ਹਰਸਿਮਰਤ ਮੁਫ਼ਤ ਦੇ ਪ੍ਰਚਾਰ ਲਈ ਮੈਡੀਕਲ ਭਾਈਚਾਰੇ ਦੇ ਮਨੋਬਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ: ਸਿੱਧੂ
ਚੰਡੀਗੜ੍ਹ, 12 ਅਪ੍ਰੈਲ,2021: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤਿਕ ਤੌਰ `ਤੇ ਪ੍ਰੇਰਿਤ ਕਰਾਰ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰੋਸੇਯੋਗਤਾ ਅਤੇ ਪੰਜਾਬ ਦੇ ਲੋਕਾਂ ਦਾ ਸਮਰਥਨ ਗੁਆ ਦਿੱਤਾ ਹੈ ਅਤੇ ਹੁਣ ਬਾਦਲ ਮੁਫ਼ਤ ਦੇ ਪ੍ਰਚਾਰ ਲਈ ਮੈਡੀਕਲ ਭਾਈਚਾਰੇ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਭਾਰਤ ਸਰਕਾਰ ਦੁਆਰਾ ਜਾਰੀ ਕੀਤੀਆਂ ਗਈਆਂ ਐਡਵਾਇਜਰੀਜ਼ `ਤੇ ਕੰਮ ਕਰ ਰਹੀ ਹੈ ਅਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਮਿਲੀ ਇਸ ਫੀਡਬੈਕ ਦੀ ਵਰਤੋਂ ਕਰਕੇ ਸੂਬਾ ਸਰਕਾਰ ਯਕੀਨੀ ਤੌਰ `ਤੇ ਕੋਵਿਡ ਦੇ ਮਾਮਲਿਆਂ ਨੂੰ ਕਾਬੂ ਕਰਨ ਦੇ ਹੋਰ ਮਜ਼ਬੂਤ ਪ੍ਰਬੰਧ ਕਰੇਗੀ।
ਉਨ੍ਹਾਂ ਕਿਹਾ ਕਿ ਐਸ.ਏ.ਐਸ. ਨਗਰ ਵਿਖੇ ਸੰਪਰਕ ਟਰੇਸਿੰਗ ਸਭ ਤੋਂ ਵੱਧ ਕੀਤੀ ਜਾ ਰਹੀ ਹੈ ਜਦਕਿ ਹਰਸਿਮਰਤ ਵੱਲੋਂ ਇਸਨੂੰ ਰਾਜ ਵਿੱਚ ਸਭ ਤੋਂ ਘੱਟ ਕਿਹਾ ਗਿਆ ਹੈ ਅਤੇ ਪਟਿਆਲਾ ਵਿਖੇ ਕੋਵਿਡ-19 ਦੀ ਟੈਸਟਿੰਗ ਦਾ ਟੀਚਾ 105 ਫੀਸਦੀ ਹਾਸਲ ਕੀਤਾ ਹੈ ਜਦਕਿ ਇਸ ਬਾਰੇ ਵੀ ਸਾਬਕਾ ਕੇਂਦਰੀ ਮੰਤਰੀ ਨੇ ਇਸਨੂੰ ਸਭ ਤੋਂ ਘੱਟ ਕਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਸੰਪਰਕ ਟਰੇਸਿੰਗ ਪ੍ਰਤੀ ਮਾਮਲਾ 13, ਪਟਿਆਲਾ ਵਿੱਚ 14 ਅਤੇ ਐਸ.ਏ.ਐਸ. ਨਗਰ ਵਿੱਚ 23 ਹੈ ਜੋ ਕਿ ਸੂਬੇ ਵਿੱਚ ਸਭ ਤੋਂ ਜ਼ਿਆਦਾ ਹੈ।ਉਨ੍ਹਾਂ ਕਿਹਾ ਕਿ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀ ਮਦਦ ਨਾਲ ਸੰਪਰਕ ਟਰੇਸਿੰਗ ਨੂੰ ਹੋਰ ਵਧਾਇਆ ਜਾ ਰਿਹਾ ਹੈ। ਸੂਬੇ ਵਿੱਚ ਲੈਬਾਰਟਰੀਆਂ ਦੀ ਮੌਜੂਦਾ ਸਥਿਤੀ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਆਰ.ਟੀ.ਪੀ.ਸੀ.ਆਰ. ਲੈਬ ਦੀ ਹਰ ਜ਼ਿਲ੍ਹੇ ਵਿੱਚ ਲੋੜ ਨਹੀਂ ਹੁੰਦੀ। ਸਾਰੇ ਜ਼ਿਲ੍ਹਿਆਂ ਨੂੰ 7 ਆਰ.ਟੀ.ਪੀ.ਸੀ.ਆਰ. ਲੈਬਾਂ ਨਾਲ ਜੋੜਿਆ ਗਿਆ ਹੈ ਅਤੇ ਕਿਸੇ ਵੀ ਜ਼ਿਲ੍ਹੇ ਨੂੰ ਇੱਕ ਜਾਂ ਡੇਢ ਘੰਟੇ ਦਾ ਸਮਾਂ ਟੈਸਟਿੰਗ ਲੈਬ ਤੋਂ ਦੂਰ ਨਹੀਂ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ 35000-40000 ਟੈਸਟ ਕੀਤੇ ਜਾ ਰਹੇ ਹਨ ਜਿਸਨੂੰ ਇਸ ਹਫ਼ਤੇ ਵਿੱਚ ਹੀ 50000 ਤੱਕ ਕੀਤਾ ਜਾਵੇਗਾ। ਟੈਸਟਿੰਗ ਲਈ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਵਿੱਚ ਟਰੂਨਾਟ ਆਰ.