵੀਡੀਓ ਵੀ ਦੇਖੋ)
ਚੱਢਾ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਪ੍ਰਤੀ ਉਹਨਾਂ ਦੀ ਨਿਸ਼ਠਾ ਤੋਂ ਪ੍ਰੇਰਿਤ ਹਨ। ਇਸ ਲਈ ਉਹ ਇਹ ਨੰਬਰ 9910944444 ਜਾਰੀ ਕਰ ਰਹੇ ਹਨ ਜਿਸਤੇ ਕੋਈ ਵੀ ਵਿਅਕਤੀ ਕਾਲ ਕਰਕੇ ਆਪਣਾ ਸੁਝਾਅ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨੰਬਰ ਰਾਹੀਂ ਪੰਜਾਬ ਦੇ ਲੋਕ ਸੰਸਦ ਵਿੱਚ ਉਠਾਏ ਜਾਣ ਵਾਲੇ ਮੁੱਦਿਆਂ ਬਾਰੇ ਆਪਣੇ ਸੁਝਾਅ ਅਤੇ ਫੀਡਬੈਕ ਭੇਜ ਸਕਦੇ ਹਨ। ਲੋਕ ਇਸ ਨੰਬਰ 'ਤੇ ਵਟਸਐਪ ਰਾਹੀਂ ਵੀਡੀਓ ਜਾਂ ਦਸਤਾਵੇਜ਼ ਵੀ ਸ਼ੇਅਰ ਕਰ ਸਕਦੇ ਹਨ। ਰਾਘਵ ਚੱਢਾ ਨੇ ਕਿਹਾ, "ਇਸ ਕਦਮ ਨਾਲ ਪੰਜਾਬ ਦੇ ਲੋਕ ਰਾਜ ਸਭਾ ਵਿੱਚ ਆਪਣੀ ਆਵਾਜ਼ ਪਹੁੰਚਾ ਸਕਣਗੇ। ਮੈਂ ਸਿਰਫ ਉਸ ਆਵਾਜ਼ ਦਾ ਜਰਿਆ ਬਣਾਂਗਾ।"
ਰਾਘਵ ਚੱਢਾ ਨੇ ਕਿਹਾ, "ਇਸ ਪਹਿਲਕਦਮੀ ਦਾ ਉਦੇਸ਼ 3 ਕਰੋੜ ਲੋਕਾਂ ਤੋਂ ਸੁਝਾਅ ਲੈਣਾ ਅਤੇ ਉਹਨਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨਾ ਹੈ। ਇਸ ਰਾਹੀਂ ਲੋਕ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਉਨ੍ਹਾਂ ਦੇ ਮਸਲੇ ਹੱਲ ਕਰਨਾ ਜਾਰੀ ਰੱਖਾਂਗਾ ਅਤੇ ਇਸ ਨੰਬਰ 'ਤੇ ਮਿਲੇ ਹਰ ਸੁਝਾਅ ਨੂੰ ਆਪਣੇ ਏਜੰਡੇ ਵਿੱਚ ਸ਼ਾਮਿਲ ਕਰਾਂਗਾ।"
ਇਸ ਤੋਂ ਪਹਿਲਾਂ ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਦੇਸ਼ ਅੰਦਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਭਲਾਈ ਲਈ ਕਈ ਹੋਰ ਲੋਕ ਹਿੱਤ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।
ਚੱਢਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਂਦੇ ਰਹਿਣਗੇ ਅਤੇ ਪੂਰੀ ਤਨਦੇਹੀ ਨਾਲ ਸੰਸਦ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਗੇ।