ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਬਠਿੰਡਾ ਹਲਕੇ ਤੋਂ ਨਾਮਜਦਗੀ ਦਾਖਲ, ਵੀਡੀਓ ਵੀ ਦੇਖੋ
ਅਸ਼ੋਕ ਵਰਮਾ
ਬਠਿੰਡਾ,29ਜਨਵਰੀ2022:ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਹਲਕੇ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ । ਇਸ ਮੌਕੇ ਉਨ੍ਹਾਂ ਦੇ ਨਾਲ ਸਪੁੱਤਰ ਅਰਜਨ ਬਾਦਲ, ਸਪੁੱਤਰੀ ਰੀਆ ਬਾਦਲ,ਭਤੀਜੀ ਮਨੰਤ ਜੌਹਲ ਅਤੇ ਹੋਰ ਪਰਿਵਾਰਕ ਮੈਂਬਰ ਤੇ ਸੀਨੀਅਰ ਕਾਂਗਰਸ ਲੀਡਰ ਆਦਿ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਸ਼ਹਿਰ ਵਾਸੀਆਂ ਵੱਲੋਂ ਜੋ ਉਮੀਦ ਨਾਲ ਉਨ੍ਹਾਂ ਨੂੰ ਵੋਟਾਂ ਪਾਈਆਂ ਸੀ ਉਸ ਤੇ ਪੂਰੀ ਦਿਲੋਂ ਮਿਹਨਤ ਕੀਤੀ ਗਈ ਹੈ। ਬਠਿੰਡਾ ਨੂੰ ਤਰੱਕੀ ਵੱਲ ਲਿਜਾਣ ਲਈ ਹਰ ਯਤਨ ਕੀਤੇ ਗਏ ਹਨ ਪ੍ਰੰਤੂ ਉਨ੍ਹਾਂ ਵੱਲੋਂ ਦੋ ਕੰਮ ਬਠਿੰਡਾ ਦੇ ਬੱਸ ਸਟੈਂਡ ਨੂੰ ਨਵਾਂ ਬਣਾਉਣਾ ਅਤੇ ਕਚਰਾ ਪਲਾਂਟ ਨੂੰ ਬੰਦ ਕਰਵਾਉਣਾ ਪੂਰਾ ਨਹੀਂ ਹੋਇਆ ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/3159988204248056
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਚੋਣ ਜਿੱਤਣ ਦੇ ਨਾਲ ਦਿਲ ਜਿੱਤਣਾ ਵੀ ਰਿਹਾ ਹੈ ਜਿਸ ਲਈ ਉਨ੍ਹਾਂ ਹਮੇਸ਼ਾਂ ਕੋਸ਼ਿਸ਼ ਕੀਤੀ ਤੇ ਹਰ ਵਰਗ ਲਈ ਸਹੂਲਤ ਮੁਹੱਈਆ ਕਰਵਾਉਣ ਦੇ ਨਾਲ ਸਮੱਸਿਆਵਾਂ ਦਾ ਵੀ ਸਮੇਂ ਸਿਰ ਨਿਪਟਾਰਾ ਕੀਤਾ । ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਬਠਿੰਡਾ ਸ਼ਹਿਰ ਵਿੱਚ ਆਪ ਦੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰ ਬਾਗੀ ਕਾਂਗਰਸੀ ਹੋਣ ਕਰਕੇ ਨੁਕਸਾਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਪ ਕੋਲ ਆਮ ਆਦਮੀ ਨਹੀਂ ਬਲਕਿ ਦੂਜੀਆਂ ਪਾਰਟੀਆਂ ਦੇ ਲੀਡਰ ਹਨ ਜਿਨ੍ਹਾਂ ਨੂੰ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ ।
ਉਨ੍ਹਾਂ ਕਿਹਾ ਕਿ ਚਾਰ ਕੋਣਾ ਮੁਕਾਬਲਾ ਹੋਣ ਦਾ ਕਾਂਗਰਸ ਨੂੰ ਸਿੱਧਾ ਲਾਭ ਮਿਲੇਗਾ ,ਇਨ੍ਹਾਂ ਉਮੀਦਵਾਰਾਂ ਨਾਲ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਨੂੰ ਮੁੱਖ ਰੱਖ ਕੇ ਵੋਟ ਦਾ ਇਸਤੇਮਾਲ ਕਰਨ ਅਤੇ ਦੂਸਰੀ ਵਾਰ ਕੰਮ ਕਰਨ ਦਾ ਮੌਕਾ ਦੇਣ ਤਾਂ ਜੋ ਬਠਿੰਡਾ ਸ਼ਹਿਰ ਨੂੰ ਤਰੱਕੀ ਦੀ ਰਾਹ ਤੇ ਹੋਰ ਮਜਬੂਤ ਕੀਤਾ ਜਾ ਸਕੇ ।