ਟੀ.ਪੀ.ਸੀ.ਆਰ. ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਜਿਸਤੋਂ ਇੱਕ ਦੋ ਘੰਟੇ ਵਿੱਚ ਨਤੀਜਾ ਮਿਲ ਜਾਂਦਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਲੈਵਲ-3 ਸਿਹਤ ਸੰਭਾਲ ਸਬੰਧੀ ਕੀਤੇ ਪ੍ਰਬੰਧਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਲੈਵਲ-3 ਹਸਪਤਾਲ ਸਥਾਪਤ ਕਰਨ ਦੀ ਅਜੇ ਜ਼ਰੂਰਤ ਨਹੀਂ ਹੈ ਅਤੇ ਹਰ ਜ਼ਿਲ੍ਹੇ ਨੂੰ ਨੇੜਲੇ ਲੈਵਲ-3 ਹਸਪਤਾਲ ਨਾਲ ਜੋੜਿਆ ਗਿਆ ਹੈ ਅਤੇ ਮਰੀਜ਼ਾਂ ਨੂੰ ਸਮੇਂ `ਤੇ ਸੇਵਾਵਾਂ ਪਹੰੁਚਾਉਣ ਲਈ ਐਂਬੂਲੈਂਸਾਂ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ ਜਿਸ ਬਾਰੇ ਕੇਂਦਰੀ ਦੀਆਂ ਟੀਮਾਂ ਵੱਲੋਂ ਵੀ ਇਸਨੂੰ ਸਹੀ ਮੰਨਿਆ ਗਿਆ ਹੈ।
ਸਿੱਧੂ ਨੇ ਅੱਗੇ ਕਿਹਾ ਕਿ ਮੈਡੀਕਲ ਅਫ਼ਸਰਾਂ (ਸਪੈਸ਼ਲਿਸਟਾਂ), ਪੈਰਾ ਮੈਡੀਕਲ ਸਟਾਫ਼ ਆਦਿ ਸਮੇਤ 6000 ਦੇ ਲਗਭਗ ਮੁਲਾਜ਼ਮਾਂ ਦੀ ਭਰਤੀ ਸਿਰਫ਼ ਪਿਛਲੇ ਇੱਕ ਸਾਲ ਦੌਰਾਨ ਕੀਤੀ ਗਈ ਹੈ।ਸਪੈਸਲਿਸ਼ਟ ਮੈਡੀਕਲ ਡਾਕਟਰਾਂ ਦੀ ਭਰਤੀ ਵਾਕ ਇਨ ਇੰਟਰਵਿਊ ਦੁਆਰਾ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਪਿਛਲੇ ਹਫ਼ਤੇ ਹੀ 50 ਸਪੈਸਲਿਸ਼ਟਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ।ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ ਕੋਵਿਡ-19 ਦੇ ਪ੍ਰਬੰਧਨ ਲਈ ਆਪਣੇ ਪੱਧਰ `ਤੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕਰਨ ਲਈ ਵੀ ਅਧਿਕਾਰਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜ਼ਿਲ੍ਹਾ ਪੱਧਰ `ਤੇ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਵਿਭਾਗਾਂ ਤੋਂ ਵੀ ਮੁਲਾਜ਼ਮਾਂ ਦੀ ਤੈਨਾਤੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ 4000 ਦੇ ਕਰੀਬ ਲੈਵਲ-1 ਬਿਸਤਰੇ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 8000 ਦੇ ਕਰੀਬ ਬਿਸਤਰੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਕੇਵਲ 25 ਫੀਸਦੀ ਥਾਵਾਂ `ਤੇ ਹੀ ਲੈਵਲ-2 ਵਿੱਚ ਮਰੀਜ਼ ਭਰਤੀ ਹਨ ਅਤੇ ਲੈਵਲ-3 ਸਬੰਧੀ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮ ਵੱਲੋਂ ਇਹ ਰਿਪੋਰਟ ਕੀਤਾ ਗਿਆ ਹੈ ਹੈ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ `ਤੇ ਲਿਜਾਣ ਲਈ ਐਬੂਲੈਂਸਾਂ ਦਾ ਪੂਰਾ ਪ੍ਰਬੰਧ ਮੌਜੂਦ ਹੈ।