41ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ: ਇੰਡੀਅਨ ਆਇਲ ਮੁੰਬਈ ਸੈਮੀਫਾਇਨਲ ਵਿੱਚ
- ਪੰਜਾਬ ਪੁਲਿਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦੀਆਂ ਟੀਮਾਂ ਬਰਾਬਰ ਰਹੀਆਂ
ਜਲੰਧਰ 23 ਅਕਤੂਬਰ 2024 - ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਨੇ ਭਾਰਤੀ ਏਅਰ ਫੋਰਸ ਨੂੰ ਸਖਤ ਮੁਕਾਬਲੇ ਮਗਰੋਂ 1-0 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਦੂਜੇ ਮੈਚ ਵਿੱਚ ਪੰਜਾਬ ਪਲਿਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦੀਆਂ ਟੀਮਾਂ 1-1 ਨਾਲ ਬਰਾਬਰ ਰਹੀਆਂ ਅਤੇ ਇਕ ਇਕ ਅੰਕ ਹਾਸਲ ਕੀਤਾ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਪੰਜਵੇਂ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ।
ਪਹਿਲਾ ਮੈਚ ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਭਾਰਤੀ ਏਅਰ ਫੋਰਸ ਦਰਮਿਆਨ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਤਿੰਨ ਕਵਾਰਟਰ ਬਿਨ੍ਹਾਂ ਕਿਸੇ ਗੋਲ ਦੇ ਬਰਾਬਰ ਰਹੇ। ਖੇਡ ਦੇ ਚੌਥੇ ਕਵਾਰਟਰ ਵਿੱਚ 53ਵੇਂ ਮਿੰਟ ਵਿੱਚ ਇੰਡੀਅਨ ਆਇਲ ਨੂੰ ਪੈਨਲਟੀ ਸਟਰੋਕ ਮਿਿਲਆ, ਜਿਸ ਨੂੰ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਗੋਲ ਵਿੱਚ ਬਦਲ ਕੇ ਜੇਤੂ ਗੋਲ ਕੀਤਾ। ਇੰਡੀਅਨ ਆਇਲ ਨੇ ਲੀਗ ਮੈਚਾਂ ਵਿੱਚ ਪਹਿਲਾਂ ਬੀਐਸਐਫ ਨੂੰ ਹਰਾਇਆ ਸੀ। ਲੀਗ ਦੌਰ ਵਿੱਚ ਦੋ ਮੈਚ ਜਿੱਤ ਕੇ 6 ਅੰਕ ਹਾਸਲ ਕਰਕੇ ਪੂਲ ਏ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਦੂਜੇ ਮੈਚ ਪੂਲ ਬੀ ਵਿੱਚ ਪੰਜਾਬ ਪੁਲਿਸ ਜਲੰਧਰ ਅਤੇ ਭਾਰਤ ਪੈਟਰੋਲੀਅਮ ਮੁੰਬਈ ਦਰਮਿਆਨ ਖੇਡਿਆ ਗਿਆ। ਖੇਡ ਦੇ ਪਹਿਲੇ ਦੋ ਕਵਾਰਟਰਾਂ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ 42ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਦੀਪਸਾਨ ਟਿਰਕੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਖੇਡ ਦੇ 45ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰੁਪਿੰਦਰਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕੀਤਾ। ਮੈਚ ਬਰਾਬਰ ਰਹਿਣ ਕਰਕੇ ਭਾਰਤ ਪੈਟਰੋਲੀਅਮ ਮੁੰਬਈ ਦੇ ਦੋ ਲੀਗ ਮੈਚਾਂ ਵਿੱਚ 2 ਅੰਕ ਹਨ ਕਿਉਂਕਿ ਭਾਰਤ ਪੈਟਰਲੀਅਮ ਦੇ ਦੋਵੇਂ ਮੈਚ ਬਰਾਬਰ ਰਹੇ ਹਨ। ਜਦਕਿ ਪੰਜਾਬ ਪੁਲਿਸ ਦੇ ਖਾਤੇ ਵਿੱਚ ਇਕ ਅੰਕ ਹੈ ਅਤੇ ਉਸ ਦਾ ਰੇਲ ਕੋਚ ਫੈਕਟਰੀ ਕਪੂਰਥਲਾ ਖਿਲਾਫ 30 ਮਿੰਟ ਦਾ ਮੈਚ ਬਾਕੀ ਹੈ ਜੋ ਕਿ ਬੀਤੇ ਦਿਨ ਫਲੱਡ ਲਾਇਟਾਂ ਦੀ ਤਕਨੀਕੀ ਖਰਾਬੀ ਕਾਰਨ ਬਾਕੀ ਰਹਿ ਗਿਆ ਸੀ,ਜੋ ਕਿ 24 ਅਕਤੂਬਰ ਨੂੰ ਖੇਡਿਆ ਜਾਵੇਗਾ, ਉਸ ਤੋਂ ਬਾਅਦ ਪੂਲ ਬੀ ਦੀ ਸਥਿਤੀ ਸਾਫ ਹੋਵੇਗੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਪਵਨ ਟੀਨੂੰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਤਰਲੋਕ ਸਿੰਘ ਭੁੱਲਰ (ਕੈਨੇਡਾ), ਰਣਬੀਰ ਸਿੰਘ ਰਾਣਾ ਟੁੱਟ, ਨੱਥਾ ਸਿੰਘ ਗਾਖਲ (ਗਾਖਲ ਗਰੁੱਪ), ਰਾਮ ਸਰਨ, ਦਲਜੀਤ ਸਿੰਘ ਆਈਆਰਐਸ, ਲਖਵਿੰਦਰ ਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਗੁਰਵਿੰਦਰ ਸਿੰਘ ਗੁੱਲੂ, ਇਕਬਾਲ ਸਿੰਘ ਸੰਧੂ, ਲਖਬੀਰ ਸਿੰਘ ਨਾਰਵੇ, ਉਲੰਪੀਅਨ ਰਜਿੰਦਰ ਸਿੰਘ, ਸੁਰਿੰਦਰ ਸਿੰਘ ਭਾਪਾ, ਗੁਰਚਰਨ ਸਿੰਘ ਚੰਨੀ, ਦੀਪਕ ਬਾਲੀ, ਵਰਿੰਦਰਪ੍ਰੀਤ ਸਿੰਘ, ਤੇਜਾ ਸਿੰਘ, ਨਿਿਤਸ਼ ਵਿੱਜ, ਰਾਜੀਵ ਵਰਮਾ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
24 ਅਕਤੂਬਰ ਦੇ ਮੈਚ
ਆਰਮੀ ਇਲੈਵਨ ਬਨਾਮ ਪੰਜਾਬ ਐਂਡ ਸਿੰਧ ਬੈਂਕ – 3-45 ਵਜੇ
ਭਾਰਤੀ ਰੇਲਵੇ ਬਨਾਮ ਕੈਗ ਦਿੱਲੀ – 5-30 ਵਜੇ