ਹੁਣ ਡਰੈਗਨ ਡੋਰ ਵੇਚਣ ਵਾਲੇ ਵਿਰੁਧ ਹੋਵੇਗਾ ਇਰਾਦਾ ਕਤਲ ਦਾ ਪਰਚਾ ਦਰਜ
ਪੁਲਿਸ ਨੇ ਇੱਕ ਵਪਾਰੀ ਨੂੰ 207 ਗੱਟੂ ਸਮੇਤ ਕੀਤਾ ਗ੍ਰਿਫ਼ਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 28 ਦਸੰਬਰ 2022 : ਪਤੰਗ ਬਾਜੀ ਦਾ ਸ਼ੌਂਕ ਪੰਜਾਬੀਆਂ ਖਾਸ ਕਰ ਪੰਜਾਬੀ ਬੱਚਿਆਂ ਦੇ ਸਿਰ ਚੜ੍ਹ ਬੋਲਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਡਰੈਗਨ ਡੋਰ ਜਿਸ ਨੂੰ ਖੂਨੀ ਡੋਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਪਤੰਗ ਬਾਜੀ ਦੇ ਮਜੇ ਨੂੰ ਬਿਗਾੜ ਦਿੱਤਾ ਹੈ। ਇਸ ਖੂਨੀ ਡੋਰ ਕਾਰਨ ਜਿੱਥੇ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਗੰਭੀਰ ਜਖ਼ਮੀ ਹੋ ਚੁੱਕੇ ਹਨ ਉਥੇ ਹੀ ਇਹ ਡੋਰ ਪੰਛੀਆਂ ਲਈ ਵੀ ਬੇਹੱਦ ਖਤਰਨਾਕ ਸਾਬਤ ਹੋਈ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਡੋਰ ਦੀ ਵਰਤੋਂ ਅਤੇ ਵਿਕਰੀ ਖਿਲਾਫ ਕਾਫੀ ਸਖਤ ਕਦਮ ਚੁੱਕੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਹੁਣ ਡਰੈਗਨ ਡੋਰ ਵੇਚਣ ਵਾਲੇ ਵਿਰੁਧ ਹੋਵੇਗਾ ਇਰਾਦਾ ਕਤਲ ਦਾ ਪਰਚਾ ਦਰਜ (ਵੀਡੀਓ ਵੀ ਦੇਖੋ)
ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਸ ਡੋਰ ਦੀ ਵਿਕਰੀ ਦੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਥੇ ਪਹਿਲੇ ਦਿਨ ਸ਼ਿਕਾਇਤ ਮਿਲਣ ਤੇ ਇਕ ਦੁਕਾਨਦਾਰ ਕੋਲੋਂ ਸਿੰਥੈਟਿਕ ਡੋਰ ਦੇ 5 ਗੱਟੂ ਬਰਾਮਦ ਕੀਤੇ ਗਏ ਉਥੇ ਹੀ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੇ ਇੱਕ ਦੁਕਾਨਦਾਰ ਦੇ ਖਿਲਾਫ ਦੇਰ ਸ਼ਾਮ ਕਾਰਵਾਈ ਕਰਦੇ ਹੋਏ ਉਸ ਕੋਲੋਂ ਛਾਪੇਮਾਰੀ ਦੌਰਾਨ 207 ਸਿੰਥੈਟਿਕ ਡੋਰ ਦੇ ਗੱਟੂ ਬਰਾਮਦ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ। ਦਰਅਸਲ ਇਕ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਗੀਤਾ ਭਵਨ ਰੋਡ ਸਥਿਤ ਇਕ ਦੁਕਾਨ ਤੇ ਭਾਰੀ ਪੁਲਿਸ ਫੋਰਸ ਨਾਲ ਰੇਡ ਕੀਤੀ ਗਈ ਸੀ। ਹਾਲਾਂ ਕਿ ਕਾਫੀ ਦੇਰ ਛਾਣਬੀਣ ਤੋਂ ਬਾਅਦ ਵੀ ਕੁੱਝ ਹੱਥ ਨਾ ਲੱਗਿਆ ਪਰ ਜਿਵੇਂ ਪੁਲਿਸ ਨੂੰ ਮਿਲੀ ਸੂਚਨਾ ਪੱਕੀ ਸੀ ਇਸ ਲਈ ਇਸ ਦੁਕਾਨਦਾਰ ਦੇ ਨੇੜੇ ਸਥਿਤ ਇਕ ਗੁਦਾਮ ਨੂੰ ਖੰਗਾਲਿਆ ਗਿਆ ਤਾਂ ਉਥੋਂ ਭਾਰੀ ਮਾਤਰਾ ਵਿਚ ਡਰੋਨ ਡੋਰ ਦੇ ਗੱਟੂ ਬਰਾਮਦ ਕਾਰ ਗੱਡੀ ਵਿੱਚ ਲੱਦ ਕੇ ਥਾਣੇ ਲੈ ਕੇ ਜਾਏ ਗਏ ਅਤੇ ਮੌਕੇ ਤੇ ਹੀ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਐੱਸ ਐੱਚ ਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਖੋਂਪਾ ਕਾਈਟ ਹਾਉਸ ਗੀਤਾ ਭਵਨ ਰੋਡ ਤੇ ਰੇਡ ਕੀਤੀ ਗਈ ਅਤੇ ਮੋਕੇ ਤੋ 207 ਸਿੰਥੈਟਿਕ ਡੋਰ ਦੇ ਗੱਟੂ ਸਮੇਤ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਗ੍ਰਿਫਤਾਰ ਕੀਤੇ ਗਏ ਦੁਕਾਨਦਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਨਾਲ ਮੀਟਿੰਗ ਕਰਕੇ ਦੁਕਾਨਦਾਰਾਂ ਨੂੰ ਇਸ ਡੋਰ ਦੀ ਵਿੱਕਰੀ ਨਾ ਕਰਨ ਦੀ ਹਿਦਾਇਤ ਦਿੱਤੀ ਜਾਵੇਗੀ ਅਤੇ ਮੀਟਿੰਗ ਤੋਂ ਬਾਅਦ ਜੇ ਕੋਈ ਦੁਕਾਨਦਾਰ ਸਿੰਥੈਟਿਕ ਡੋਰ ਵੇਚਦਾ ਫੜਿਆ ਜਾਂਦਾ ਹੈ ਤਾਂ ਉਸਦੇ ਖ਼ਿਲਾਫ਼ ਧਾਰਾ 307 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੂਨੀ ਡੋਰ ਦੀ ਵਿਕਰੀ ਦੀ ਰੋਕਥਾਮ ਲਈ ਪੁਲਿਸ ਦਾ ਸਹਿਯੋਗ ਕਰਨ ਅਤੇ ਇਸ ਦੇ ਖਿਲਾਫ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਤੇ ਖੂਨੀ ਡੋਰ ਵੇਚਣ ਵਾਲੇ ਦੀ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਖੂਨੀ ਡੋਰ ਵੇਚਣ ਵਾਲੇ ਦੀ ਸੂਚਨਾ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ।