- ਜਨਤਾ ਵੱਲੋਂ ਘੇਰਨ ਤੋਂ ਬਾਅਦ ਦੋ ਪ੍ਰੋਗਰਾਮ ਕੈਂਸਲ ਕਰ ਕੇ ਵਾਪਸ ਮੁੜੇ ਸੀਐਮ ਚੰਨੀ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 25 ਨਵੰਬਰ , ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਅੰਦਰ ਆਮਦ ਤੇ ਕਾਂਗਰਸੀ ਵਰਕਰਾਂ ਦਾ ਭਰਵਾਂ ਇਕੱਠ ਸੀ ਉਥੇ ਉਨ੍ਹਾਂ ਨੂੰ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ , ਪੱਕੇ ਕਰਨ ਦੀ ਮੰਗ ਕਰ ਰਹੇ ਐਨ ਐਚ ਐਮ ਕਾਮਿਆਂ , ਆਂਗਨਵਾੜੀ , ਆਸ਼ਾ ਵਰਕਰਾਂ , ਕਿਸਾਨਾਂ ਅਤੇ ਹੋਰ ਵਰਗਾਂ ਦਾ ਜ਼ੋਰਦਾਰ ਵਿਰੋਧ ਸਹਿਣ ਕਰਨਾ ਪਿਆ ।
ਵਿਰੋਧ ਇੰਨਾ ਜ਼ਬਰਦਸਤ ਸੀ ਕਿ ਮੁੱਖ ਮੰਤਰੀ ਪੰਜਾਬ ਨੂੰ ਦੋ ਪ੍ਰੋਗਰਾਮ ਵਿੱਚੇ ਛੱਡ ਕੇ ਵਾਪਸ ਜਾਣਾ ਪਿਆ ।
ਵਿਧਾਇਕ ਗੁਰੂ ਹਰਸਹਾਏ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਹਾਇਸ਼ ਰਾਜਗਡ਼੍ਹ ਅੰਦਰ ਹੀ ਜਦੋਂ ਸਟੇਜ ਉੱਪਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੋਲਣ ਲੱਗੇ ਤਾਂ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ।
ਇੱਥੇ ਨੌਜਵਾਨ ਕਾਂਗਰਸੀ ਵਰਕਰਾਂ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚ ਖਿੱਚ ਧੂਹ ਤਕ ਸਥਿਤੀ ਵਧ ਗਈ ।
ਇਸ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪੰਡਾਲ ਵਿੱਚੋਂ ਬਾਹਰ ਭੇਜ ਦਿੱਤਾ ।
ਸਟੇਜ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਬੇਰੁਜ਼ਗਾਰ ਨੌਜਵਾਨਾਂ ਅਤੇ ਥੋੜ੍ਹੀਆਂ ਤਨਖ਼ਾਹਾਂ ਤੇ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਦੇ ਹਜੂਮ ਨੇ ਮੁੱਖ ਮੰਤਰੀ ਦੀਆਂ ਗੱਡੀਆਂ ਨੂੰ ਘੇਰ ਲਿਆ ।
ਇਹ ਲੋਕ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਸਨ ।
ਪੁਲੀਸ ਅਧਿਕਾਰੀ ਅਤੇ ਕਰਮਚਾਰੀ ਚੱਲ ਰਹੀਆਂ ਸੀਐੱਮ ਸਕਿਉਰਿਟੀ ਦੀਆਂ ਗੱਡੀਆਂ ਦੇ ਸਾਹਮਣੇ ਆ ਰਹੇ ਨੌਜਵਾਨਾਂ ਨੂੰ ਧੂਹ ਧੂਹ ਕੇ ਪਾਸੇ ਕਰ ਰਹੇ ਸਨ ।
ਇਸ ਤੋਂ ਬਾਅਦ ਮੁੱਖ ਮੰਤਰੀ ਦਾ ਕਾਫ਼ਲਾ ਗੁਰੂ ਹਰਸਹਾਏ ਵਿਖੇ ਦੋ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਲਈ ਪੁੱਜਿਆ ਤਾਂ ਏਥੇ ਕਿਸਾਨਾਂ ਦੇ ਇੱਕ ਗਰੁੱਪ ਨੇ ਉਨ੍ਹਾਂ ਦਾ ਰਾਹ ਰੋਕ ਰਿਹਾ।
ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਰਾਣਾ ਸੋਢੀ ਦੀ ਰਿਹਾਇਸ਼ ਦੇ ਮੂਹਰੇ ਧਰਨਾ ਲਾ ਕੇ ਬੈਠ ਗਏ ।
ਬੜੀ ਮੁਸ਼ਕਲ ਦੇ ਨਾਲ ਪੁਲਸ ਵੱਲੋਂ ਮੁੱਖ ਮੰਤਰੀ ਦੀਆਂ ਗੱਡੀਆਂ ਨੂੰ ਰਾਜਗਡ਼੍ਹ ਕੋਠੀ ਦੇ ਅੰਦਰ ਭੇਜਿਆ ਗਿਆ ।
ਇੱਥੇ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਵੀ ਨਹੀਂ ਹੋ ਸਕੀ ।
ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਗੋਲੂ ਕਾ ਮੋਡ਼ ਵਿਖੇ ਬਣੇ ਗੇਟ ਦਾ ੳੁਦਘਾਟਨ ਕਰਨ ਲਈ ਜਾਣਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਡੇ ਧਾਰਮਿਕ ਸਥਾਨ ਡੇਰਾ ਭਜਨਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਣਾ ਸੀ ।
ਗੇਟ ਦੇ ਰੱਖੇ ਨੀਂਹ ਪੱਥਰ ਵਾਲੇ ਸਥਾਨ ਤੇ ਵੀ ਸੈਂਕੜੇ ਬੇਰੁਜ਼ਗਾਰ ਨੌਜਵਾਨ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ ।
ਇਨ੍ਹਾਂ ਬੇਰੁਜ਼ਗਾਰਾਂ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਉੱਪਰ ਧਰਨਾ ਦੇ ਕੇ ਆਵਾਜਾਈ ਨੂੰ ਠੱਪ ਕਰ ਦਿੱਤਾ ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਤੇ ਖਾਣਾ ਲਿਆ ਅਤੇ ਅੱਗੇ ਵਾਲੇ ਦੋਨੋਂ ਪ੍ਰੋਗਰਾਮ ਕੈਂਸਲ ਕਰਕੇ ਉਹ ਆਪਣਾ ਚੋਪਰ ਲੈ ਕੇ ਇੱਥੋਂ ਉੱਡ ਗਏ ।
ਦੇਖੋ ਵੀਡੀਓ......
https://www.facebook.com/BabushahiDotCom/videos/1036793896900630