ਰਾਜਵੰਤ ਸਿੰਘ
- ਬੀਬਾ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਮਾਰਿਆ ਵੱਡਾ ਛੜੱਪਾ
- ਅਕਾਲੀ ਦਲ ਖੇਤੀ ਆਰਡੀਨੈਂਸਾਂ ਦਾ ਦੇ ਰਿਹੈ ਤਰਕ, ਜਨਤਾ ਦੇ ਅੰਦਾਜ਼ੇ ਮਹਿਜ਼ ਇੱਕ ਸਿਆਸੀ ਡਰਾਮਾ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ 2020 - ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ ਵਿਖੇ ਅਕਾਲੀ ਦਲ (ਬਾਦਲ) ਦੀ ਕੋਰ ਮੀਟਿੰਗ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਪਿਛਲੇ 24 ਸਾਲਾਂ ਤੋਂ ਚੱਲੀ ਆ ਰਹੀ ਸਾਂਝ ਨੂੰ ਤੋੜ ਦਿੱਤਾ ਗਿਆ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਹੁਣ ਲੋਕਾਂ ਅੱਗੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਂਨੈਂਸਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨਾਲ ਸੰਘਰਸ਼ ’ਚ ਕੁੱਦੇ ਬਾਦਲ ਪਰਿਵਾਰ ਨੇ ਭਾਵੇਂ ਮਾਮਲਾ ਵਿਗੜਦਾ ਵੇਖ ਵੱਡੇ ਫੈਸਲੇ ਕੀਤੇ ਹਨ, ਪਰ ਲੋਕਾਂ ਅੰਦਰ ਅਜੇ ਵੀ ਅਕਾਲੀ ਦਲ ਦੇ ਇਸ ਕਦਮ ਨੂੰ ਮਹਿਜ਼ ਇੱਕ ਸਿਆਸੀ ਡਰਾਮਾ ਹੀ ਦੱਸਿਆ ਜਾ ਰਿਹਾ ਹੈ। ਬਰਗਾੜੀ ਕਾਂਡ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਤੋਂ ਲਹੇ ਬਾਦਲ ਪਰਿਵਾਰ ਲਈ ਇਹ ਦੂਜੀ ਚੁਣੌਤੀ ਭਰੀ ਘੜੀ ਸੀ, ਜਿਸ ਕਰਕੇ ਬਾਦਲ ਪਰਿਵਾਰ ਨੇ ਹੁਣ ਭਾਜਪਾ ਨਾਲੋਂ ਗਠਜੋੜ ਤੋੜਣ ਦਾ ਫੈਸਲਾ ਕੀਤਾ ਹੈ। ਕਿਆਸਅਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਾਦਲ ਪਰਿਵਾਰ ਨੇ ਇਹ ਫੈਸਲੇ ਕੀਤੇ ਹਨ, ਜਦੋਂਕਿ ਬਾਪੂ ਬਾਦਲ ਸਮੇਤ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੱਲੋਂ ਇਸ ਪਿੱਛੇ ਸਿਰਫ਼ ’ਤੇ ਸਿਰਫ਼ ਖੇਤੀ ਆਰਡੀਨੈਂਸਾਂ ਦਾ ਹੀ ਤਰਕ ਦਿੱਤਾ ਜਾ ਰਿਹਾ ਹੈ।
ਕੇਂਦਰ ਵੱਲੋਂ ਅਕਾਲੀ ਦਲ ਦੀ ਸਾਖ਼ ਨੂੰ ਨਜ਼ਰਅੰਦਾਜ਼ ਕਰਨਾ ਵੀ ਹੋ ਸਕਦਾ ਵੱਡਾ ਕਾਰਨ
