ਦੀਪਕ ਗਰਗ
ਚੰਡੀਗੜ੍ਹ 19 ਜਨਵਰੀ 2022 - ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਕਿਸਾਨ ਮਾਡਲ ਪੇਸ਼ ਕੀਤਾ। ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਮਾਲ ਵਿੱਚ ਬਾਬਾ ਨਾਨਕ ਸਟੋਰ ਖੋਲ੍ਹੇ ਜਾਣਗੇ, ਜਿੱਥੇ ਪੰਜਾਬ ਦੇ ਨੌਜਵਾਨ ਕੰਮ ਕਰਨਗੇ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕੇਂਦਰ 'ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਫਸਲੀ ਬੀਮੇ ਦੇ ਨਾਂ 'ਤੇ ਕਿਸਾਨਾਂ ਦੀਆਂ ਜੇਬਾਂ 'ਚੋਂ ਪੈਸਾ ਕੱਢਿਆ ਗਿਆ ਹੈ। 2020-21 ਵਿੱਚ 30 ਹਜ਼ਾਰ 320 ਕਰੋੜ ਦੀ ਜਾਅਲਸਾਜ਼ੀ ਹੋਈ। ਕਰੋੜਾਂ ਦਾ ਮੁਨਾਫਾ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਾਇਆ ਗਿਆ।
ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਘੱਟੋ-ਘੱਟ ਸਮਰਥਨ ਮੁੱਲ ਸਿਰਫ ਕਣਕ ਅਤੇ ਝੋਨੇ 'ਤੇ ਹੀ ਮਿਲਦਾ ਹੈ। ਇਸ ਦੇ ਬਾਵਜੂਦ 5 ਫੀਸਦੀ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ 31.50 ਮਿਲੀਅਨ ਟਨ ਤੋਂ ਵੱਧ ਮੱਕੀ ਦੀ ਪੈਦਾਵਾਰ ਹੁੰਦੀ ਹੈ ਪਰ ਖਰੀਦ ਸਿਰਫ਼ 0.6 ਫੀਸਦੀ ਹੈ।
ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਖੁਦ ਐਮ.ਐਸ.ਪੀ. ਦੇਵੇਗੀ। ਅਸੀਂ ਕੇਂਦਰ ਦੇ ਸਾਹਮਣੇ ਨਹੀਂ ਖੜ੍ਹੇ ਹੋਵਾਂਗੇ। ਪੰਜਾਬ 'ਚ ਦਾਲਾਂ, ਤੇਲ ਬੀਜਾਂ ਅਤੇ ਮੱਕੀ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਦੇਸ਼ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਤੇਲ ਅਤੇ ਇੱਕ ਲੱਖ ਰੁਪਏ ਦੀਆਂ ਦਾਲਾਂ ਦੀ ਦਰਾਮਦ ਕੀਤੀ ਜਾਂਦੀ ਹੈ। ਅਸੀਂ ਇਨ੍ਹਾਂ ਨੂੰ ਪਨਸਪ ਅਤੇ ਮਾਰਕਫੈੱਡ ਰਾਹੀਂ ਖਰੀਦਾਂਗੇ ਅਤੇ ਫਿਰ ਅੱਗੇ ਵੇਚਾਂਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਮਾਰਕਿਟ ਇੰਟਰਵੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ। ਜੇਕਰ ਕਿਸਾਨ ਦੀ ਫ਼ਸਲ ਤੈਅ ਰੇਟ ਤੋਂ ਘੱਟ 'ਤੇ ਵਿਕਦੀ ਹੈ ਤਾਂ ਸਰਕਾਰ ਉਸ ਦਾ ਬਕਾਇਆ ਅਦਾ ਕਰੇਗੀ। ਕਿਸਾਨ ਨੂੰ ਫਸਲ ਵੇਅਰਹਾਊਸਿੰਗ ਕਾਰਪੋਰੇਸ਼ਨ ਵਿੱਚ ਰੱਖਣ ਦੀ ਆਜ਼ਾਦੀ ਮਿਲੇਗੀ। ਹਰ 5 ਤੋਂ 10 ਪਿੰਡਾਂ ਵਿੱਚ ਕੋਲਡ ਸਟੋਰ ਬਣਾਏ ਜਾਣਗੇ। ਇਸਦੀ ਸ਼ਕਤੀ ਕੇਂਦਰ ਦੇ ਐਕਟ ਵਾਂਗ ਨੌਕਰਸ਼ਾਹੀ ਦੇ ਹੱਥਾਂ ਵਿੱਚ ਨਹੀਂ ਹੋਵੇਗੀ।
ਨਵਜੋਤ ਸਿੱਧੂ ਨਾਲ ਪਹਿਲੀ ਵਾਰ ਹਾਈਕਮਾਂਡ ਦੇ ਆਗੂ ਰਣਦੀਪ ਸੁਰਜੇਵਾਲਾ ਵੀ ਨਜ਼ਰ ਆਏ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਆਮਦਨੀ ਨਾ ਹੋਈ ਦੁਗਣੀ, ਦਰਦ ਸੌ ਗੁਣਾ' ਪੁਸਤਕ ਵੀ ਲਾਂਚ ਕੀਤੀ।
ਵੀਡੀਓ: ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੁਰਜੇਵਾਲਾ ਪੇਸ਼ ਕਰ ਰਹੇ ਪੰਜਾਬ ਮਾਡਲ ਦਾ ਅਗਲਾ ਪਾਰਟ
https://www.facebook.com/BabushahiDotCom/videos/446763847078713