ਪੰਜਾਬ ’ਚ ਤਬਦੀਲੀ ਦੀ ਲਹਿਰ ਸ਼ੁਰੂ ਹੋਈ: ਸੁਖਬੀਰ ਬਾਦਲ
ਅਸ਼ੋਕ ਵਰਮਾ
- ਕਿਹਾ ਕਿ ਪੰਜਾਬੀ ’ਝਾੜੂ’, ’ਖੂਨੀ ਪੰਜਾ’ ਅਤੇ ’ਕਮਲ ਦਾ ਫੁੱਲ’ ਸੂਬੇ ਵਿਚੋਂ ਪੁੱਟ ਕੇ ਸੁਟਣ ਲਈ ਤਿਆਰ
ਰਾਮਪੁਰਾ ਫੂਲ/ਮੌੜ, 29 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਪੰਜਾਬੀ ’ਝਾੜੂ’, ’ਖੂਨੀ ਪੰਜਾ’ ਅਤੇ ’ਕਮਲ ਦਾ ਫੁੱਲ’ ਸੂਬੇ ਵਿਚੋਂ ਪੁੱਟ ਕੇ ਸੁੱਟਣ ਲਈ ਤਿਆਰ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/3811205462538146
ਅਕਾਲੀ ਦਲ ਦੇ ਪ੍ਰਧਾਨ ਨੂੰ ਅੱਜ ਪੰਜਾਬ ਬਚਾਓ ਯਾਤਰਾ ਤਹਿਤ ਰਾਮਪੁਰਾ ਫੂਲ ਅਤੇ ਮੌੜ ਹਲਕਿਆਂ ਵਿਚ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ ਅਤੇ ਦੁਕਾਨਦਾਰਾਂ ਸਮੇਤ ਸਮਾਜ ਦੇ ਹਰ ਵਰਗ ਨੂੰ ਭਰਵਾਂ ਹੁੰਗਾਰਾ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਹਨਾਂ ਦੇ ਸਵਾਗਤ ਲਈ ਸੜਕਾਂ ’ਤੇ ਨਿਤਰ ਆਏ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਉਹਨਾਂ ਨਾਲ ਹੱਥ ਮਿਲਾਉਣ ਲਈ ਇਕ ਦੂਜੇ ਤੋਂ ਮੋਹਰੀ ਹੋ ਕੇ ਮਿਲਦੇ ਰਹੇ ਤੇ ਉਹਨਾਂ ਦੇ ਕਾਫਲੇ ਨਾਲ ਵੀ ਚਲਦੇ ਰਹੇ। ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਮੌੜ ਵਿਚ ਸਰਦਾਰ ਸਿਕੰਦਰ ਸਿੰਘ ਮਲੂਕਾ ਤੇ ਰਾਮਪੁਰਾ ਫੂਲ ਵਿਚ ਸਰਦਾਰ ਹਰਿੰਦਰ ਸਿੰਘ ਮਹਿਰਾਜ ਵੀ ਸਨ।
ਲੋਕਾਂ ਵੱਲੋਂ ਸੂਬੇ ਭਰ ਵਿਚ ਯਾਤਰਾ ਨੂੰ ਭਰਵਾਂ ਹੁੰਗਾਰਾ ਦੇਣ ’ਤੇ ਧੰਨਵਾਦ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁਕਾਬਲਾ ਪੰਜਾਬ ਦੀ ਫੌਜ ਅਕਾਲੀ ਦਲ ਅਤੇ ਦਿੱਲੀ ਆਧਾਰਿਤ ਪਾਰਟੀਆਂ ਵਿਚਾਲੇ ਹੋ ਗਿਆ ਹੈ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਲਈ ਡਟੇ ਰਹਿਣ। ਉਹਨਾਂ ਕਿਹਾ ਕਿ ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਫਿਰ ਭਵਿੱਖ ਦੀਆਂ ਪੀੜੀਆਂ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਦਹਾਕਿਆਂ ਪਿੱਛੇ ਲੈ ਗਏ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਕਰ ਕੇ ਕਿਸਾਨਾਂ ਨੂੰ ਮੂਰਖ ਬਣਾਇਆ। ਉਹਨਾਂ ਕਿਹਾ ਕਿ ਆਪ ਨੇ ਕੁਝ ਹੀ ਦਿਨਾਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਦੋ ਸਾਲਾਂ ਵਿਚ ਨਸ਼ੇ ਦਾ ਪਸਾਰ ਕਈ ਗੁਣਾ ਜ਼ਿਆਦਾ ਹੋ ਗਿਆ ਹੈ ਤੇ ਸੈਂਕੜੇ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰ ਰਹੇ ਹਨ।
ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਦੋ ਸਾਲਾਂ ਵਿਚ ਹੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਜਦੋਂ ਕਿ ਸੂਬੇ ਵਿਚ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਵਿਕਾਸ ਦੇ ਨਾਂ ’ਤੇ ਕੱਖ ਵੀ ਨਹੀਂ ਕੀਤਾ ਗਿਆ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਤੇ ਗਰੀਬਾਂ ਨੂੰ ਸਭ ਤੋਂ ਵੱਡੀ ਮਾਰ ਪਈ ਹੈ। ਉਹਨਾਂ ਕਿਹਾਕਿ ਇਸ ਸਰਕਾਰ ਨੇ ਨਾ ਸਿਰਫ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਟਾਲਾ ਵੱਟ ਲਿਆ ਹੈ ਬਲਕਿ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਇਸੇ ਤਰੀਕੇ ਗਰੀਬਾਂ ਨੂੰ ਆਟਾ ਦਾਲ ਤੇ ਸ਼ਗਨ ਸਕੀਮਾਂ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫੈਸਲਾਕੁੰਨ ਫਤਵਾ ਦੇਣ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹਿੱਤਾਂ ਤੇ ਤੁਹਾਡੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ। ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ। ਸਾਡੇ ਲਈ ਪੰਜਾਬ ਪਹਿਲਾਂ ਹੈ।
ਉਹਨਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਵਾਸਤੇ ਸੱਤਾ ਸਭ ਤੋਂ ਜ਼ਰੂਰੀ ਹੈ ਤੇ ਇਸੇ ਕਾਰਨ ਉਹ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਕਰ ਜਾਂਦੀਆਂ ਹਨ।
ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸਰਦਾਰ ਬਲਕਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਵੀ ਸਨ।