ਬਰਗਾੜੀ ਕਾਂਡ ’ਤੇ ਬਾਦਲ ਪਰਿਵਾਰ ਖ਼ਿਲਾਫ਼ ਪੁਖਤਾ ਸਬੂਤ ਪੇਸ਼ ਕਰਨ ਦਾ ਦਾਅਵਾ ਕਰਨ ਵਾਲੀ ਸਿਟ ਤੋਂ ਬਾਅਦ ਅਕਾਲੀ ਦਲ ਵੱਡੇ ਪੱਧਰ ’ਤੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਇਆ ਸੀ। ਭਾਵੇਂ ਅਕਾਲੀ ਦਲ ਇਸ ਦੋਸ਼ ਤੋਂ ਮੁਨਕਰ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਮਾਮਲੇ ’ਤੇ ਬਾਦਲ ਪਰਿਵਾਰ ਦੇ ਇਸ਼ਾਰੇ ਦਾ ਜ਼ਿਕਰ ਜਰੂਰ ਆਉਂਦਾ ਰਿਹਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਖ਼ਿਲਾਫ਼ ਪੰਜਾਬ ਭਰ ਅੰਦਰ ਵਿਰੋਧ ਜਾਰੀ ਹੈ, ਪਰ ਹਾਲੀਆਂ ਵਿੱਚ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਪਾਸ ਕਰਕੇ ਫ਼ਿਰ ਤੋਂ ਅਕਾਲੀ ਦਲ ਲਈ ਚਿੰਤਾ ਦੇ ਬੱਦਲ ਖੜ੍ਹੇ ਕਰ ਦਿੱਤੇ ਸਨ। ਖੇਤੀ ਆਰਡੀਂਨੈਂਸ ਇਸ ਸਮੇਂ ਵੱਡਾ ਮੁੱਦਾ ਹਨ, ਜਿਸ ਕਰਕੇ ਅਕਾਲੀ ਦਲ ਕੜਿੱਕੀ ’ਚ ਕੈਦ ਸਮਾਨ ਸੀ, ਕਿਉਂਕਿ ਜੇਕਰ ਅਕਾਲੀ ਦਲ ਕੇਂਦਰ ਸਰਕਾਰ ਦੀ ਬੋਲੀ ਬੋਲਦਾ ਤਾਂ 2022 ਵਿੱਚ ਅਕਾਲੀ ਦਲ ਦੀ ਰਾਹ ਹੋਰ ਵੀ ਚੁਣੌਤੀਪੂਰਨ ਤੇ ਮੁਸ਼ਕਿਲ ਹੋ ਸਕਦੀ ਸੀ, ਜਿਸ ਕਰਕੇ ਆਪਣੀ ਸਾਖ਼ ਬਚਾਉਣ ਤੇ ਵਿਧਾਨ ਸਭਾ ਚੋਣਾਂ ਵਿੱਚ ਫ਼ਿਰ ਤੋਂ ਸੱਤਾ ਦਾ ਸੁਪਨਾ ਵੇਖਦੇ ਹੋਏ ਅਕਾਲੀ ਦਲ ਨੇ ਭਾਜਪਾ ਨਾਲ ਨਹੂੰ ਮਾਸ ਵਾਲਾ ਰਿਸ਼ਤਾ ਤੋੜਣਾ ਹੀ ਬਿਹਤਰ ਸਮਝਿਆ।
1996 ’ਚ ਬਾਪੂ ਬਾਦਲ ਨੇ ਭਾਜਪਾ ਨਾਲ ਸ਼ੁਰੂ ਕੀਤਾ ਸੀ ਗਠਜੋੜ
ਅਕਾਲੀ ਦਲ-ਭਾਜਪਾ ਦਾ ਗਠਜੋੜ 1996 ਤੋਂ ਚੱਲਿਆ ਆ ਰਿਹਾ ਸੀ। ਉਸ ਸਮੇਂ ਦੇ ਭਾਜਪਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਬਿਨ੍ਹਾਂ ਸ਼ਰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ-ਭਾਜਪਾ ਦਾ ਗਠਜੋੜ ਸ਼ੁਰੂ ਕੀਤਾ ਸੀ, ਜੋ ਕਿ 24 ਸਾਲਾਂ ਤੋਂ ਲਗਾਤਾਰ ਚੱਲਿਆ ਆ ਰਿਹਾ ਸੀ। ਦੋਵਾਂ ਪਾਰਟੀਆਂ ਦਾ ਗਠਜੋੜ ਹਰ ਵਾਰ ਚੋਣਾਂ ਵਿੱਚ ਸਿਖਰਾਂ ’ਤੇ ਰਿਹਾ ਸੀ, ਜਿਸਦੀ ਬਦੌਲਤ ਅਕਾਲੀ ਦਲ ਕਈ ਵਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਵੀ ਰਹੀ ਹੈ, ਪਰ ਦਹਾਕਿਆਂ ਬਾਅਦ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਅੱਖੋ ਪਰੋਖਿਆਂ ਕਰਦਿਆਂ ਖੇਤੀ ਆਰਡੀਂਨੈਂਸਾਂ ਦਾ ਫੁਰਮਾਨ ਸੁਣਾ ਦਿੱਤਾ, ਜਿਸ ਕਰਕੇ ਅਕਾਲੀ ਦਲ ਖ਼ੁਦ ਨੂੰ ਚੁਫ਼ਰਿਓ ਘਿਰਿਆ ਸਮਝਣ ਲੱਗੀ ਤੇ ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨਾਲੋਂ ਨਾਤਾ ਹੀ ਤੋੜ ਦਿੱਤਾ ਹੈ। ਸਿਆਸੀ ਸਟੇਜਾਂ ’ਤੇ ਗਠਜੋੜ ਦੇ ਵੱਡੇ ਦਾਅਵੇ ਕਰਨ ਵਾਲੀਆਂ ਦੋਵੇਂ ਪਾਰਟੀਆਂ ਲਈ ਇਹ ਸਮਾਂ ਬੇਹੱਦ ਨਾਜ਼ੁਕ ਹੈ, ਕਿਉਂਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਸਮੇਂ ਇਸਦਾ ਨਤੀਜਾ ਦੋਵੇਂ ਪਾਰਟੀਆਂ ਨੂੰ ਆਪਣੇ-ਆਪਣੇ ਪੱਧਰ ’ਤੇ ਭੁਗਤਣਾ ਪੈ ਸਕਦਾ ਹੈ।
2022 ’ਚ ਅਕਾਲੀ-ਭਾਜਪਾ ਦਾ ਮੁਕਾਬਲਾ ਰਹੇਗਾ ਵਿਸ਼ੇਸ਼
2017 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਦਾ ਭਾਵੇਂ ਗਠਜੋੜ ਸੀ, ਪਰ ਸੱਤਾ ਕਾਂਗਰਸ ਦੇ ਪੱਲੇ ਪਈ। ਅਗਲੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਹੋਣ ਜਾ ਰਹੀਆਂ ਹਨ। ਇਸੇ ਵਿੱਚ ਜਿੱਥੇ ਇੱਕ ਪਾਸੇ ਬਰਗਾੜੀ ਕਾਂਡ ਤੇ ਦੂਜੇ ਭਾਜਪਾ ਨਾਲੋ ਨਾਤਾ ਟੁੱਟਣਾ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਉਥੇ ਹੀ ਅਕਾਲੀ ਦਲ ਲਈ ਹੁਣ ਦੋਹਰੀ ਸੰਕਟ ਦੀ ਘੜੀ ਹੋਵੇਗੀ, ਇੱਕ ਪਾਸੇ ਭਾਜਪਾ ਨਾਲੋਂ ਗਠਜੋੜ ਟੁੱਟਣਾ ਜਿੱਥੇ ਪੰਜਾਬ ਅੰਦਰ ਅਕਾਲੀ ਦਲ ਦੀ ਸਾਖ਼ ਨੂੰ ਬਿਹਤਰ ਬਣਾ ਗਿਆ ਹੈ, ਉਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਦੂਜੀਆਂ ਪਾਰਟੀਆਂ ਦੇ ਨਾਲ-ਨਾਲ ਭਾਜਪਾ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਸਮੇਂ ਗਠਜੋੜ ਦੇ ਨਾਅਰੇ ਹੇਠ ਦੋਵੇਂ ਪਾਰਟੀਆਂ ਨੇ ਖੂਬ ਰਾਜ ਕੀਤਾ ਸੀ, ਪਰ ਹੁਣ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਆਮ ਆਦਮੀ ਪਾਰਟੀ ਸਰਗਰਮ ਹੋਣਗੀਆਂ, ਉਥੇ ਹੀ ਅਕਾਲੀ ਤੇ ਭਾਜਪਾ ਪਾਰਟੀਆਂ ਇੱਕ ਦੂਜੇ ’ਤੇ ਨਿਸ਼ਾਨੇ ਸਾਧਣਗੀਆਂ।