ਵਾਤਾਵਰਣ ਬਚਾਉਣ ਦਾ ਹੋਕਾ ਦਿੰਦਿਆ ਦੂਜਾ ਨਗਰ ਕੀਰਤਨ ਪਿੰਡ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ (ਵੀਡੀਓ ਵੀ ਦੇਖੋ)
- ਵੱਡੀ ਸੰਖਿਆ ਵਿਚ ਸੰਗਤਾਂ ਨੇ ਭਰੀ ਹਾਜ਼ਰੀ ਤੇ ਗੁਰਬਾਣੀ ਦਾ ਗਾਇਨ ਕੀਤਾ
- ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹਨ:- ਸੰਤ ਸੀਚੇਵਾਲ
- ਹੱਥਾਂ ਵਿਚ ਤਖਤੀਆਂ ਫੜ੍ਹ ਵਿਿਦਆਰਥੀਆਂ ਨੇ ਦਿੱਤਾ ਵਾਤਾਵਰਣ ਬਚਾਉਣ ਦਾ ਹੋਕਾ
- ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਨੇ ਵੰਡਿਆ ਬੂਟਿਆਂ ਦਾ ਪ੍ਰਸ਼ਾਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 04 ਨਵੰਬਰ 2022 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਨਗਰ ਕੀਰਤਨ ਨਿਰਮਲ ਕੁਟੀਆ ਸੀਚੇਵਾਲ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਪ੍ਰਕਾਸ਼ ਪਵਿੱਤਰ ਕਾਲੀ ਵੇਈਂ ਨਿਰਮਲ ਕੁਟੀਆ ਪਹੁੰਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਇਹ ਨਗਰ ਕੀਰਤਨ ਸਵੇਰੇ ਨਿਰਮਲ ਕੁਟੀਆ ਸੀਚੇਵਾਲ ਤੋਂ ਆਰੰਭ ਹੋਇਆ। ਇਹ ਨਗਰ ਕੀਰਤਨ ਪਿੰਡ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੌਨੀ, ਝੱਲ ਲੇਈਵਾਲ, ਰਣਧੀਰਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵਾਤਾਵਰਣ ਬਚਾਉਣ ਦਾ ਹੋਕਾ ਦਿੰਦਿਆ ਦੂਜਾ ਨਗਰ ਕੀਰਤਨ ਪਿੰਡ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪਹੁੰਚਿਆ (ਵੀਡੀਓ ਵੀ ਦੇਖੋ)
ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕਰਨ ਲਈ ਸਵਾਗਤੀ ਗੇਟ ਤੇ ਲੰਗਰ ਲਗਾਏ ਗਏ ਸੀ। ਨਗਰ ਕੀਰਤਨ ਦੇ ਅੱਗੇ-ਅੱਗੇ ਗੱਤਕਾ ਖਿਡਾਰੀਆਂ ਵੱਲੋਂ ਗਤਕੇ ਦੇ ਜ਼ੋਹਰ ਦਿਖਾਏ ਜਾ ਰਹੇ ਸੀ ਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ਼ ਦੇ ਵਿਿਦਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੱਤਾ ਜਾ ਰਿਹਾ ਸੀ। ਇਸ ਨਗਰ ਕੀਰਤਨ ਵਿਚ ਸੰਤ ਲੀਡਰ ਸਿੰਘ ਸੈਫਲਾਬਾਦ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ ਆਦਿ ਮਹਾਂਪੁਰਸ਼ਾ ਤੇ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਬਾਬੇ ਨਾਨਕ ਦੀ ਬਾਣੀ ਨੂੰ ਸਮਰਪਿਤ ਇਸ ਨਗਰ ਕੀਰਤਨ ਵਿੱਚ ਖੂਬਸੂਰਤੀ ਇਹ ਰਹੀ ਕਿ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਸੰਖਿਆ ਵਿਚ ਗੁਰਸੰਗਤਾਂ ਨੇ ਹਿੱਸਾ ਲਿਆ ਉੱਥੇ ਹੀ ਨਗਰ ਕੀਰਤਨ ਦੇ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਵਿਚ ਗੁਬਾਣੀ ਦਾ ਗੁਨਗਾਨ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਨੂੰ ਬਚਾਉਣ ਲਈ ਤੇ ਹਵਾ, ਪਾਣੀ ਤੇ ਧਰਤੀ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੱਤਾ। ਸ਼ਬਦ ਰਾਹੀ ਉਹਨਾਂ ਦੱਸਿਆ ਕਿ ਸਾਡੇ ਕੋਲੋਂ ਏਸ ਵੇਲੇ ਸ਼ੁੱਧ ਹਵਾ ਪਾਣੀ ਤੇ ਖੁਰਾਕ ਤਿੰਨੋਂ ਹੀ ਨਹੀ ਹੈ। ਹਲਾਤ ਇਹ ਹੋ ਗਏ ਹਨ ਕਿ ਪ੍ਰਦੂਸ਼ਣ ਕਾਰਨ ਧੂੰਏ ਦੀ ਫੈਲੀ ਪਰਤ ਨਾਲ ਸੂਰਜ ਵੀ ਪ੍ਰਕਾਸ਼ ਕਰਨ ਤੋਂ ਅਸਮੱਰਥ ਹੈ। ਬੱਚੇ ਹੁਣ ਤੋਂ ਬੁੱਢੇ ਹੋ ਰਹੇ ਹਨ। ਕੋਵਿਡ 19 ਦੌਰਾਨ ਕਿੰਨੇ ਹੀ ਬੱਚੇ ਤੇ ਬਜ਼ੁਰਗ ਆਕਸੀਜਨ ਦੀ ਕਮੀ ਨਾਲ ਮਰ ਗਏ। ਉਹਨਾਂ ਫੈਕਟਰੀ ਚੋਂ ਨਿਕਲ ਰਹੇ ਧੂੰਏ ਤੇ ਪਰਾਲੀ ਨੂੰ ਅੱਗ ਲਗਾਉਂਦੇ ਕਿਸਾਨਾਂ ਬਾਰੇ ਕਿਹਾ ਕਿ ਉਹਨਾਂ ਦੀ ਕਰਨੀ ਦਾ ਭੁਗਤਾਨ ਕੁੱਲ ਲੋਕਾਈ ਨੂੰ ਚੁਕਾਉਣਾ ਪੈ ਰਿਹਾ ਹੈ। ਬੂਟਿਆਂ ਦਾ ਪ੍ਰਸ਼ਾਦ ਦਿੰਦਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਤੇ ਇਸਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਤੀਜਾ ਨਗਰ ਕੀਰਤਨ 08 ਨਵੰਬਰ 2022 ਨੂੰ ਅਤੇ ਚੌਥਾ ਨਗਰ ਕੀਰਤਨ 20 ਨਵੰਬਰ 2022 ਨੂੰ ਸਜਾਏ ਜਾਣਗੇ ਤੇ 07 ਨਵੰਬਰ ਨੂੰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਗੁਰਪੁਰਬ ਵਾਲੇ ਦਿਨ ਸੰਗਤਾਂ ਵੱਲੋਂ ਸ਼ਾਮ ਨੂੰ ਪਵਿੱਤਰ ਕਾਲੀ ਵੇਈਂ ਕਿਨਾਰੇ ਦੀਪਮਾਲਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 13 ਨਵੰਬਰ ਨੂੰ ਪਵਿੱਤਰ ਵੇਈਂ ਕਿਨਾਰੇ ਵਾਤਾਵਰਣ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵਿਸ਼ਵ ਤੋਂ ਮਾਹਿਰ ਤੇ ਵਿਦਵਾਨ ਸ਼ਾਮਿਲ ਹੋਣਗੇ।